ਇਟਲੀ ਦੇ ਨੇਤਾ ਦੇ 'ਵੋਟ ਚੋਰ, ਗੱਦੀ ਛੋੜ' ਵਾਲੇ ਵੀਡੀਓ ਨੂੰ ਹਟਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, SIT ਜਾਂਚ ਦੀ ਮੰਗ ਵਾਲੀ ਪਟੀਸ਼ਨ ਵੀ ਖਾਰਜ
ਕਾਂਗਰਸ ਦੇ ਹੈਦਰਾਬਾਦ ਪ੍ਰੋਗਰਾਮ ਨਾਲ ਜੁੜੇ ਇਸ ਵੀਡੀਓ 'ਚ ਇਟਲੀ ਦੇ ਨੇਤਾ ਜਿਆਕੋਮੋ ਫਿਲੀਬੇਕ ਉਸ ਨਾਅਰੇ ਨੂੰ ਦੁਹਰਾਉਂਦੇ ਹਨ, ਜਿਸ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਕਸਰ ਸਰਕਾਰ ਖ਼ਿਲਾਫ਼ ਲਗਾਉਂਦੇ ਹਨ। ਵਿਰੋਧੀ ਧਿਰ ਦਾ ਗੱਠਜੋੜ 'ਇੰਡੀਆ' ਪਿਛਲੇ ਕੁਝ ਸਮੇਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਵੋਟ ਚੋਰੀ ਦਾ ਮੁੱਦਾ ਚੁੱਕ ਰਿਹਾ ਹੈ ਅਤੇ ਸਰਕਾਰ 'ਤੇ ਦੋਸ਼ ਲਗਾ ਰਿਹਾ ਹੈ ਕਿ ਉਹ ਵੋਟਾਂ 'ਚ ਹੇਰਾਫੇਰੀ ਕਰ ਕੇ ਸੱਤਾ 'ਚ ਬਣੀ ਹੋਈ ਹੈ।
Publish Date: Fri, 27 Nov 2026 03:25 PM (IST)
Updated Date: Fri, 27 Nov 2026 03:27 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਦੇ ਹੈਦਰਾਬਾਦ 'ਚ ਹੋਏ ਪ੍ਰੋਗਰਾਮ ਨਾਲ ਜੁੜੇ ਵੀਡੀਓ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਇਹ ਪਟੀਸ਼ਨ ਰੱਦ ਕਰ ਦਿੱਤੀ। ਇਸ ਵੀਡੀਓ 'ਚ ਇਟਲੀ ਦੇ ਨੇਤਾ 'ਵੋਟ ਚੋਰ, ਗੱਦੀ ਛੱਡ' ਦਾ ਨਾਅਰਾ ਲਗਾਉਂਦੇ ਦਿਖਾਈ ਦੇ ਰਹੇ ਹਨ।
ਕਾਂਗਰਸ ਦੇ ਹੈਦਰਾਬਾਦ ਪ੍ਰੋਗਰਾਮ ਨਾਲ ਜੁੜੇ ਇਸ ਵੀਡੀਓ 'ਚ ਇਟਲੀ ਦੇ ਨੇਤਾ ਜਿਆਕੋਮੋ ਫਿਲੀਬੇਕ ਉਸ ਨਾਅਰੇ ਨੂੰ ਦੁਹਰਾਉਂਦੇ ਹਨ, ਜਿਸ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਕਸਰ ਸਰਕਾਰ ਖ਼ਿਲਾਫ਼ ਲਗਾਉਂਦੇ ਹਨ। ਵਿਰੋਧੀ ਧਿਰ ਦਾ ਗੱਠਜੋੜ 'ਇੰਡੀਆ' ਪਿਛਲੇ ਕੁਝ ਸਮੇਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਵੋਟ ਚੋਰੀ ਦਾ ਮੁੱਦਾ ਚੁੱਕ ਰਿਹਾ ਹੈ ਅਤੇ ਸਰਕਾਰ 'ਤੇ ਦੋਸ਼ ਲਗਾ ਰਿਹਾ ਹੈ ਕਿ ਉਹ ਵੋਟਾਂ 'ਚ ਹੇਰਾਫੇਰੀ ਕਰ ਕੇ ਸੱਤਾ 'ਚ ਬਣੀ ਹੋਈ ਹੈ।
ਭਾਰਤ ਦੀ ਅੰਦਰੂਨੀ ਸਿਆਸਤ 'ਚ ਦਖ਼ਲ ਦੇਣ ਦਾ ਦੋਸ਼
ਚੀਫ਼ ਜਸਟਿਸ ਸੂਰਿਆਕਾਂਤ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕਰਦਿਆਂ ਪਟੀਸ਼ਨਕਰਤਾ ਦੇ ਵਕੀਲ ਨੇ ਦੋਸ਼ ਲਗਾਇਆ ਕਿ 'ਪਾਰਟੀ ਆਫ਼ ਯੂਰਪੀਅਨ ਸੋਸ਼ਲਿਸਟਸ' (PES) ਦੇ ਜਨਰਲ ਸਕੱਤਰ ਨੇ ਸਰਕਾਰ ਦੀ ਆਲੋਚਨਾ ਕਰ ਕੇ ਅਤੇ ਵਿਰੋਧੀ ਧਿਰ ਦਾ ਸਮਰਥਨ ਕਰ ਕੇ ਭਾਰਤ ਦੀ ਅੰਦਰੂਨੀ ਸਿਆਸਤ 'ਚ ਦਖ਼ਲ ਦਿੱਤਾ ਹੈ।
ਲੋਕਤੰਤਰ ਨੂੰ ਖ਼ਤਰਾ ਦੱਸ ਕੇ ਮੰਗਿਆ ਕੌਮਾਂਤਰੀ ਸਮਰਥਨ
ਇਹ ਪਟੀਸ਼ਨ 13 ਅਤੇ 14 ਨਵੰਬਰ ਨੂੰ ਹੈਦਰਾਬਾਦ 'ਚ ਕਰਵਾਏ ਗਏ 'ਦਿ ਭਾਰਤ ਸਮਿਟ 2026' 'ਚ ਫਿਲੀਬੇਕ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਦਾਇਰ ਕੀਤੀ ਗਈ ਸੀ। ਉਨ੍ਹਾਂ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਭਾਰਤ 'ਚ ਲੋਕਤੰਤਰ 'ਖ਼ਤਰੇ 'ਚ' ਹੈ ਅਤੇ ਇਸ ਦੀ ਰੱਖਿਆ ਲਈ ਅੰਤਰਰਾਸ਼ਟਰੀ ਸਮਰਥਨ ਦੀ ਅਪੀਲ ਕੀਤੀ ਸੀ।
ਭਾਜਪਾ ਨੇ ਕੀਤੀ ਆਲੋਚਨਾ
ਰਾਹੁਲ ਗਾਂਧੀ ਵੱਲੋਂ ਲੋਕਪ੍ਰਿਯ ਬਣਾਏ ਗਏ ਨਾਅਰੇ ਦੀ ਫਿਲੀਬੇਕ ਵੱਲੋਂ ਵਰਤੋਂ ਕੀਤੇ ਜਾਣ 'ਤੇ ਭਾਜਪਾ ਨੇ ਆਲੋਚਨਾ ਕੀਤੀ। ਭਾਜਪਾ ਨੇ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਸ ਨੇ ਵਿਦੇਸ਼ੀ ਸਿਆਸੀ ਨੁਮਾਇੰਦਿਆਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਖੁੱਲ੍ਹ ਦਿੱਤੀ ਹੈ।
ਫਿਲੀਬੇਕ ਨੇ ਇਹ ਵੀ ਕਿਹਾ ਕਿ PES, ਕਾਂਗਰਸ ਅਤੇ ਦੁਨੀਆ ਭਰ ਦੀਆਂ ਹੋਰ ਸਿਆਸੀ ਲਹਿਰਾਂ ਇਕ ਅਜਿਹੇ ਪ੍ਰਗਤੀਸ਼ੀਲ ਗੱਠਜੋੜ ਦਾ ਹਿੱਸਾ ਹਨ, ਜੋ ਸਮਾਜਿਕ ਨਿਆਂ, ਜਲਵਾਯੂ ਨਿਆਂ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਲਈ ਵਚਨਬੱਧ ਹੈ।
ਕੀ ਹੈ PES?
ਫਿਲੀਬੇਕ ਨੇ ਕਿਹਾ, 'ਸੱਚਾ ਲੋਕਤੰਤਰ। ਨਾ ਭ੍ਰਿਸ਼ਟ, ਨਾ ਹੀ ਧਾਂਦਲੀ ਵਾਲਾ ਅਤੇ ਨਾ ਹੀ ਨਕਲੀ ਲੋਕਤੰਤਰ।' ਦੱਸ ਦੇਈਏ ਕਿ 'ਪਾਰਟੀ ਆਫ਼ ਯੂਰਪੀਅਨ ਸੋਸ਼ਲਿਸਟਸ' (PES) ਇਕ ਅੰਤਰਰਾਸ਼ਟਰੀ ਯੂਰਪੀ ਸਿਆਸੀ ਪਾਰਟੀ ਹੈ, ਜੋ ਪੂਰੇ ਯੂਰਪ ਦੀਆਂ ਸਮਾਜਵਾਦੀ, ਸਮਾਜਿਕ ਲੋਕਤੰਤਰੀ ਅਤੇ ਲੇਬਰ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਂਦੀ ਹੈ।
'ਦਿ ਭਾਰਤ ਸਮਿਟ 2026' 'ਚ 70 ਦੇਸ਼ਾਂ ਦੇ ਲਗਭਗ 1,000 ਨੁਮਾਇੰਦਿਆਂ, ਨੀਤੀ-ਘਾੜਿਆਂ ਅਤੇ ਵਿਚਾਰਕਾਂ ਨੇ ਹਿੱਸਾ ਲਿਆ। ਇਸ ਦੌਰਾਨ ਭੂ-ਰਾਜਨੀਤੀ, ਲੋਕਤੰਤਰ, ਜਲਵਾਯੂ ਤਬਦੀਲੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪ੍ਰਗਤੀਸ਼ੀਲ ਸਿਆਸਤ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ।