
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲਦ ਹੀ ਨਵੀਂ ਦਿੱਲੀ 'ਚ ਹੋਣ ਵਾਲੀ ਦੁਵੱਲੀ ਬੈਠਕ ਤੋਂ ਪਹਿਲਾਂ ਰੂਸ ਨੇ ਭਾਰਤ ਦੇ ਸਾਹਮਣੇ ਆਪਣੇ ਦੋ ਸਭ ਤੋਂ ਐਡਵਾਂਸਡ ਹਥਿਆਰ ਪ੍ਰਣਾਲੀਆਂ S-500 ਪ੍ਰੋਮੇਥਿਅਸ ਏਅਰ ਡਿਫੈਂਸ ਮਿਜ਼ਾਈਲ ਅਤੇ Su-57 ਫੈਲਨ ਸਟੀਲਥ ਫਾਈਟਰ ਜੈੱਟ ਵੇਚਣ ਦੀ ਰਣਨੀਤੀ ਤਿਆਰ ਕੀਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਬਿਸ਼ਕੇਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਬੰਧਾਂ ਨੂੰ ਲੈ ਕੇ ਇਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਜਲਦ ਹੀ ਨਵੀਂ ਦਿੱਲੀ 'ਚ ਹੋਣ ਵਾਲੀ ਦੁਵੱਲੀ ਬੈਠਕ ਤੋਂ ਪਹਿਲਾਂ ਰੂਸ ਨੇ ਭਾਰਤ ਦੇ ਸਾਹਮਣੇ ਆਪਣੇ ਦੋ ਸਭ ਤੋਂ ਐਡਵਾਂਸਡ ਹਥਿਆਰ ਪ੍ਰਣਾਲੀਆਂ S-500 ਪ੍ਰੋਮੇਥਿਅਸ ਏਅਰ ਡਿਫੈਂਸ ਮਿਜ਼ਾਈਲ ਅਤੇ Su-57 ਫੈਲਨ ਸਟੀਲਥ ਫਾਈਟਰ ਜੈੱਟ ਵੇਚਣ ਦੀ ਰਣਨੀਤੀ ਤਿਆਰ ਕੀਤੀ ਹੈ।
ਰੂਸ ਦੀ ਨਵੀਂ ਡਿਫੈਂਸ ਪਿਚ ਦਾ ਮੁੱਖ ਕੇਂਦਰ S-500 ਪ੍ਰੋਮੇਥਿਅਸ ਹੈ। ਰੂਸ ਇਸ ਨੂੰ ਭਾਰਤ ਦੇ ਬੇੜੇ 'ਚ ਪਹਿਲਾਂ ਤੋਂ ਮੌਜੂਦ S-400 ਦੀ ਸਫਲਤਾ ਤੋਂ ਬਾਅਦ ਅਗਲੇ ਕਦਮ ਵਜੋਂ ਦੇਖ ਰਿਹਾ ਹੈ। ਪਾਕਿਸਤਾਨ ਖ਼ਿਲਾਫ਼ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਹਵਾਈ ਫ਼ੌਜ ਦੇ S-400 ਸਿਸਟਮ ਨੇ ਅਸਾਧਾਰਣ ਦੂਰੀ ਤੋਂ ਦੁਸ਼ਮਣ ਦੇ ਅਰਲੀ ਵਾਰਨਿੰਗ ਏਅਰਕ੍ਰਾਫਟ ਨੂੰ ਮਾਰ ਡੇਗਿਆ ਸੀ। ਇਸ ਸਫਲਤਾ ਤੋਂ ਬਾਅਦ ਰੂਸ ਨੇ ਭਾਰਤ ਨੂੰ 5 ਵਾਧੂ S-400 ਸਕੁਐਡਰਨ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਪਰ S-500 ਦੀ ਪੇਸ਼ਕਸ਼ ਕਾਫ਼ੀ ਗੁੰਝਲਦਾਰ ਹੈ। ਭਾਰਤ ਇਸ ਸਮੇਂ ਖੁਦ ਪ੍ਰੋਜੈਕਟ ਕੁਸ਼ਾ ’ਤੇ ਕੰਮ ਕਰ ਰਿਹਾ ਹੈ, ਜੋ S-400 ਸ਼੍ਰੇਣੀ ਦਾ ਸਵਦੇਸ਼ੀ ਏਅਰ ਡਿਫੈਂਸ ਸਿਸਟਮ ਵਿਕਸਤ ਕਰਨ ਦਾ ਪ੍ਰੋਜੈਕਟ ਹੈ। ਇਸ ਤੋਂ ਇਲਾਵਾ, ਭਾਰਤ ਦਾ ਆਪਣਾ ਬੈਲਿਸਟਿਕ ਮਿਜ਼ਾਈਲ ਡਿਫੈਂਸ (BMD) ਪ੍ਰੋਗਰਾਮ ਵੀ ਕਾਫ਼ੀ ਅੱਗੇ ਵਧ ਚੁੱਕਾ ਹੈ। ਅਜਿਹੇ ਵਿਚ ਭਾਰੀ ਬਜਟ ਖਰਚ ਕਰ ਕੇ S-500 ਖਰੀਦਣਾ ਕੀ ਸਹੀ ਫ਼ੈਸਲਾ ਹੋਵੇਗਾ ਜਾਂ ਫਿਰ ਇਸ ਡੀਲ ਨਾਲ ਭਾਰਤ ਦੇ ਆਪਣੇ ਘਰੇਲੂ ਪ੍ਰੋਜੈਕਟਾਂ ਨੂੰ ਝਟਕਾ ਲੱਗੇਗਾ।
S-500 ਪ੍ਰੋਮੇਥਿਅਸ ਰੂਸ ਵੱਲੋਂ ਵਿਕਸਤ ਦੁਨੀਆ ਦਾ ਸਭ ਤੋਂ ਐਡਵਾਂਸਡ ਅਤੇ ਸ਼ਕਤੀਸ਼ਾਲੀ ਅਗਲੀ ਪੀੜ੍ਹੀ ਦਾ ਏਅਰ ਤੇ ਐਂਟੀ-ਬੈਲਿਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈ। ਇਹ S-400 ਮਿਜ਼ਾਈਲ ਸਿਸਟਮ ਤੋਂ ਵੀ ਵੱਧ ਸਮਰੱਥ ਅਤੇ ਉੱਚਾਈ ’ਤੇ ਮਾਰ ਕਰਨ ਵਾਲਾ ਰਣਨੀਤਕ ਸੁਰੱਖਿਆ ਕਵਚ ਹੈ। ਇਸ ਦੀ ਇੰਟਰਸੈਪਸ਼ਨ ਰੇਂਜ ਲਗਪਗ 500 ਤੋਂ 600 ਕਿਲੋਮੀਟਰ ਤੱਕ ਹੈ। ਇਸ ਦਾ ਐਡਵਾਂਸਡ ਰਡਾਰ 800 ਤੋਂ ਵੱਧ ਕਿਲੋਮੀਟਰ ਦੂਰ ਤੋਂ ਹੀ ਖ਼ਤਰੇ ਨੂੰ ਭਾਂਪ ਲੈਂਦਾ ਹੈ। ਇਸ ਸਿਸਟਮ ਦਾ ਰਿਸਪਾਂਸ ਟਾਈਮ 4 ਸਕਿੰਟ ਤੋਂ ਵੀ ਘੱਟ ਹੈ, ਜਦਕਿ S-400 ਦਾ ਰਿਸਪਾਂਸ ਟਾਈਮ ਲਗਭਗ 10 ਸਕਿੰਟ ਹੈ।
ਇਹ ਹਾਈਪਰਸੋਨਿਕ ਮਿਜ਼ਾਈਲਾਂ, ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBM), ਕਰੂਜ਼ ਮਿਜ਼ਾਈਲਾਂ ਅਤੇ ਪੰਜਵੀਂ ਪੀੜ੍ਹੀ ਦੇ ਸਟੀਲਥ ਫਾਈਟਰ ਜੈੱਟਾਂ (ਜਿਵੇਂ F-35 ਅਤੇ F-22) ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦਾ ਹੈ।
ਰੂਸ ਦਾ ਦੂਜਾ ਵੱਡਾ ਆਫਰ Su-57 ਫੈਲਨ ਸਟੀਲਥ ਫਾਈਟਰ ਜੈੱਟ ਹੈ। ਭਾਰਤੀ ਹਵਾਈ ਫ਼ੌਜ 'ਚ ਫਾਈਟਰ ਸਕੁਐਡਰਨਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਭਾਰਤ ਦੇ ਆਪਣੇ ਸਵਦੇਸ਼ੀ ਐਡਵਾਂਸਡ ਮੀਡੀਅਮ ਕਾਂਬੈਟ ਏਅਰਕ੍ਰਾਫਟ (AMCA) ਨੂੰ ਤਿਆਰ ਹੋਣ ਵਿਚ ਹਾਲੇ ਕਈ ਸਾਲ ਲੱਗਣਗੇ। ਦੂਜੇ ਪਾਸੇ, ਖੇਤਰੀ ਸੁਰੱਖਿਆ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਚੀਨ ਕੋਲ 500 ਤੋਂ ਵੱਧ J-20 ਸਟੀਲਥ ਫਾਈਟਰ ਜੈੱਟ ਮੌਜੂਦ ਹਨ ਅਤੇ ਪਾਕਿਸਤਾਨ ਨੂੰ ਵੀ ਜਲਦ ਹੀ ਚੀਨ ਤੋਂ J-35 ਸਟੀਲਥ ਜੈੱਟ ਮਿਲਣ ਵਾਲੇ ਹਨ। ਇਸ ਖ਼ਤਰੇ ਨਾਲ ਨਜਿੱਠਣ ਲਈ ਭਾਰਤ ਨੂੰ ਤੁਰੰਤ 5ਵੀਂ ਪੀੜ੍ਹੀ ਦੇ ਫਾਈਟਰ ਜੈੱਟਾਂ ਦੀ ਲੋੜ ਹੈ।
ਸੁਖੋਈ Su-57 ਰੂਸ ਦਾ ਪਹਿਲਾ ਪੰਜਵੀਂ ਪੀੜ੍ਹੀ ਦਾ ਟਵਿਨ-ਇੰਜਣ ਸਟੀਲਥ ਮਲਟੀਰੋਲ ਲੜਾਕੂ ਜਹਾਜ਼ ਹੈ। ਇਹ ਜਹਾਜ਼ ਦੁਸ਼ਮਣ ਦੇ ਰਡਾਰ ਦੀ ਪਕੜ ਤੋਂ ਬਚਣ ਵਿਚ ਸਮਰੱਥ ਹੈ। ਇਸ ਵਿਚ ਰਡਾਰ ਸਿਗਨਲਾਂ ਨੂੰ ਘੱਟ ਕਰਨ ਵਾਲੇ ਕੰਪੋਜ਼ਿਟ ਮਟੀਰੀਅਲ ਅਤੇ ਅੰਦਰੂਨੀ ਹਥਿਆਰ ਬੇਅ ਦੀ ਵਰਤੋਂ ਕੀਤੀ ਗਈ ਹੈ। ਇਹ ਬਿਨਾਂ ਆਫਟਰਬਰਨਰ ਦੇ ਸੁਪਰਸੋਨਿਕ ਗਤੀ (Mach 1.3 ਤੋਂ ਵੱਧ) ਨਾਲ ਉਡਾਣ ਭਰ ਸਕਦਾ ਹੈ ਤੇ ਵੱਧ ਤੋਂ ਵੱਧ Mach 2 ਤੱਕ ਦੀ ਗਤੀ ਹਾਸਲ ਕਰ ਸਕਦਾ ਹੈ।
ਭਾਰਤ ਨੇ ਪਿਛਲੇ ਦੋ ਦਹਾਕਿਆਂ ਵਿਚ ਕਿਸੇ ਇੱਕ ਦੇਸ਼ ’ਤੇ ਨਿਰਭਰਤਾ ਖ਼ਤਮ ਕੀਤੀ ਹੈ। ਕਿਸੇ ਇੱਕ ਦੇਸ਼ ’ਤੇ ਨਿਰਭਰ ਰਹਿਣ ਦੀ ਬਜਾਏ ਭਾਰਤ ਆਪਣੇ ਰੱਖਿਆ ਸਪਲਾਇਰਾਂ ਵਿਚ ਵਿਭਿੰਨਤਾ ਲਿਆ ਰਿਹਾ ਹੈ। ਹਾਲ ਹੀ ਵਿਚ ਭਾਰਤ ਨੇ ਅਮਰੀਕਾ ਤੋਂ ਜੈਵਲਿਨ ਐਂਟੀ-ਟੈਂਕ ਮਿਜ਼ਾਈਲਾਂ ਅਤੇ ਫਰਾਂਸ ਤੋਂ 114 ਰਾਫੇਲ ਫਾਈਟਰ ਜੈੱਟਾਂ ਦੀ ਖਰੀਦ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ।
ਇਸ ਦੇ ਬਾਵਜੂਦ, ਰੂਸ ਨੂੰ ਭਾਰਤ ਵਿਚ ਇਕ ਵੱਡਾ ਫਾਇਦਾ ਹਾਸਲ ਹੈ। ਦਹਾਕਿਆਂ ਤੋਂ ਵਰਤੇ ਜਾ ਰਹੇ ਰੂਸੀ ਟੈਂਕਾਂ, ਫਾਈਟਰ ਜੈੱਟਾਂ ਅਤੇ ਪਣਡੁੱਬੀਆਂ ਕਾਰਨ ਭਾਰਤੀ ਫੌਜ ਵਿਚ ਰੂਸੀ ਤਕਨਾਲੋਜੀ ਡੂੰਘਾਈ ਨਾਲ ਸਮਾਈ ਹੋਈ ਹੈ।
ਭਾਰਤ ਨਾਲ ਚੰਗੇ ਸਬੰਧਾਂ ਦੇ ਚਲਦੇ ਰੂਸ ਵੋਰੋਨੇਜ਼ ਰਡਾਰ, Su-30MKI ਬੇੜੇ ਦਾ ਅਪਗ੍ਰੇਡ ਅਤੇ ਕਿਲੋ-ਕਲਾਸ ਪਣਡੁੱਬੀਆਂ ਦੇ ਆਧੁਨਿਕੀਕਰਨ ਦੀ ਪੇਸ਼ਕਸ਼ ਵੀ ਭਾਰਤ ਨੂੰ ਕਰ ਰਿਹਾ ਹੈ।