ਲੋਕ ਸਭਾ 'ਚ 50% ਤਕ ਵਧਣਗੀਆਂ ਸੀਟਾਂ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ; 2051 ਤਕ ਲਾਗੂ ਰਹੇਗੀ ਵਿਵਸਥਾ
ਸੰਸਦ ਦਾ ਵਿਸ਼ੇਸ਼ ਸੈਸ਼ਨ 30 ਨਵੰਬਰ ਨੂੰ ਲੋਕ ਸਭਾ ਦੀ ਬੈਠਕ ਨਾਲ ਸ਼ੁਰੂ ਹੋਵੇਗਾ, ਜਦਕਿ ਰਾਜ ਸਭਾ ਦੀ ਬੈਠਕ 2 ਦਸੰਬਰ ਤੋਂ ਹੋਵੇਗੀ। ਸਰਕਾਰੀ ਕੰਮਕਾਜ ਦੀ ਉਪਲਬਧਤਾ ਦੇ ਆਧਾਰ 'ਤੇ ਇਸ ਵਿਸ਼ੇਸ਼ ਸੈਸ਼ਨ ਦੇ 3 ਦਸੰਬਰ ਨੂੰ ਖ਼ਤਮ ਹੋਣ ਦੀ ਉਮੀਦ ਹੈ।
Publish Date: Fri, 27 Nov 2026 03:15 PM (IST)
Updated Date: Fri, 27 Nov 2026 03:17 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਲੋਕ ਸਭਾ ਦੀਆਂ ਸੀਟਾਂ 'ਚ ਸਾਰੇ ਸੂਬਿਆਂ 'ਚ 50 ਫ਼ੀਸਦੀ ਤਕ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੀਟਾਂ ਦੀ ਇਹ ਸੋਧੀ ਹੋਈ ਵੱਧ ਤੋਂ ਵੱਧ ਹੱਦ ਸਾਲ 2050 ਤਕ ਲਾਗੂ ਰਹੇਗੀ। ਇਹ ਵੱਡਾ ਫ਼ੈਸਲਾ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਠੀਕ ਪਹਿਲਾਂ ਲਿਆ ਗਿਆ ਹੈ। ਇਸ ਦੌਰਾਨ ਸਰਕਾਰ ਵੱਲੋਂ ਹੱਦਬੰਦੀ ਨਾਲ ਜੁੜੇ ਮਹਿਲਾ ਰਾਖਵਾਂਕਰਨ ਬਿੱਲ 'ਚ ਸੋਧਾਂ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਦੱਖਣੀ ਸੂਬਿਆਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼
ਲੋਕ ਸਭਾ ਦੀਆਂ ਸੀਟਾਂ 'ਚ ਪ੍ਰਸਤਾਵਿਤ ਇਸ ਵਾਧੇ ਨੂੰ ਹੱਦਬੰਦੀ ਕਾਰਨ ਦੱਖਣੀ ਭਾਰਤ ਦੇ ਸੂਬਿਆਂ ਦੀ ਨੁਮਾਇੰਦਗੀ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਦੂਰ ਕਰਨ ਦੀ ਸਰਕਾਰ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਈਆਂ ਖ਼ਬਰਾਂ 'ਚ ਵੀ ਇਹ ਸੰਕੇਤ ਦਿੱਤਾ ਗਿਆ ਸੀ ਕਿ ਸਰਕਾਰ 1971 ਦੀ ਜਨਗਣਨਾ ਦੇ ਆਧਾਰ 'ਤੇ ਸੂਬਿਆਂ ਵਿਚਾਲੇ ਮੌਜੂਦਾ ਹਿੱਸੇਦਾਰੀ ਬਰਕਰਾਰ ਰੱਖਦੇ ਹੋਏ ਸਾਰੇ ਸੂਬਿਆਂ 'ਚ ਸੀਟਾਂ 50 ਫ਼ੀਸਦੀ ਵਧਾਉਣ ਦੇ ਫਾਰਮੂਲੇ 'ਤੇ ਵਿਚਾਰ ਕਰ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਇਹ ਕੈਬਨਿਟ ਬੈਠਕ ਦੁਪਹਿਰ 1 ਵਜੇ ਸੇਵਾ ਤੀਰਥ 'ਚ ਬੁਲਾਈ ਗਈ ਸੀ, ਜਿਸ 'ਚ ਸਾਰੇ ਮੰਤਰੀਆਂ ਨੂੰ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ।
ਮਹਿਲਾ ਰਾਖਵਾਂਕਰਨ ਬਿੱਲ 'ਚ ਸੋਧ ਦੀ ਤਿਆਰੀ
ਸਰਕਾਰ ਉਸ ਪਿਛਲੇ ਕਾਨੂੰਨ 'ਚ ਸੋਧ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਦਾ ਉਦੇਸ਼ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ 'ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣਾ ਹੈ। ਇਹ ਪ੍ਰਸਤਾਵਿਤ ਸੋਧਾਂ ਅਪ੍ਰੈਲ 'ਚ ਲੋਕ ਸਭਾ 'ਚ ਸੰਵਿਧਾਨ (131ਵਾਂ ਸੋਧ) ਬਿੱਲ 2026 ਪਾਸ ਨਾ ਹੋ ਸਕਣ ਤੋਂ ਬਾਅਦ ਲਿਆਂਦੀਆਂ ਜਾ ਰਹੀਆਂ ਹਨ। ਪਿਛਲੇ ਬਿੱਲ 'ਚ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹੱਦਬੰਦੀ ਨਾਲ ਜੋੜਿਆ ਗਿਆ ਸੀ ਅਤੇ ਲੋਕ ਸਭਾ ਦੀਆਂ ਮੌਜੂਦਾ 543 ਸੀਟਾਂ ਵਧਾ ਕੇ ਵੱਧ ਤੋਂ ਵੱਧ 850 ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ।
ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਪ੍ਰੋਗਰਾਮ
ਸੰਸਦ ਦਾ ਵਿਸ਼ੇਸ਼ ਸੈਸ਼ਨ 30 ਨਵੰਬਰ ਨੂੰ ਲੋਕ ਸਭਾ ਦੀ ਬੈਠਕ ਨਾਲ ਸ਼ੁਰੂ ਹੋਵੇਗਾ, ਜਦਕਿ ਰਾਜ ਸਭਾ ਦੀ ਬੈਠਕ 2 ਦਸੰਬਰ ਤੋਂ ਹੋਵੇਗੀ। ਸਰਕਾਰੀ ਕੰਮਕਾਜ ਦੀ ਉਪਲਬਧਤਾ ਦੇ ਆਧਾਰ 'ਤੇ ਇਸ ਵਿਸ਼ੇਸ਼ ਸੈਸ਼ਨ ਦੇ 3 ਦਸੰਬਰ ਨੂੰ ਖ਼ਤਮ ਹੋਣ ਦੀ ਉਮੀਦ ਹੈ।