- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਗਾਂਧੀ ਪਰਿਵਾਰ, ਖ਼ਾਸ ਕਰ ਕੇ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਅਤੇ ਭਰੋਸੇਮੰਦ ਸੈਮ ਪਿਤਰੋਦਾ ਨੂੰ ਮੋਦੀ ਨਾਲ ਮੁਲਾਕਾਤਾਂ ਦੌਰਾਨ ਨਿੱਘ ਅਤੇ ਆਪਣਾਪਣ ਮਹਿਸੂਸ ਹੁੰਦਾ ਹੈ। ਇਕ ਵੀਡੀਓ ਵਿਚ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਮੋਦੀ ਬਹੁਤ ਮਿਹਨਤੀ ਅਤੇ ਚੰਗੇ ਬੁਲਾਰੇ ਹਨ। ਉਹ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਨਿੱਜੀ ਤੌਰ ’ਤੇ ਉਨ੍ਹਾਂ ਦੇ ਮਨ ਵਿਚ ਮੋਦੀ ਖ਼ਿਲਾਫ਼ ਕੁਝ ਨਹੀਂ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਮੁਲਾਕਾਤਾਂ ਨੂੰ ਅਕਸਰ ਬਹੁਤ ਰੁੱਖੀਆਂ ਅਤੇ ਰਸਮੀ ਦੱਸਦੀ ਰਹੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ’ਤੇ ਨਿੱਜੀ ਹਮਲੇ ਕਰਦੇ ਰਹਿੰਦੇ ਹਨ। ਪਰ ਗਾਂਧੀ ਪਰਿਵਾਰ, ਖ਼ਾਸ ਕਰ ਕੇ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਅਤੇ ਭਰੋਸੇਮੰਦ ਸੈਮ ਪਿਤਰੋਦਾ ਨੂੰ ਮੋਦੀ ਨਾਲ ਮੁਲਾਕਾਤਾਂ ਦੌਰਾਨ ਨਿੱਘ ਅਤੇ ਆਪਣਾਪਣ ਮਹਿਸੂਸ ਹੁੰਦਾ ਹੈ। ਇਕ ਵੀਡੀਓ ਵਿਚ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਮੋਦੀ ਬਹੁਤ ਮਿਹਨਤੀ ਅਤੇ ਚੰਗੇ ਬੁਲਾਰੇ ਹਨ। ਉਹ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਨਿੱਜੀ ਤੌਰ ’ਤੇ ਉਨ੍ਹਾਂ ਦੇ ਮਨ ਵਿਚ ਮੋਦੀ ਖ਼ਿਲਾਫ਼ ਕੁਝ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵੀਡੀਓ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਸੈਮ ਅਤੇ ਉਨ੍ਹਾਂ ਦੀ ਪਤਨੀ ਅੰਜਨਾ ਬੇਨ ਨੂੰ ਦੀਵਾਲੀ ਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸੈਮ ਦੀ ਇਸ ਵੀਡੀਓ ਕਾਰਨ ਕਾਂਗਰਸ ਕਾਫ਼ੀ ਅਸਹਜ ਹੈ। ਰਾਹੁਲ ਗਾਂਧੀ 16 ਤੋਂ 19 ਨਵੰਬਰ ਤੱਕ ਕੋਲੰਬੀਆ ਯੂਨੀਵਰਸਿਟੀ ਅਤੇ ਸ਼ਿਕਾਗੋ ਯੂਨੀਵਰਸਿਟੀ ਦੇ ਦੌਰੇ ’ਤੇ ਜਾਣ ਵਾਲੇ ਹਨ, ਜਿੱਥੇ ਉਹ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਸਪੱਸ਼ਟ ਹੈ ਕਿ ਪਹਿਲਾਂ ਵਾਂਗ ਉੱਥੋਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਹਾਲਾਂਕਿ ਪਾਰਟੀ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਇਸ ਨਾਲ ਜੁੜੇ ਸਵਾਲ ਰਾਹੁਲ ਦੇ ਸਾਹਮਣੇ ਆ ਸਕਦੇ ਹਨ।
ਹਾਲ ਹੀ ਵਿਚ ਛਪੀ ਸੋਨੀਆ ਗਾਂਧੀ ਦੀ ਕਿਤਾਬ ਵਿਚ ਮੋਦੀ ਨੂੰ ਅਸਿੱਧੇ ਤੌਰ ’ਤੇ ਰੁੱਖਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਤਾਬ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨਾਲ ਮੁਲਾਕਾਤ ਬਹੁਤ ਰਸਮੀ ਹੁੰਦੀ ਹੈ ਅਤੇ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਵੀ ਨਹੀਂ ਹੁੰਦੀ। ਦੂਜੇ ਪਾਸੇ, ਸੈਮ ਪ੍ਰਧਾਨ ਮੰਤਰੀ ਨਾਲ ਆਪਣੀਆਂ ਮੁਲਾਕਾਤਾਂ ਨੂੰ ਬਹੁਤ ਨਿੱਘ ਭਰਿਆ ਦੱਸਦੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਪਣੀ ਪਤਨੀ ਨਾਲ ਗੁਜਰਾਤ ਵਿਚ ਮੋਦੀ ਦੇ ਘਰ ਜਾ ਚੁੱਕੇ ਹਨ।
ਸੈਮ ਦਾ ਜਨਮ ਵੀ ਗੁਜਰਾਤੀ ਪਰਿਵਾਰ ਵਿਚ ਹੋਇਆ ਹੈ। ਇਸੇ ਲਈ ਉਨ੍ਹਾਂ ਨੇ ਵੀਡੀਓ ਵਿਚ ਮੋਦੀ ਨੂੰ ‘ਗੁਜਰਾਤੀ ਦੋਸਤ’ ਕਹਿ ਕੇ ਸੰਬੋਧਨ ਕੀਤਾ। ਉਂਜ, ਸੈਮ ਦੇ ਬਿਆਨਾਂ ਕਾਰਨ ਪਾਰਟੀ ਕਈ ਵਾਰ ਮੁਸ਼ਕਲ ਵਿਚ ਫਸੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਪਰ ਰਾਹੁਲ ਨਾਲ ਉਨ੍ਹਾਂ ਦੀ ਨੇੜਤਾ ਇੰਨੀ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੁੜ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
---
ਸਿੱਖ ਵਿਰੋਧੀ ਦੰਗਿਆਂ ਨੂੰ ਦੱਸਿਆ ਪੁਰਾਣੀ ਗੱਲ
ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਪੁਰਾਣੀ ਗੱਲ ਕਰਾਰ ਦਿੰਦਿਆਂ ਪੁੱਛਿਆ ਕਿ ਚਾਰ ਦਹਾਕੇ ਪਹਿਲਾਂ ਵਾਪਰੀ ਘਟਨਾ ’ਤੇ ਚਰਚਾ ਕਰਨ ਦੀ ਕੀ ਪ੍ਰਸੰਗਿਕਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਆਈਏਐਨਐਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪਿਤਰੋਦਾ ਤੋਂ ਪੁੱਛਿਆ ਗਿਆ ਕਿ ਕੀ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ? ਇਸ ਦੇ ਜਵਾਬ ਵਿਚ ਸੈਮ ਨੇ ਕਿਹਾ ਕਿ 40 ਸਾਲ ਪਹਿਲਾਂ ਵਾਪਰੀ ਘਟਨਾ ’ਤੇ ਚਰਚਾ ਕਰਨ ਦਾ ਕੀ ਮਤਲਬ ਹੈ? ਮੈਂ ਕਈ ਵਾਰ ਕਹਿ ਚੁੱਕਾ ਹਾਂ ਕਿ ਇਸ ਬਾਰੇ ਬਹੁਤ ਚਰਚਾ ਹੋ ਚੁੱਕੀ ਹੈ। ਅਦਾਲਤ ਅਤੇ ਹੋਰ ਲੋਕਾਂ ਨੂੰ ਫ਼ੈਸਲਾ ਕਰਨ ਦਿਓ। ਅਸੀਂ ਪੁਰਾਣੀਆਂ ਗੱਲਾਂ ਨੂੰ ਮੁੜ ਕਿਉਂ ਉਖਾੜਦੇ ਹਾਂ ਅਤੇ ਚਿੱਕੜ ਕਿਉਂ ਉਛਾਲਦੇ ਹਾਂ? ਮੈਨੂੰ ਇਸ ਸੋਚ ਦਾ ਮਤਲਬ ਸਮਝ ਨਹੀਂ ਆਉਂਦਾ।