'ਰਾਹੁਲ ਤੋਂ ਪਹਿਲਾਂ ਵੀ ਸੀ ਇਕ ਪੁੱਤਰ, ਜਨਮ ਲੈਂਦਿਆਂ ਹੀ ਖੋ ਬੈਠੇ ਸੀ ਉਸ ਨੂੰ'; ਸੋਨੀਆ ਗਾਂਧੀ ਨੇ ਬਿਆਨ ਕੀਤਾ ਆਪਣਾ ਦਰਦ
ਸੋਨੀਆ ਗਾਂਧੀ ਲਿਖਦੇ ਹਨ ਕਿ ਇਹ ਦੁਖਦਾਈ ਘਟਨਾ ਜਨਵਰੀ 1969 'ਚ ਵਾਪਰੀ ਸੀ। ਇਸ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਆਈ ਸੀ ਤਾਂ ਪੂਰੇ ਗਾਂਧੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਜਨਤਕ ਤੌਰ 'ਤੇ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਪ੍ਰਗਟ ਨਾ ਕਰਨ ਵਾਲੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਇਸ ਖ਼ਬਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ ਅਤੇ ਆਪਣੀ ਨੂੰਹ ਨੂੰ ਗਲੇ ਲਗਾ ਲਿਆ ਸੀ।
Publish Date: Tue, 10 Nov 2026 04:09 PM (IST)
Updated Date: Tue, 10 Nov 2026 04:14 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਹਾਲ ਹੀ 'ਚ ਜਾਰੀ ਹੋਈ ਆਤਮਕਥਾ 'ਬਿਲੌਂਗਿੰਗ: ਅ ਜਰਨੀ ਆਫ ਲਵ' 'ਚ ਇਕ ਅਜਿਹੇ ਬੱਚੇ ਦਾ ਜ਼ਿਕਰ ਹੈ ਜਿਸ ਬਾਰੇ ਜਨਤਕ ਜੀਵਨ 'ਚ ਸ਼ਾਇਦ ਹੀ ਕਦੇ ਚਰਚਾ ਹੋਈ ਹੋਵੇ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਇਹ ਬੱਚਾ ਉਨ੍ਹਾਂ ਤੇ ਉਨ੍ਹਾਂ ਦੇ ਪਤੀ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪਹਿਲਾ ਪੁੱਤਰ ਸੀ। ਇਸ ਜੋੜੇ ਨੇ ਰਾਹੁਲ ਗਾਂਧੀ ਦੇ ਜਨਮ ਤੋਂ ਇਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੇ ਇਸ ਬੱਚੇ ਨੂੰ ਗੁਆ ਦਿੱਤਾ ਸੀ।
ਸੋਨੀਆ ਗਾਂਧੀ ਲਿਖਦੇ ਹਨ ਕਿ ਇਹ ਦੁਖਦਾਈ ਘਟਨਾ ਜਨਵਰੀ 1969 'ਚ ਵਾਪਰੀ ਸੀ। ਇਸ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਦੇ ਗਰਭਵਤੀ ਹੋਣ ਦੀ ਖ਼ਬਰ ਆਈ ਸੀ ਤਾਂ ਪੂਰੇ ਗਾਂਧੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਜਨਤਕ ਤੌਰ 'ਤੇ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਪ੍ਰਗਟ ਨਾ ਕਰਨ ਵਾਲੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਇਸ ਖ਼ਬਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ ਅਤੇ ਆਪਣੀ ਨੂੰਹ ਨੂੰ ਗਲੇ ਲਗਾ ਲਿਆ ਸੀ। ਇੰਦਰਾ ਗਾਂਧੀ ਨੇ ਖੁਸ਼ੀ 'ਚ ਕਿਹਾ ਸੀ ਕਿ ਇਕ ਵੱਡਾ ਬੱਚਾ ਹੁਣ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਿਹਾ ਹੈ।
ਸਮੇਂ ਤੋਂ ਪਹਿਲਾਂ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਹੋ ਗਈ ਮੌਤ
ਹਾਲਾਂਕਿ, ਇਹ ਖੁਸ਼ੀ ਜ਼ਿਆਦਾ ਸਮੇਂ ਤੱਕ ਕਾਇਮ ਨਹੀਂ ਰਹਿ ਸਕੀ। ਤੈਅ ਸਮੇਂ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਤੇ 18 ਜਨਵਰੀ 1969 ਨੂੰ ਉਨ੍ਹਾਂ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਸਮੇਂ ਤੋਂ ਪਹਿਲਾਂ ਜਨਮ ਲੈਣ ਦੇ ਬਾਵਜੂਦ ਨਵਜੰਮਿਆ ਬੱਚਾ ਦੇਖਣ 'ਚ ਸਿਹਤਮੰਦ ਲੱਗ ਰਿਹਾ ਸੀ।
ਸੋਨੀਆ ਲਿਖਦੀ ਹਨ, ''ਜਦੋਂ ਬੱਚੇ ਨੂੰ ਇਨਕਿਊਬੇਟਰ 'ਚ ਰੱਖਿਆ ਗਿਆ ਤਾਂ ਮੈਂ ਉਸ ਦੇ ਰੋਣ ਦੀ ਪਹਿਲੀ ਆਵਾਜ਼ ਸੁਣੀ। ਬਾਅਦ 'ਚ ਰਾਜੀਵ ਮੈਨੂੰ ਉਸ ਨੂੰ ਦਿਖਾਉਣ ਲੈ ਗਏ। ਸੰਘਣੇ ਕਾਲੇ ਵਾਲਾਂ ਤੇ ਲੰਮੀਆਂ, ਪਤਲੀਆਂ ਉਂਗਲਾਂ ਵਾਲਾ ਇਕ ਨਿੱਕਾ ਜਿਹਾ ਸੁੰਦਰ ਬੱਚਾ ਸੀ। ਉਸ ਨੂੰ ਦੇਖਦੇ ਹੀ ਸਾਨੂੰ ਉਸ ਨਾਲ ਬੇਹੱਦ ਪਿਆਰ ਹੋ ਗਿਆ।''
ਪਰ ਉਹ ਨੰਨ੍ਹੀ ਜਾਨ ਸਿਰਫ਼ ਕੁਝ ਘੰਟੇ ਹੀ ਜਿਊਂਦੀ ਰਹਿ ਸਕੀ। ਡਾਕਟਰਾਂ ਨੇ ਰਾਜੀਵ ਗਾਂਧੀ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਬੱਚੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਅਗਲੀ ਸਵੇਰ ਜਦੋਂ ਇਸ ਜੋੜੇ ਨੂੰ ਬੱਚੇ ਦੇ ਨਾ ਰਹਿਣ ਦੀ ਖ਼ਬਰ ਮਿਲੀ ਤਾਂ ਦੋਵੇਂ ਡੂੰਘੇ ਸਦਮੇ 'ਚ ਚਲੇ ਗਏ।
ਸੋਨੀਆ ਗਾਂਧੀ ਯਾਦ ਕਰਦੀ ਹਨ ਕਿ ਹਮੇਸ਼ਾ ਸੰਜਮ 'ਚ ਰਹਿਣ ਵਾਲੇ ਰਾਜੀਵ ਗਾਂਧੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਉਨ੍ਹਾਂ ਦੇ ਨਾਲ ਫੁੱਟ-ਫੁੱਟ ਕੇ ਰੋਣ ਲੱਗੇ। ਉਸ ਸਮੇਂ ਦੌਰੇ 'ਤੇ ਬਾਹਰ ਗਈ ਇੰਦਰਾ ਗਾਂਧੀ ਵੀ ਆਪਣਾ ਦੌਰਾ ਵਿਚਾਲੇ ਛੱਡ ਕੇ ਤੁਰੰਤ ਹਸਪਤਾਲ ਪਹੁੰਚੀ ਅਤੇ ਨਮ ਅੱਖਾਂ ਨਾਲ ਦੋਵਾਂ ਨੂੰ ਗਲੇ ਲਗਾਇਆ।
ਮਹਿਰੌਲੀ 'ਚ ਦਿੱਤੀ ਗਈ ਸੀ ਆਖ਼ਰੀ ਵਿਦਾਈ
ਬੱਚੇ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਸਾਹਮਣੇ ਇਹ ਸਵਾਲ ਖੜ੍ਹਾ ਹੋ ਗਿਆ ਕਿ ਉਸ ਦਾ ਅੰਤਿਮ ਸੰਸਕਾਰ ਕਿਵੇਂ ਕੀਤਾ ਜਾਵੇ। ਸੋਨੀਆ ਗਾਂਧੀ ਦੱਸਦੇ ਹਨ ਕਿ ਨਵਜੰਮੇ ਬੱਚਿਆਂ ਦੇ ਰਵਾਇਤੀ ਅੰਤਿਮ ਸੰਸਕਾਰ ਤਹਿਤ ਜਦੋਂ ਬੱਚੇ ਦੀ ਦੇਹ ਨੂੰ ਨਦੀ 'ਚ ਪ੍ਰਵਾਹਿਤ ਕਰਨ ਦੀ ਗੱਲ ਹੋਈ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਏ। ਦਿੱਲੀ ਦੇ ਓਖਲਾ ਬੈਰਾਜ ਨੇੜੇ ਇਕ ਲਾਸ਼ ਨੂੰ ਫਸਿਆ ਹੋਇਆ ਦੇਖਣ ਦੀ ਪੁਰਾਣੀ ਤੇ ਡਰਾਉਣੀ ਯਾਦ ਉਨ੍ਹਾਂ ਦੇ ਮਨ 'ਚ ਤਾਜ਼ਾ ਹੋ ਗਈ। ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਕੁਝ ਵੀ ਹੋ ਜਾਵੇ, ਉਹ ਆਪਣੇ ਬੱਚੇ ਨੂੰ ਨਦੀ 'ਚ ਨਹੀਂ ਸੁੱਟਣ ਦੇਣਗੇ।
ਇਸ ਤੋਂ ਬਾਅਦ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਬੱਚੇ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਫਿਰੋਜ਼ ਗਾਂਧੀ ਦੇ ਫਾਰਮ 'ਚ ਦਫ਼ਨਾਇਆ ਜਾਵੇਗਾ। ਰਾਜੀਵ ਗਾਂਧੀ ਅਤੇ ਉਨ੍ਹਾਂ ਦੇ ਛੋਟੇ ਭਰਾ ਸੰਜੇ ਗਾਂਧੀ ਨੇ ਮਿਲ ਕੇ ਗੁਲਾਬੀ ਬੋਗਨਵਿਲੀਆ ਦੀ ਝਾੜੀ ਹੇਠਾਂ ਉਸ ਨੰਨ੍ਹੇ ਬੱਚੇ ਨੂੰ ਦਫ਼ਨਾਇਆ।
ਸੋਨੀਆ ਗਾਂਧੀ ਲਿਖਦੇ ਹਨ ਕਿ ਇਹ ਫ਼ੈਸਲਾ ਬੇਹੱਦ ਦਰਦਨਾਕ ਸੀ, ਪਰ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤਕ ਜਦੋਂ ਵੀ ਉਹ ਉੱਥੇ ਜਾਂਦੇ ਸਨ ਤਾਂ ਉਸ ਜਗ੍ਹਾ 'ਤੇ ਫੁੱਲ ਜ਼ਰੂਰ ਰੱਖਦੇ ਸਨ।
ਸਿਆਸੀ ਹਮਲਿਆਂ ਨੇ ਵੀ ਦਿੱਤਾ ਡੂੰਘਾ ਜ਼ਖ਼ਮ
ਇਸ ਨਿੱਜੀ ਦੁਖਾਂਤ ਨੇ ਸੋਨੀਆ ਗਾਂਧੀ ਨੂੰ ਕਈ ਮਹੀਨਿਆਂ ਤਕ ਡੂੰਘੇ ਦੁੱਖ ਤੇ ਆਤਮਗਲਾਨੀ 'ਚ ਰੱਖਿਆ। ਉਸ ਸਮੇਂ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਉਦੋਂ ਛਿੜਕਿਆ ਗਿਆ, ਜਦੋਂ ਇਕ ਦੱਖਣਪੰਥੀ ਮੈਗਜ਼ੀਨ ਨੇ ਉਸ ਬੱਚੇ ਦੀ ਜਾਇਜ਼ਤਾ 'ਤੇ ਸਵਾਲ ਚੁੱਕਦਿਆਂ ਬੇਹੱਦ ਇਤਰਾਜ਼ਯੋਗ ਤੇ ਤਿੱਖਾ ਲੇਖ ਲਿਖਿਆ।
ਸੋਨੀਆ ਲਿਖਦੇ ਹਨ, ''ਉਨ੍ਹਾਂ ਜ਼ਹਿਰੀਲੇ ਸ਼ਬਦਾਂ ਨੇ ਮੇਰੇ ਦਿਲ 'ਤੇ ਡੂੰਘਾ ਜ਼ਖ਼ਮ ਛੱਡਿਆ। ਲੋਕ ਇੰਨੇ ਬੇਰਹਿਮ ਕਿਵੇਂ ਹੋ ਸਕਦੇ ਹਨ?' ਉਸੇ ਸਾਲ ਦੇ ਅਖੀਰ 'ਚ ਸੋਨੀਆ ਗਾਂਧੀ ਮੁੜ ਗਰਭਵਤੀ ਹੋS। ਹਾਲਾਂਕਿ, ਪਿਛਲੀ ਘਟਨਾ ਦੇ ਸਦਮੇ ਕਾਰਨ ਪਰਿਵਾਰ ਇਸ ਵਾਰ ਜਸ਼ਨ ਮਨਾਉਣ ਦੀ ਬਜਾਏ ਲਗਾਤਾਰ ਚਿੰਤਾ 'ਚ ਰਿਹਾ। ਆਖ਼ਰਕਾਰ, 19 ਜੂਨ 1970 ਨੂੰ ਰਾਹੁਲ ਗਾਂਧੀ ਦਾ ਜਨਮ ਹੋਇਆ ਅਤੇ ਪਰਿਵਾਰ ਦੀ ਇਹ ਚਿੰਤਾ ਦੂਰ ਹੋ ਗਈ।