- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Rahul Gandhi ਨੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, 'ਸਿੱਖਿਆ ਸਿਸਟਮ ਬਹੁਤ ਮਹਿੰਗਾ ਹੈ। ਸਰਕਾਰ ਪੂਰੇ ਸਿੱਖਿਆ ਬਜਟ 'ਚ ਜਿੰਨਾ ਖਰਚ ਕਰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਪੈਸਾ ਇਕ ਪ੍ਰੀਖਿਆ 'ਤੇ ਖਰਚ ਹੋ ਜਾਂਦਾ ਹੈ।'

ਡਿਜੀਟਲ ਡੈਸਕ, ਨਵੀਂ ਦਿੱਲੀ: ਲੋਕ ਸਭਾ 'ਚ ਪੇਪਰ ਲੀਕ ਰੋਕੂ ਬਿੱਲ 'ਤੇ ਚਰਚਾ ਚੱਲ ਰਹੀ ਹੈ। ਸਦਨ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਭਾਸ਼ਣ ਦੇ ਰਹੇ ਹਨ। ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚ ਹੰਗਾਮਾ ਮਚ ਗਿਆ।
ਰਾਹੁਲ ਗਾਂਧੀ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਕਿਹਾ, 'ਇਸ ਦੇਸ਼ ਦੇ ਭਵਿੱਖ ਨੇ ਸਾਡੀਆਂ ਸੜਕਾਂ 'ਤੇ ਜੋ ਕੀਤਾ, ਉਸ ਨੂੰ ਦੇਖ ਕੇ ਮੈਂ ਬਹੁਤ ਉਤਸ਼ਾਹਤ ਤੇ ਆਸਵੰਦ ਮਹਿਸੂਸ ਕਰ ਰਿਹਾ ਹਾਂ। ਇਹ ਗੁੱਸਾ, ਹਿੰਸਾ ਜਾਂ ਨਫ਼ਰਤ ਨਹੀਂ ਸੀ, ਬਲਕਿ ਇਸ ਦੇਸ਼ ਦੇ ਨੌਜਵਾਨਾਂ ਤੇ ਆਉਣ ਵਾਲੀ ਪੀੜ੍ਹੀ ਦੀ ਡੂੰਘੀ ਭਾਵਨਾ ਦਾ ਇਜ਼ਹਾਰ ਸੀ।'
ਰਾਹੁਲ ਗਾਂਧੀ ਨੇ ਸਦਨ 'ਚ 'ਈਡੀਅਟ' (Idiot) ਸ਼ਬਦ ਦੀ ਵਰਤੋਂ ਕੀਤੀ, ਜਿਸ 'ਤੇ ਸੱਤਾ ਧਿਰ ਦੇ ਲੋਕਾਂ ਨੇ ਇਤਰਾਜ਼ ਜਤਾਇਆ। ਇਸ ਦੇ ਨਾਲ ਹੀ ਸਦਨ 'ਚ ਹੰਗਾਮਾ ਮਚ ਗਿਆ।
ਰਾਹੁਲ ਗਾਂਧੀ ਨੇ ਭਾਸ਼ਣ ਦੌਰਾਨ ਕਿਹਾ, 'ਤਿੰਨ ਤਰ੍ਹਾਂ ਦੇ ਲੋਕ ਹੁੰਦੇ ਹਨ.. ਵਿਦਿਆਰਥੀ, ਅੰਧਭਗਤ ਤੇ ਈਡੀਅਟ। ਜਿੱਥੇ 'ਅੰਧਭਗਤ' ਨੂੰ ਲੱਗਦਾ ਹੈ ਕਿ 'ਈਡੀਅਟ' ਹੀ ਭਗਵਾਨ ਹੈ। ਤੁਸੀਂ ਦੱਸੋ ਸਟੂਡੈਂਟ ਕੌਣ ਹੈ ਤੇ ਈਡੀਅਟ ਕੌਣ?'
ਜੰਤਰ-ਮੰਤਰ 'ਤੇ ਵਿਰੋਧ ਕਰ ਰਹੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਇਕ ਯੁਵਾ ਔਰਤ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਟੂਡੈਂਟ ਹੋਣ ਦਾ ਕੀ ਮਤਲਬ ਹੈ।
ਰਾਹੁਲ ਨੇ ਕਿਹਾ, 'ਮੈਂ ਉਸ ਲੜਕੀ ਤੋਂ ਪੁੱਛਿਆ, 'ਤੂੰ ਮੈਨੂੰ ਦੱਸਿਆ ਕਿ ਤੂੰ ਇਕ ਵਿਦਿਆਰਥਣ ਹੈ। ਇਸ ਦਾ ਕੀ ਮਤਲਬ ਹੈ? ਕੀ ਤੂੰ ਕਾਲਜ ਜਾਂ ਸਕੂਲ 'ਚ ਪੜ੍ਹਦੀ ਹੈ ਜਾਂ ਇਸ ਦਾ ਮਤਲਬ ਹੈ ਕਿ ਤੂੰ ਕਿਤਾਬਾਂ ਪੜ੍ਹਦੀ ਹੈ?'
ਕਾਂਗਰਸ ਆਗੂ ਨੇ ਅੱਗੇ ਦੱਸਿਆ, 'ਉਸ ਨੇ ਬਹੁਤ ਸੁੰਦਰ ਜਵਾਬ ਦਿੱਤਾ। ਉਨ੍ਹਾਂ ਕਿਹਾ, ਵਿਦਿਆਰਥੀ ਉਹ ਹੈ ਜਿਸ ਦਾ ਦਿਮਾਗ ਤੇ ਦਿਲ ਖੁੱਲ੍ਹਾ ਹੋਵੇ, ਜੋ ਸ਼ੁਰੂ ਤੋਂ ਹੀ ਇਹ ਮੰਨ ਲਵੇ ਕਿ ਉਸ ਨੂੰ ਕੁਝ ਨਹੀਂ ਪਤਾ। ਵਿਦਿਆਰਥੀ ਜਾਣਦਾ ਹੈ ਕਿ ਜੋ ਕੁਝ ਵੀ ਉਹ ਜਾਣਦਾ ਹੈ, ਉਸ ਨੂੰ ਬਾਅਦ 'ਚ ਨਵੀਂ ਜਾਣਕਾਰੀ ਨਾਲ ਬਦਲਿਆ ਜਾ ਸਕਦਾ ਹੈ। ਵਿਦਿਆਰਥੀ ਸਮਝਦਾ ਹੈ ਕਿ ਬ੍ਰਹਿਮੰਡ ਲਗਾਤਾਰ ਬਦਲ ਰਿਹਾ ਹੈ ਤੇ ਇਸ ਲਈ ਉਹ ਸਮਝਦਾ ਹੈ ਕਿ ਗਿਆਨ ਵੀ ਲਗਾਤਾਰ ਬਦਲ ਰਿਹਾ ਹੈ।'
ਰਾਹੁਲ ਗਾਂਧੀ ਨੇ ਇਸ ਤੋਂ ਬਾਅਦ ਉਸ ਵਿਦਿਆਰਥੀ ਵੱਲੋਂ ਦੱਸੇ ਗਏ ਇਕ ਹੋਰ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਤੇ ਕਿਹਾ, 'ਉਸ ਨੇ ਮੈਨੂੰ ਦੱਸਿਆ ਕਿ ਲੋਕਾਂ ਦੀ ਇਕ ਹੋਰ ਕੈਟੇਗਰੀ ਹੁੰਦੀ ਹੈ। ਉਹ ਵਿਦਿਆਰਥੀ ਨਹੀਂ ਹੁੰਦੇ, ਉਨ੍ਹਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਉਹ ਸਭ ਕੁਝ ਜਾਣਦੇ ਹਨ।'
ਕਾਂਗਰਸ ਆਗੂ ਨੇ ਕਿਹਾ, 'ਉਹ ਮੰਨਦੇ ਹਨ ਕਿ ਬ੍ਰਹਿਮੰਡ ਸਥਿਰ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਗਿਆਨ ਉਨ੍ਹਾਂ ਦੇ ਅੰਦਰੋਂ ਆਉਂਦਾ ਹੈ। ਉਹ ਖੁਦ ਨੂੰ ਭਗਵਾਨ ਮੰਨਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਕੁਝ ਵੀ ਜਾਣਨ ਯੋਗ ਹੈ, ਉਹ ਸਭ ਜਾਣਦੇ ਹਨ। ਉਹ ਹੰਕਾਰੀ ਹੁੰਦੇ ਹਨ, ਉਹ ਕਿਸੇ ਦੀ ਗੱਲ ਨਹੀਂ ਸੁਣਦੇ, ਉਹ ਦੂਜਿਆਂ ਦੀ ਸੱਚਾਈ ਦਾ ਸਤਿਕਾਰ ਨਹੀਂ ਕਰਦੇ।'
ਰਾਹੁਲ ਗਾਂਧੀ ਨੇ ਅੱਗੇ ਦੱਸਿਆ, 'ਮੈਂ ਉਸ ਸਟੂਡੈਂਟ ਤੋਂ ਪੁੱਛਿਆ, ਤੂੰ ਅਜਿਹੇ ਲੋਕਾਂ ਨੂੰ ਕੀ ਕਹਿੰਦੀ ਹੈਂ? ਉਸ ਨੇ ਕਿਹਾ, ਮੈਂ ਉਨ੍ਹਾਂ ਨੂੰ ਈਡੀਅਟ (ਮੂਰਖ) ਕਹਿੰਦੀ ਹਾਂ।' ਰਾਹੁਲ ਨੇ ਲੋਕ ਸਭਾ 'ਚ ਭਾਸ਼ਣ ਦੌਰਾਨ ਕਿਹਾ, 'ਅੰਧਭਗਤ ਉਹ ਵਿਅਕਤੀ ਹੈ ਜੋ ਦੂਜੇ ਵਿਅਕਤੀ ਨੂੰ ਭਗਵਾਨ ਮੰਨਦਾ ਹੈ।'
ਰਾਹੁਲ ਗਾਂਧੀ ਦੇ ਈਡੀਅਟ ਸ਼ਬਦ ਦਾ ਇਸਤੇਮਾਲ ਕਰਦੇ ਹੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਤਰਾਜ਼ ਜਤਾਇਆ ਤੇ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਇਸ ਗ਼ੈਰ-ਸੰਸਦੀ ਸ਼ਬਦ ਨੂੰ ਕਾਰਵਾਈ ਤੋਂ ਹਟਾ ਦੇਣ।
ਕਿਰਨ ਰਿਜੀਜੂ ਦੇ ਬੋਲਣ 'ਤੇ ਰਾਹੁਲ ਗਾਂਧੀ ਨੇ ਕਿਹਾ, 'ਅਧਿਅਕਸ਼ ਜੀ, ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਵਿਚ ਸਿਰਫ਼ BJP ਬੋਲੇ ਤਾਂ ਮੈਂ ਚੁੱਪ ਹੋ ਕੇ ਬੈਠ ਜਾਵਾਂਗਾ। ਮੈਂ ਜਦੋਂ ਵੀ ਬੋਲਦਾ ਹਾਂ, BJP ਵੱਲੋਂ ਕੋਈ ਨਾ ਕੋਈ ਬੋਲਣ ਲੱਗ ਪੈਂਦਾ ਹੈ।'
ਰਾਹੁਲ ਗਾਂਧੀ ਨੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, 'ਸਿੱਖਿਆ ਸਿਸਟਮ ਬਹੁਤ ਮਹਿੰਗਾ ਹੈ। ਸਰਕਾਰ ਪੂਰੇ ਸਿੱਖਿਆ ਬਜਟ 'ਚ ਜਿੰਨਾ ਖਰਚ ਕਰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਪੈਸਾ ਇਕ ਪ੍ਰੀਖਿਆ 'ਤੇ ਖਰਚ ਹੋ ਜਾਂਦਾ ਹੈ।'
ਕਾਂਗਰਸ ਆਗੂ ਨੇ ਅੱਗੇ ਕਿਹਾ, 'ਵਿਦਿਆਰਥੀ ਇਸ ਲਈ ਪਰੇਸ਼ਾਨ ਹਨ ਕਿਉਂਕਿ ਉਹ ਆਪਣੀ ਪਸੰਦ ਦੇ ਕੰਮ ਨਹੀਂ ਕਰ ਪਾ ਰਹੇ ਹਨ। ਵਿਦਿਆਰਥੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣੇ ਪੈਸ਼ਨ ਨੂੰ ਫਾਲੋ ਕਰਨ ਜਾਂ ਆਪਣੇ ਮਨ ਦੇ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਹੈ।'
ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਸਦਨ 'ਚ ਬਿਆਨ ਦਿੱਤਾ। ਰਾਹੁਲ ਗਾਂਧੀ ਨੇ ਕਿਹਾ, 'ਗ੍ਰਹਿ ਮੰਤਰੀ ਨੇ ਵਿਦਿਆਰਥੀਆਂ 'ਤੇ ਪੈਲੇਟ ਗਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ।' ਕਿਰਨ ਰਿਜੀਜੂ ਨੇ ਰਾਹੁਲ ਗਾਂਧੀ ਦੇ ਦਾਅਵਿਆਂ ਨੂੰ ਖਾਰਜ ਕੀਤਾ। ਇਸ ਦੇ ਨਾਲ ਹੀ ਕਿਰਨ ਰਿਜੀਜੂ ਨੇ ਰਾਹੁਲ ਗਾਂਧੀ ਤੋਂ ਮਾਫ਼ੀ ਮੰਗਣ ਲਈ ਕਿਹਾ।
ਸਦਨ 'ਚ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਸਮਰਥਨ 'ਚ ਅਖਿਲੇਸ਼ ਯਾਦਵ ਬੋਲਣ ਆਏ, ਪਰ ਰਿਜੀਜੂ ਨੇ ਕਿਹਾ, 'ਤੁਸੀਂ ਕਾਰਵਾਈ ਦੀ ਮੰਗ ਕਰ ਸਕਦੇ ਹੋ ਪਰ ਕਿਸੇ 'ਤੇ ਇਸ ਤਰ੍ਹਾਂ ਦੋਸ਼ ਨਹੀਂ ਲਗਾ ਸਕਦੇ।'
ਪਬਲਿਕ ਐਗਜ਼ਾਮੀਨੇਸ਼ਨਜ਼ ਸੰਸ਼ੋਧਨ ਬਿੱਲ, 2026 'ਤੇ ਬਹਿਸ 'ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਕਿਹਾ ਕਿ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਦਿਖਾਉਂਦੇ ਹਨ।
ਰਾਹੁਲ ਗਾਂਧੀ ਨੇ ਅੱਗੇ ਕਿਹਾ, 'ਅਸਲ ਵਿਚ ਮੈਨੂੰ ਪੂਰਾ ਯਕੀਨ ਹੈ ਅਤੇ ਮੈਂ ਇਸ ਦੇ ਉਦਾਹਰਣ ਵੀ ਦੇਖੇ ਹਨ ਕਿ ਜੇਕਰ BJP ਦੇ ਮੇਰੇ ਦੋਸਤ ਆਪਣੇ ਹੀ ਬੱਚਿਆਂ ਤੋਂ ਪੁੱਛਣ ਕਿ ਉਨ੍ਹਾਂ ਦੇ ਭੈਣ-ਭਰਾ ਜੋ ਕਰ ਰਹੇ ਸਨ, ਉਸ ਬਾਰੇ ਉਹ ਕੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਹਿਮਤੀ ਹੀ ਮਿਲੇਗੀ।'