- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੰਬਈ ’ਚ ਰਹਿਣ ਵਾਲੀ ਧੀ ਨੇ 5100 ਰੁਪਏ ਆਨਲਾਈਨ ਭੇਜ ਕੇ ਅੰਤਿਮ ਸੰਸਕਾਰ ਕਰਨ ਲਈ ਕਿਹਾ। ਨੇਪਾਲ ’ਚ ਰਹਿਣ ਵਾਲੀ ਧੀ ਨੇ ਵੀਡੀਓ ਕਾਲ ਰਾਹੀਂ ਅੰਤਿਮ ਸੰਸਕਾਰ ਦੇਖਿਆ, ਜਦਕਿ ਦੋ ਹੋਰਨਾਂ ਨੇ ਏਨਾ ਵੀ ਜ਼ਰੂਰੀ ਨਹੀਂ ਸਮਝਿਆ।

ਜਾਗਰਣ ਸੰਵਾਦਦਾਤਾ, ਸੋਨੀਪਤ : ਆਪਣੇ ਸਮੇਂ ਦੇ ਵੱਡੇ ਕੱਪੜਾ ਕਾਰੋਬਾਰੀ ਰਹੇ ਹਰਿਆਣਾ ਦੇ ਪਿੰਡ ਕਕਰੋਈ ਦੇ ਸ਼ਿਵਚਰਨ ਗੁਪਤਾ ਬਿਰਧ ਆਸ਼ਰਮ ’ਚ ਰਹਿ ਕੇ ਮੰਗਲਵਾਰ ਨੂੰ ਦੁਨੀਆ ਤੋਂ ਵਿਦਾ ਹੋ ਗਏ। ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਉਨ੍ਹਾਂ ਦੀਆਂ ਤਿੰਨ ਅਧਿਆਪਕ ਧੀਆਂ ਦੀ ਸੰਵੇਦਨਹੀਨਤਾ ਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ। ਆਨੰਦ ਆਸ਼ਰਮ ਦੇ ਸੰਚਾਲਕ ਨੇ ਨੇਪਾਲ, ਮੁੰਬਈ ਤੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ’ਚ ਰਹਿਣ ਵਾਲੀਆਂ ਉਨ੍ਹਾਂ ਦੀਆਂ ਤਿੰਨ ਅਧਿਆਪਕ ਧੀਆਂ ਨੂੰ ਸੂਚਿਤ ਕੀਤਾ, ਪਰ ਤਿੰਨਾਂ ਨੇ ਸਸਕਾਰ ’ਚ ਆਉਣ ਤੋਂ ਇਨਕਾਰ ਕਰ ਦਿੱਤਾ। ਮੁੰਬਈ ’ਚ ਰਹਿਣ ਵਾਲੀ ਧੀ ਨੇ 5100 ਰੁਪਏ ਆਨਲਾਈਨ ਭੇਜ ਕੇ ਅੰਤਿਮ ਸੰਸਕਾਰ ਕਰਨ ਲਈ ਕਿਹਾ। ਨੇਪਾਲ ’ਚ ਰਹਿਣ ਵਾਲੀ ਧੀ ਨੇ ਵੀਡੀਓ ਕਾਲ ਰਾਹੀਂ ਅੰਤਿਮ ਸੰਸਕਾਰ ਦੇਖਿਆ, ਜਦਕਿ ਦੋ ਹੋਰਨਾਂ ਨੇ ਏਨਾ ਵੀ ਜ਼ਰੂਰੀ ਨਹੀਂ ਸਮਝਿਆ। ਅੰਤਿਮ ਸੰਸਕਾਰ ਦੌਰਾਨ ਸ਼ਿਵਚਰਨ ਗੁਪਤਾ ਦੀ ਦੇਹ ਨੂੰ ਸਮਾਜਸੇਵੀਆਂ ਨੇ ਮੋਢਾ ਦਿੱਤਾ। ਪੁੱਤਰਾਂ ਤੇ ਧੀਆਂ ਨੂੰ ਬਰਾਬਰ ਮੰਨਣ ਵਾਲੇ ਆਦਰਸ਼ ਸਮਾਜ ਦੇ ਲੋਕ ਤਿੰਨ ਧੀਆਂ ਦੀ ਇਸ ਬੇਰੁਖ਼ੀ ’ਤੇ ਬੱਚਿਆਂ ਨੂੰ ਨੈਤਿਕਤਾ ਤੇ ਸੰਸਕਾਰ ਦੇਣ ਦਾ ਸਬਕ ਦਿੰਦੇ ਨਜ਼ਰ ਆਏ, ਤਾਂ ਜੋ ਬੱਚੇ ਬੁਢਾਪੇ ’ਚ ਮਾਂ-ਬਾਪ ਦਾ ਸਹਾਰਾ ਬਣ ਸਕਣ ਤੇ ਉਨ੍ਹਾਂ ਦੇ ਆਖ਼ਰੀ ਸਮੇਂ ’ਚ ਕੰਮ ਆ ਸਕਣ।
ਕਰੀਬ 60 ਸਾਲ ਪਹਿਲਾਂ ਮੁੰਬਈ ’ਚ ਕਰੋੜਾਂ ਰੁਪਏ ਦਾ ਕੱਪੜਾ ਕਾਰੋਬਾਰ ਸਥਾਪਤ ਕਰਨ ਵਾਲੇ ਸ਼ਿਵਚਰਨ ਗੁਪਤਾ ਨੇ ਆਪਣੀਆਂ ਤਿੰਨਾਂ ਧੀਆਂ ਨੂੰ ਪੜ੍ਹਾ-ਲਿਖਾ ਕੇ ਅਧਿਆਪਕ ਬਣਾਇਆ। ਵੱਡੀ ਧੀ ਨੇਪਾਲ, ਦਰਮਿਆਨੀ ਮੁੰਬਈ ਤੇ ਛੋਟੀ ਆਜ਼ਮਗੜ੍ਹ ’ਚ ਪਤੀਆਂ ਤੇ ਬੱਚਿਆਂ ਨਾਲ ਸੈਟਲ ਹਨ। ਘਾਟਾ ਪੈਣ ਕਾਰਨ ਕਈ ਸਾਲ ਪਹਿਲਾਂ ਕਾਰੋਬਾਰ ਬੰਦ ਹੋ ਗਿਆ। ਤਿੰਨਾਂ ਧੀਆਂ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। ਸ਼ਿਵਚਰਨ ਵੱਡੀ ਧੀ ਕੋਲ ਕੁਝ ਦਿਨ ਰਹੇ ਵੀ, ਪਰ ਤਿੰਨ ਸਾਲ ਪਹਿਲਾਂ ਪਤਨੀ ਨਾਲ ਸੋਨੀਪਤ ਦੇ ਬਿਰਧ ਆਸ਼ਰਮ ’ਚ ਆ ਗਏ। ਡੇਢ ਸਾਲ ਪਹਿਲਾਂ ਪਤਨੀ ਦੇ ਦੇਹਾਂਤ ’ਤੇ ਵੀ ਉਨ੍ਹਾਂ ਦੀ ਇਕ ਵੀ ਧੀ ਸੋਨੀਪਤ ਨਹੀਂ ਆਈ ਸੀ। ਹੁਣ ਮੰਗਲਵਾਰ ਨੂੰ ਸ਼ਿਵਚਰਨ ਗੁਪਤਾ ਦਾ ਵੀ ਦੇਹਾਂਤ ਹੋ ਗਿਆ।
ਆਨੰਦ ਆਸ਼ਰਮ ਦੇ ਸੰਚਾਲਕ ਤੇ ਸਮਾਜ ਕਲਿਆਣ ਸੰਮਤੀ ਦੇ ਪ੍ਰਧਾਨ ਆਨੰਦ ਕੁਮਾਰ ਨੇ ਉਨ੍ਹਾਂ ਦੀਆਂ ਤਿੰਨ ਧੀਆਂ ਨੂੰ ਪਿਤਾ ਦੀ ਮੌਤ ਦੇ ਬਾਰੇ ਸੂਚਿਤ ਕੀਤਾ, ਪਰ ਧੀਆਂ ਨੇ ਕਿਹਾ ਕਿ ਉਹ ਨਹੀਂ ਆ ਸਕਦੀਆਂ। ਨੇਪਾਲ ’ਚ ਰਹਿਣ ਵਾਲੀ ਧੀ ਨੇ ਵੀਡੀਓ ਕਾਲ ਕਰ ਕੇ ਪਿਤਾ ਦਾ ਅੰਤਿਮ ਸੰਸਕਾਰ ਦੇਖਿਆ ਤੇ ਸਸਕਾਰ ਦੇ ਹੋਰ ਸਾਰੇ ਵੀਡੀਓ ਉਨ੍ਹਾਂ ਨੂੰ ਭੇਜਣ ਲਈ ਕਿਹਾ। ਸਸਕਾਰ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਤਿੰਨਾਂ ਧੀਆਂ ਦੀ ਸੰਵੇਦਨਹੀਣਤਾ ਦੀ ਨਿੰਦਾ ਕਰਦੇ ਹੋਏ ਬੱਚਿਆਂ ਨੂੰ ਨੈਤਿਕਤਾ ਤੇ ਸੰਸਕਾਰਾਂ ਦਾ ਪਾਠ ਪੜ੍ਹਾਉਣ ਦੀ ਅਪੀਲ ਕੀਤੀ। ਆਨੰਦ ਕੁਮਾਰ ਨੇ ਕਿਹਾ ਕਿ ਜੀਵਨ ਭਰ ਕਰੋੜਾਂ ਰੁਪਏ ਕਮਾਉਣ ਦਾ ਕੋਈ ਫ਼ਾਇਦਾ ਨਹੀਂ ਹੈ, ਬੱਚਿਆਂ ਨੂੰ ਸੰਸਕਾਰ ਦੇ ਕੇ ਸਫ਼ਲ ਬਣਾਓ, ਤਾਂ ਜੋ ਬੁਢਾਪੇ ਤੇ ਆਖ਼ਰੀ ਸਮੇਂ ’ਚ ਸਹਾਰਾ ਬਣ ਸਕਣ।
ਦੋ ਨੇਤਰਹੀਣਾਂ ਨੂੰ ਕਰ ਗਏ ਰੋਸ਼ਨ
ਮਰਹੂਮ ਹੋਣ ਤੋਂ ਬਾਅਦ ਸ਼ਿਵਚਰਨ ਗੁਪਤਾ ਅੱਖਾਂ ਦਾ ਦਾਨ ਕਰ ਕੇ ਦੋ ਨੇਤਰਹੀਣਾਂ ਦੀ ਜ਼ਿੰਦਗੀ ਰੋਸ਼ਨ ਕਰ ਗਏ। ਲੋਕ ਬਜ਼ੁਰਗ ਸ਼ਿਵਚਰਨ ਗੁਪਤਾ ਦੀ ਪ੍ਰਸੰਸਾ ਕਰਦੇ ਨਹੀਂ ਥੱਕ ਰਹੇ, ਕਿਉਂਕਿ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਅੱਖਾਂ ਦਾਨ ਦਾ ਸੰਕਲਪ ਲਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦੇ ਹੋਏ ਅੱਖਾਂ ਦਾ ਦਾਨ ਕਰਾਇਆ ਗਿਆ। ਦ੍ਰਿਸ਼ਟੀ ਸੰਸਥਾ ਨਾਲ ਜੁੜੇ ਨਰਿੰਦਰ ਭੁਟਾਨੀ ਨੇ ਕਿਹਾ ਕਿ ਸ਼ਿਵਚਰਨ ਭਾਵੇਂ ਅੱਜ ਇਸ ਦੁਨੀਆ ’ਚ ਨਹੀਂ ਹਨ, ਪਰ ਉਨ੍ਹਾਂ ਦੀਆਂ ਅੱਖਾਂ ਦੋ ਨੇਤਰਹੀਣਾਂ ਦੀ ਜ਼ਿੰਦਗੀ ਰੋਸ਼ਨ ਕਰ ਗਈਆਂ।