- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਵਿਚ ਪਲਾਂਟ ਦੇ ਠੇਕੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁਲਕ ਵਿਚ ਇਕ ਤੀਜੀ ਪਾਰਟੀ ਯੋਟਾ ਡਾਟਾ ਸੈਂਟਰ ਵੱਲੋਂ ਹੋਸਟ ਕੀਤੇ ਗਏ ਉਸ ਦੇ ਸਰਵਰ ਡਾਟਾ ਵਿਚ ਸੰਨ ਲੱਗੀ ਸੀ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿਹੜਾ ਡਾਟਾ ਲੀਕ ਹੋਇਆ ਸੀ। ਰਿਪੋਰਟ ਮੁਤਾਬਕ ਨਿਊਕਲੀਅਰ ਥ੍ਰੇਟ ਇਨੀਸ਼ੀਏਟਿਵ ਦੇ ਸੀਨੀਅਰ ਡਾਇਰੈਕਟਰ ਨਿਕੋਲਸ ਰੋਥ ਨੇ ਕਿਹਾ ਕਿ ਇਸ ਨਾਲ ਪਲਾਂਟ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।

ਬੈਂਗਲੁਰੂ (ਰਾਇਟਰ) : ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ, ਤਮਿਲਨਾਡੂ ਸਥਿਤ ਕੁਡਨਕੁਲਮ ਨਿਊਕਲਿਅਰ ਪਾਵਰ ਪਲਾਂਟ ਤੋਂ ਸੰਵੇਦਨਸ਼ੀਲ ਡਾਟਾ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ‘ਵਰਲਡ ਲੀਕਸ’ ਨਾਂ ਦੇ ਬਦਨਾਮ ਰੈਨਸਮਵੇਅਰ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਲਾਂਟ ਵਿਚ ਕੰਟ੍ਰੈਕਟਰ ਦੇ ਤੌਰ ਉੱਤੇ ਕੰਮ ਕਰ ਰਹੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਕਰੀਬ 8,58,000 ਫਾਈਲਾਂ ਚੋਰੀ ਕੀਤੀਆਂ ਹਨ ਅਤੇ ਉਨ੍ਹਾਂ ਖ਼ੁਫੀਆ ਦਸਤਾਵੇਜ਼ਾਂ ਨੂੰ ਡਾਰਕ ਵੈਬ ਉੱਤੇ ਪੋਸਟ ਕੀਤਾ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਪਲਾਂਟ ਦੇ ਕੁਝ ਹਿੱਸਿਆਂ ਦੇ ਕਥਿਤ ਬਲੂਪ੍ਰਿੰਟ, ਸਪਲਾਇਰਾਂ ਦੀ ਜਾਣਕਾਰੀ, ਬੈਠਕਾਂ ਦੇ ਵੇਰਵੇ ਅਤੇ ਬੀਮਾ ਦਸਤਾਵੇਜ਼ ਸ਼ਾਮਲ ਹਨ।
ਇਸ ਖ਼ਬਰ ਦੇ ਆਉਣ ਤੋਂ ਬਾਅਦ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਨਪੀਸੀਆਈਐੱਲ) ਨੇ ਕਿਹਾ ਹੈ ਕਿ ਇਸ ਨਾਲ ਪਰਮਾਣੂ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਐੱਨਪੀਸੀਆਈਐਲ ਦੇ ਕਾਰਜਵਾਹਕ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਵੀ ਨੇ ਕਿਹਾ ਕਿ ਇਹ ਮਾਮਲੇ ਪਲਾਂਟ ਸਿਸਟਮ ਦੇ ਆਮ ਸਰਵਿਸ ਬੈਲੈਂਸ ਨਾਲ ਜੁੜੇ ਹਨ, ਜਿਨ੍ਹਾਂ ਦਾ ਪਰਮਾਣੂ ਸੁਰੱਖਿਆ ਨਾਲ ਕੋਈ ਸਬੰਧ ਨਹੀਂ ਹੈ।
ਰਿਪੋਰਟ ਵਿਚ ਪਲਾਂਟ ਦੇ ਠੇਕੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁਲਕ ਵਿਚ ਇਕ ਤੀਜੀ ਪਾਰਟੀ ਯੋਟਾ ਡਾਟਾ ਸੈਂਟਰ ਵੱਲੋਂ ਹੋਸਟ ਕੀਤੇ ਗਏ ਉਸ ਦੇ ਸਰਵਰ ਡਾਟਾ ਵਿਚ ਸੰਨ ਲੱਗੀ ਸੀ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿਹੜਾ ਡਾਟਾ ਲੀਕ ਹੋਇਆ ਸੀ। ਰਿਪੋਰਟ ਮੁਤਾਬਕ ਨਿਊਕਲੀਅਰ ਥ੍ਰੇਟ ਇਨੀਸ਼ੀਏਟਿਵ ਦੇ ਸੀਨੀਅਰ ਡਾਇਰੈਕਟਰ ਨਿਕੋਲਸ ਰੋਥ ਨੇ ਕਿਹਾ ਕਿ ਇਸ ਨਾਲ ਪਲਾਂਟ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਇਹ ਦਸਤਾਵੇਜ਼ ਰੂਸ ਦੀ ਸਰਕਾਰੀ ਕੰਪਨੀ ਰੋਸਾਟਮ ਦੁਆਰਾ ਸਪਲਾਈ ਕੀਤੇ ਗਏ ਨਿਊਕਲੀਅਰ ਰਿਐਕਟਰ ਦੇ ਕੋਰ ਸਿਸਟਮ ਨਾਲ ਜੁੜੇ ਨਹੀਂ ਲੱਗਦੇ। ਇਸ ਦੌਰਾਨ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਅਤੇ ਸਬੰਧਤ ਸਰਕਾਰੀ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਵੱਲੋਂ ਹੁਣ ਤੱਕ ਇਸ ਕਥਿਤ ਡਾਟਾ ਲੀਕ ਦੀ ਅਧਿਕਾਰਤ ਪੁਸ਼ਟੀ ਜਾਂ ਵਿਸਥਾਰਤ ਟਿੱਪਣੀ ਜਾਰੀ ਨਹੀਂ ਕੀਤੀ ਗਈ ਹੈ।
ਦੂਜੀ ਵਾਰ ਕੁਡਨਕੁਲਮ ਪਲਾਂਟ ’ਤੇ ਸਾਈਬਰ ਹਮਲਾ : ਇਸ ਡਾਟਾ ਲੀਕ ਵਿਚ ਸ਼ਾਮਲ ਰੈਨਸਮਵੇਅਰ ਗਰੁੱਪ ਵਰਲਡ ਲੀਕਸ ਆਪਣੀ ਵੈਬਸਾਈਟ ਉੱਤੇ ਚੋਰੀ ਕੀਤਾ ਗਿਆ ਕਾਰਪੋਰੇਟ ਡਾਟਾ ਪੋਸਟ ਕਰਨ ਲਈ ਬਦਨਾਮ ਹੈ। ਇਹ ਤਦੋਂ ਕਰਦਾ ਹੈ, ਜਦੋਂ ਕੰਪਨੀਆਂ ਉਸਨੂੰ ਫਿਰੌਤੀ ਦੇਣ ਤੋਂ ਇਨਕਾਰ ਕਰਦੀਆਂ ਹਨ। ਇਸ ਦੀ ਵੈਬਸਾਈਟ ਸਿਰਫ ਖਾਸ ਬ੍ਰਾਊਜ਼ਰ ਨਾਲ ਹੀ ਐਕਸੈਸ ਕੀਤੀ ਜਾ ਸਕਦੀ ਹੈ। ਇਹ ਦੂਜੀ ਵਾਰ ਹੈ ਜਦੋਂ ਕੁਡਨਕੁਲਮ ਪਲਾਂਟ ਵਿਚ ਸਾਈਬਰ ਹਮਲੇ ਦੀ ਖਬਰ ਆਈ ਹੈ। 2019 ਵਿਚ ਐੱਨਪੀਸੀਆਈਐੱਲ ਨੇ ਕਿਹਾ ਸੀ ਕਿ ਉਸ ਨੇ ਆਪਣੇ ਕੰਪਿਊਟਰ ਵਿਚ ਮੈਲਵੇਅਰ ਦਾ ਪਤਾ ਲਗਾਇਆ ਹੈ। ਹਾਲਾਂਕਿ, ਉਸ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਪਲਾਂਟ ਦੇ ਸਿਸਟਮ ਪ੍ਰਭਾਵਤ ਨਹੀਂ ਹੋਏ ਸਨ।