4 ਕਰੋੜ ਦੇ ਕਰਜ਼ੇ 'ਚ ਡੁੱਬੇ ਗੁਆਂਢੀ ਨੇ ਬਣਾਇਆ ਕਾਤਲ, ਫਲੈਟ 'ਚ ਵੜ ਕੇ ਔਰਤ ਦੀ ਹੱਤਿਆ; 21 ਤੋਲੇ ਸੋਨਾ ਲੁੱਟਿਆ
ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਕੋਈ ਅਣਪਛਾਤਾ ਹਮਲਾਵਰ ਫਲੈਟ 'ਚ ਦਾਖ਼ਲ ਹੋਇਆ ਅਤੇ ਉਸ ਨੇ ਅਨੀਤਾ ਦਾ ਮੂੰਹ ਬੰਦ ਕਰ ਦਿੱਤਾ। ਇੰਸਪੈਕਟਰ ਨੇ ਦੱਸਿਆ, 'ਉਸ ਦੇ ਸਿਰ 'ਤੇ ਲੋਹੇ ਦੇ ਇਕ ਬਕਸੇ ਨਾਲ ਵਾਰ ਕੀਤਾ ਗਿਆ ਸੀ। ਸਿਰ 'ਤੇ ਲੱਗੀ ਸੱਟ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣ ਨਾਲ ਉਸ ਦੀ ਮੌਤ ਹੋ ਗਈ।'
Publish Date: Fri, 13 Nov 2026 03:09 PM (IST)
Updated Date: Fri, 13 Nov 2026 03:11 PM (IST)
ਡਿਜੀਟਲ ਡੈਸਕ, ਹੈਦਰਾਬਾਦ: ਬੁੱਧਵਾਰ ਸ਼ਾਮ ਨੂੰ ਮੀਰਪੇਟ ਦੇ ਧਾਤੂ ਨਗਰ ਸਥਿਤ ਇਕ ਫਲੈਟ 'ਚ ਡਿਫੈਂਸ ਪੀਐੱਸਯੂ ਦੇ ਇਕ ਅਧਿਕਾਰੀ ਦੀ ਪਤਨੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਦੋਸ਼ 'ਚ 44 ਸਾਲਾ ਸਟਾਕ ਮਾਰਕੀਟ ਨਿਵੇਸ਼ਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਇਸ ਸਟਾਕ ਟ੍ਰੇਡਰ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਉਸੇ ਅਪਾਰਟਮੈਂਟ ਕੰਪਲੈਕਸ 'ਚ ਰਹਿੰਦਾ ਸੀ। ਪੁਲਿਸ ਨੇ ਉਸ ਕੋਲੋਂ ਪੀੜਤਾ ਦੇ ਫਲੈਟ 'ਚੋਂ ਚੋਰੀ ਕੀਤੇ ਗਹਿਣੇ ਵੀ ਬਰਾਮਦ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਆਰਥਿਕ ਤੰਗੀ ਦੂਰ ਕਰਨ ਲਈ ਇਸ ਅਪਰਾਧ ਨੂੰ ਅੰਜਾਮ ਦਿੱਤਾ।
ਕਿਵੇਂ ਹੋਇਆ ਮਾਮਲੇ ਦਾ ਖ਼ੁਲਾਸਾ?
ਮ੍ਰਿਤਕ ਔਰਤ ਦੀ ਪਛਾਣ 34 ਸਾਲਾ ਅਨੀਤਾ ਅਰੁਣ ਕੁਮਾਰ ਵਜੋਂ ਹੋਈ ਹੈ। ਉਹ ਮਿਸ਼ਰ ਧਾਤੂ ਨਿਗਮ ਲਿਮਟਿਡ (MIDHANI) ਦੇ ਡਿਪਟੀ ਜਨਰਲ ਮੈਨੇਜਰ ਅਰੁਣ ਕੁਮਾਰ ਵੇਣੂਗੋਪਾਲ ਦੀ ਪਤਨੀ ਸੀ।
ਮੀਰਪੇਟ ਪੁਲਿਸ ਮੁਤਾਬਕ, ਅਰੁਣ ਹਰ ਸਵੇਰ ਆਪਣੇ ਦੋਵਾਂ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਸਨ, ਜਦਕਿ ਸ਼ਾਮ ਨੂੰ ਅਨੀਤਾ ਉਨ੍ਹਾਂ ਨੂੰ ਵਾਪਸ ਘਰ ਲੈ ਕੇ ਆਉਂਦੀ ਸੀ। ਬੁੱਧਵਾਰ ਸਵੇਰੇ ਕਰੀਬ 8:20 ਵਜੇ ਅਰੁਣ ਆਪਣੇ ਦੋਵਾਂ ਬੱਚਿਆਂ (ਇਕ 11 ਸਾਲ ਅਤੇ ਦੂਜਾ 8 ਸਾਲ) ਨੂੰ ਸਕੂਲ ਛੱਡਣ ਗਏ ਸਨ। ਸ਼ਾਮ ਨੂੰ ਜਦੋਂ ਅਨੀਤਾ ਬੱਚਿਆਂ ਨੂੰ ਲੈਣ ਸਕੂਲ ਨਹੀਂ ਪਹੁੰਚੀ ਤਾਂ ਬੱਚੇ ਖ਼ੁਦ ਹੀ ਘਰ ਆ ਗਏ।
ਬੱਚਿਆਂ ਨੇ ਪਿਤਾ ਨੂੰ ਫੋਨ ਕਰ ਕੇ ਦਿੱਤੀ ਜਾਣਕਾਰੀ
ਮੀਰਪੇਟ ਦੇ ਇੰਸਪੈਕਟਰ ਬੀ. ਸ਼ੋਭਨ ਨੇ ਦੱਸਿਆ, "ਬੱਚਿਆਂ ਨੇ ਅਨੀਤਾ ਨੂੰ ਬੈੱਡਰੂਮ ਦੇ ਫਰਸ਼ 'ਤੇ ਖ਼ੂਨ ਨਾਲ ਲੱਥਪੱਥ ਹਾਲਤ 'ਚ ਪਿਆ ਦੇਖਿਆ। ਉਨ੍ਹਾਂ ਨੇ ਅਨੀਤਾ ਦੇ ਫੋਨ ਤੋਂ ਅਰੁਣ ਨੂੰ ਕਾਲ ਕੀਤੀ। ਅਰੁਣ ਤੁਰੰਤ ਫਲੈਟ ਪਹੁੰਚੇ ਅਤੇ ਅਨੀਤਾ ਨੂੰ ਐਂਬੂਲੈਂਸ ਰਾਹੀਂ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।" ਪੁਲਿਸ ਵੀ ਘਟਨਾ ਸਥਾਨ 'ਤੇ ਪਹੁੰਚ ਗਈ।
ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਕੋਈ ਅਣਪਛਾਤਾ ਹਮਲਾਵਰ ਫਲੈਟ 'ਚ ਦਾਖ਼ਲ ਹੋਇਆ ਅਤੇ ਉਸ ਨੇ ਅਨੀਤਾ ਦਾ ਮੂੰਹ ਬੰਦ ਕਰ ਦਿੱਤਾ। ਇੰਸਪੈਕਟਰ ਨੇ ਦੱਸਿਆ, 'ਉਸ ਦੇ ਸਿਰ 'ਤੇ ਲੋਹੇ ਦੇ ਇਕ ਬਕਸੇ ਨਾਲ ਵਾਰ ਕੀਤਾ ਗਿਆ ਸੀ। ਸਿਰ 'ਤੇ ਲੱਗੀ ਸੱਟ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣ ਨਾਲ ਉਸ ਦੀ ਮੌਤ ਹੋ ਗਈ।'
ਹੱਤਿਆ ਤੋਂ ਬਾਅਦ ਕੀਤੀ ਲੁੱਟਮਾਰ
ਪੁਲਿਸ ਨੇ ਅੱਗੇ ਦੱਸਿਆ ਕਿ ਬਕਸੇ ਨਾਲ ਵਾਰ ਕਰਨ ਤੋਂ ਬਾਅਦ ਹਮਲਾਵਰ ਨੇ ਉਸੇ ਬਕਸੇ ਦੀ ਤਾਰ ਨਾਲ ਅਨੀਤਾ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ। ਹਮਲਾਵਰ ਫਲੈਟ 'ਚੋਂ 21 ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕਰਕੇ ਲੈ ਗਿਆ। ਇਨ੍ਹਾਂ 'ਚ ਸੋਨੇ ਦੀਆਂ ਚੂੜੀਆਂ, ਇਕ ਅੰਗੂਠੀ ਅਤੇ ਇਕ ਚੇਨ ਸ਼ਾਮਲ ਹਨ।
ਪੁਲਿਸ ਨੇ ਅਪਾਰਟਮੈਂਟ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਉਨ੍ਹਾਂ ਨੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕੀਤੀ ਅਤੇ 44 ਸਾਲਾ ਸਟਾਕ ਮਾਰਕੀਟ ਨਿਵੇਸ਼ਕ ਰਾਜ ਕੁਮਾਰ 'ਤੇ ਸ਼ੱਕ ਜਤਾਇਆ। ਉਹ ਉਸੇ ਅਪਾਰਟਮੈਂਟ 'ਚ ਪੀੜਤਾ ਦੇ ਫਲੈਟ ਦੇ ਬਿਲਕੁਲ ਉੱਪਰ ਰਹਿੰਦਾ ਸੀ।
ਮੁਲਜ਼ਮ 'ਤੇ ਸੀ 4 ਕਰੋੜ ਰੁਪਏ ਦਾ ਕਰਜ਼ਾ
ਇੰਸਪੈਕਟਰ ਨੇ ਦੱਸਿਆ, 'ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਾਰਨ ਹੋਏ ਨੁਕਸਾਨ ਦੀ ਵਜ੍ਹਾ ਨਾਲ ਰਾਜ ਕੁਮਾਰ 'ਤੇ 4 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਸੀ। ਆਪਣੀ ਆਰਥਿਕ ਹਾਲਤ ਨੂੰ ਦੇਖਦਿਆਂ ਉਸ ਨੇ ਪੀੜਤਾ ਦੀ ਹੱਤਿਆ ਕਰਕੇ ਲੁੱਟਮਾਰ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਉਸ ਨੂੰ ਪਤਾ ਸੀ ਕਿ ਪੀੜਤਾ ਫਲੈਟ 'ਚ ਇਕੱਲੀ ਹੋਵੇਗੀ। ਘਟਨਾ ਸਮੇਂ ਮੁਲਜ਼ਮ ਦੇ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਨਹੀਂ ਸਨ। ਅਸੀਂ ਉਸ ਕੋਲੋਂ ਲੁੱਟਿਆ ਹੋਇਆ ਸੋਨਾ ਬਰਾਮਦ ਕਰ ਲਿਆ ਹੈ। ਇਹ ਅਪਰਾਧ ਰਾਜ ਕੁਮਾਰ ਨੇ ਇਕੱਲੇ ਹੀ ਕੀਤਾ ਸੀ।'
ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਅਨੀਤਾ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਅਰੁਣ ਦੀ ਸ਼ਿਕਾਇਤ 'ਤੇ ਪੁਲਿਸ ਨੇ ਬੁੱਧਵਾਰ ਰਾਤ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) (ਹੱਤਿਆ) ਅਤੇ 305 (ਏ) (ਘਰ 'ਚ ਚੋਰੀ) ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਮੁਤਾਬਕ, ਮੁਲਜ਼ਮ ਰਾਜ ਕੁਮਾਰ ਕੁਝ ਚੈੱਕ ਬਾਊਂਸ ਦੇ ਮਾਮਲਿਆਂ 'ਚ ਵੀ ਸ਼ਾਮਲ ਸੀ।