ਹਿਮਾਚਲ ਦੀਆਂ ਸੜਕਾਂ 'ਤੇ ਜੰਮਣ ਲੱਗੀ ਬਰਫ਼, ਰੋਹਤਾਂਗ ਜਾਣ ਵਾਲੇ ਸੈਲਾਨੀਆਂ ਲਈ ਪ੍ਰਸ਼ਾਸਨ ਨੇ ਤੈਅ ਕੀਤੀ ਸਮਾਂ-ਸੀਮਾ; ਐਡਵਾਈਜ਼ਰੀ ਜਾਰੀ
DDMA ਅਤੇ ਪੁਲਿਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ ਜਲਦੀ ਅਤੇ ਸ਼ਾਮ ਢਲਣ ਤੋਂ ਬਾਅਦ ਸਫ਼ਰ ਕਰਨ ਤੋਂ ਬਚਣ। ਇਸ ਦੌਰਾਨ ਸੜਕਾਂ 'ਤੇ ਜੰਮੀ ਬਰਫ਼ ਦੀ ਪਤਲੀ ਪਰਤ ਦਿਖਾਈ ਨਹੀਂ ਦਿੰਦੀ ਅਤੇ ਵਾਹਨ ਫਿਸਲਣ ਦਾ ਗੰਭੀਰ ਖ਼ਤਰਾ ਰਹਿੰਦਾ ਹੈ।
Publish Date: Mon, 23 Nov 2026 12:53 PM (IST)
Updated Date: Mon, 23 Nov 2026 12:56 PM (IST)
ਜਸਵੰਤ ਠਾਕੁਰ, ਮਨਾਲੀ : ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਕਾਰਨ ਸੜਕਾਂ 'ਤੇ ਵੀ ਬਰਫ਼ ਜੰਮਣ ਲੱਗੀ ਹੈ। ਅਜਿਹੇ 'ਚ ਸਫ਼ਰ ਜੋਖ਼ਮ ਭਰਿਆ ਹੋ ਗਿਆ ਹੈ। ਲਾਹੌਲ-ਸਪੀਤੀ ਜ਼ਿਲ੍ਹੇ 'ਚ ਤਾਪਮਾਨ ਸਿਫ਼ਰ ਤੋਂ ਹੇਠਾਂ ਜਾਣ ਅਤੇ ਸੜਕਾਂ 'ਤੇ 'ਬਲੈਕ ਆਈਸ' (ਕਾਲੀ ਬਰਫ਼) ਜੰਮਣ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵਾਹਨਾਂ ਦੀ ਆਵਾਜਾਈ ਲਈ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਮੌਸਮ ਸਾਫ਼ ਰਹਿਣ ਕਾਰਨ ਰੋਹਤਾਂਗ ਸਮੇਤ ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜਮ ਦੱਰੇ 'ਤੇ ਵਾਹਨਾਂ ਦੀ ਆਵਾਜਾਈ ਫਿਲਹਾਲ ਸੁਚਾਰੂ ਹੈ, ਪਰ ਸਵੇਰ ਅਤੇ ਸ਼ਾਮ ਦੇ ਸਮੇਂ ਫਿਸਲਣ ਦਾ ਖ਼ਤਰਾ ਸਭ ਤੋਂ ਵੱਧ ਬਣਿਆ ਹੋਇਆ ਹੈ।
ਵੱਡੀ ਗਿਣਤੀ 'ਚ ਪਹੁੰਚ ਰਹੇ ਸੈਲਾਨੀ
ਠੰਢੇ ਮੌਸਮ ਦਾ ਆਨੰਦ ਲੈਣ ਲਈ ਬਾਹਰੀ ਸੂਬਿਆਂ ਤੋਂ ਸੈਲਾਨੀ ਕੁੱਲੂ-ਮਨਾਲੀ ਸਮੇਤ ਲਾਹੌਲ ਘਾਟੀ ਦਾ ਰੁਖ਼ ਕਰ ਰਹੇ ਹਨ। ਜ਼ਿਆਦਾਤਰ ਸੈਲਾਨੀ ਗੁਲਾਬਾ ਤੋਂ ਮੜ੍ਹੀ ਹੁੰਦੇ ਹੋਏ ਰੋਹਤਾਂਗ ਜਾ ਰਹੇ ਹਨ, ਪਰ ਕੁਝ ਸੈਲਾਨੀ ਅਟਲ ਟਨਲ ਅਤੇ ਕੋਕਸਰ ਰਾਹੀਂ ਵੀ ਰੋਹਤਾਂਗ ਪਹੁੰਚ ਰਹੇ ਹਨ।
ਰੋਹਤਾਂਗ ਜਾਣ ਲਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਦਾ ਸਮਾਂ
ਪ੍ਰਸ਼ਾਸਨ ਨੇ ਅਟਲ ਟਨਲ ਤੋਂ ਰੋਹਤਾਂਗ ਜਾਣ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੈ। ਇਸ ਦੌਰਾਨ ਹੀ ਸੈਲਾਨੀਆਂ ਨੂੰ ਰੋਹਤਾਂਗ ਜਾਣ ਦੀ ਇਜਾਜ਼ਤ ਹੋਵੇਗੀ। ਸਮਾਂ-ਸੀਮਾ ਤੋਂ ਬਾਅਦ ਕਿਸੇ ਵੀ ਵਾਹਨ ਨੂੰ ਰੋਹਤਾਂਗ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਵੱਲੋਂ ਅਟਲ ਟਨਲ ਦੇ ਦੋਵੇਂ ਸਿਰਿਆਂ ਅਤੇ ਕੋਕਸਰ 'ਚ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗ੍ਰਾਮਫੂ-ਲੋਸਰ ਮਾਰਗ 'ਤੇ ਸਭ ਤੋਂ ਵੱਧ ਖ਼ਤਰਾ
ਗ੍ਰਾਮਫੂ-ਲੋਸਰ-ਸਮਦੋ ਰਾਜਮਾਰਗ 'ਤੇ ਬਲੈਕ ਆਈਸ ਜੰਮਣ ਕਾਰਨ ਹਾਲਾਤ ਜ਼ਿਆਦਾ ਖ਼ਰਾਬ ਹਨ। ਇਸ ਮਾਰਗ 'ਤੇ ਸਵੇਰੇ ਅਤੇ ਸ਼ਾਮ ਨੂੰ ਸੜਕ 'ਤੇ ਪਾਣੀ ਜੰਮ ਜਾਂਦਾ ਹੈ, ਜੋ ਕਾਲੀ ਬਰਫ਼ ਦੀ ਪਤਲੀ ਪਰਤ ਦੇ ਰੂਪ 'ਚ ਦਿਖਾਈ ਨਹੀਂ ਦਿੰਦਾ। ਇਸੇ ਕਾਰਨ ਪ੍ਰਸ਼ਾਸਨ ਨੇ ਇਸ ਮਾਰਗ 'ਤੇ ਸਿਰਫ਼ ਫੋਰ ਬਾਈ ਫੋਰ (4x4) ਵਾਹਨਾਂ ਰਾਹੀਂ ਹੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ ਸਮਾਂ-ਸੀਮਾ ਵੀ ਤੈਅ ਕੀਤੀ ਹੈ।
ਗ੍ਰਾਮਫੂ ਤੋਂ ਕਾਜ਼ਾ ਅਤੇ ਸਮਦੋ ਤੋਂ ਕਾਜ਼ਾ ਜਾਣ ਲਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਬਾਅਦ ਇਸ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਸ਼ਿੰਕੁਲਾ-ਬਾਰਾਲਾਚਾ ਲਈ ਦਰਚਾ ਤੋਂ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ
ਅਟਲ ਟਨਲ ਰਾਹੀਂ ਸੈਲਾਨੀ ਸ਼ਿੰਕੁਲਾ ਅਤੇ ਬਾਰਾਲਾਚਾ ਦੱਰੇ ਦਾ ਵੀ ਰੁਖ਼ ਕਰ ਰਹੇ ਹਨ। ਸ਼ਿੰਕੁਲਾ ਅਤੇ ਬਾਰਾਲਾਚਾ ਜਾਣ ਲਈ ਵੀ ਦਰਚਾ ਤੋਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।
ਇਸ ਕਾਰਨ ਲਿਆ ਗਿਆ ਫ਼ੈਸਲਾ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਾਹਨਾਂ ਦੀ ਆਵਾਜਾਈ ਲਈ ਦਿਨ ਦੇ ਸਮੇਂ ਦੀ ਸੀਮਾ ਤੈਅ ਕੀਤੀ ਗਈ ਹੈ। ਇਹ ਕਦਮ ਸਵੇਰੇ ਅਤੇ ਸ਼ਾਮ ਦੇ ਸਮੇਂ ਕੜਾਕੇ ਦੀ ਠੰਢ ਕਾਰਨ ਸੜਕਾਂ 'ਤੇ ਪਾਣੀ ਜੰਮਣ ਅਤੇ ਫਿਸਲਣ ਵਧਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
DDMA ਅਤੇ ਪੁਲਿਸ ਦੀ ਸਲਾਹ
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (DDMA) ਅਤੇ ਪੁਲਿਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ ਜਲਦੀ ਅਤੇ ਸ਼ਾਮ ਢਲਣ ਤੋਂ ਬਾਅਦ ਸਫ਼ਰ ਕਰਨ ਤੋਂ ਬਚਣ। ਇਸ ਦੌਰਾਨ ਸੜਕਾਂ 'ਤੇ ਜੰਮੀ ਬਰਫ਼ ਦੀ ਪਤਲੀ ਪਰਤ ਦਿਖਾਈ ਨਹੀਂ ਦਿੰਦੀ ਅਤੇ ਵਾਹਨ ਫਿਸਲਣ ਦਾ ਗੰਭੀਰ ਖ਼ਤਰਾ ਰਹਿੰਦਾ ਹੈ।
ਇਹ ਸਾਮਾਨ ਜ਼ਰੂਰ ਰੱਖੋ ਨਾਲ
ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਮੌਸਮ ਅਤੇ ਸੜਕਾਂ ਦੀ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਲੈਣ। ਆਪਣੇ ਵਾਹਨ 'ਚ ਗਰਮ ਕੱਪੜੇ, ਖਾਣ-ਪੀਣ ਦਾ ਸਾਮਾਨ ਅਤੇ ਜ਼ਰੂਰੀ ਦਵਾਈਆਂ ਰੱਖਣ ਦੇ ਨਾਲ-ਨਾਲ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।
ਬਿਨਾਂ 4x4 ਵਾਹਨ ਦੇ ਗ੍ਰਾਮਫੂ-ਲੋਸਰ ਮਾਰਗ 'ਤੇ ਸਫ਼ਰ ਨਾ ਕਰੋ
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮੌਸਮ 'ਚ ਬਦਲਾਅ ਹੋਣ 'ਤੇ ਸਮਾਂ-ਸੀਮਾ 'ਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਭਾਰੀ ਬਰਫ਼ਬਾਰੀ ਦੀ ਸਥਿਤੀ 'ਚ ਦੱਰਿਆਂ ਨੂੰ ਪੂਰੀ ਤਰ੍ਹਾਂ ਬੰਦ ਵੀ ਕੀਤਾ ਜਾ ਸਕਦਾ ਹੈ।