ਅੱਤਵਾਦ 'ਤੇ ਦੋਹਰੇ ਮਾਪਦੰਡ ਨਹੀਂ ਚੱਲਣਗੇ! SCO ਦੀ ਬੈਠਕ 'ਚ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਰੱਖਿਆ ਮੰਤਰੀ ਨੇ ਕਿਹਾ ਕਿ ਇਹ ਤਿੰਨੇ ਥੰਮ੍ਹ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ, ਕਿਉਂਕਿ ਸੁਰੱਖਿਆ ਨਾਲ ਨਿਵੇਸ਼ ਨੂੰ ਉਤਸ਼ਾਹ ਮਿਲਦਾ ਹੈ ਅਤੇ ਕਨੈਕਟੀਵਿਟੀ ਨਾਲ ਵਪਾਰ ਆਸਾਨ ਹੁੰਦਾ ਹੈ। ਸੁਰੱਖਿਆ ਅਤੇ ਕਨੈਕਟੀਵਿਟੀ ਮਿਲ ਕੇ ਆਰਥਿਕ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੇ ਥੰਮ੍ਹ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਪੁਰਾਣੇ ਤੇ ਮਜ਼ਬੂਤ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਂਦੇ ਹਨ।
Publish Date: Tue, 20 Oct 2026 04:25 PM (IST)
Updated Date: Tue, 20 Oct 2026 04:30 PM (IST)
ਡਿਜੀਟਲ ਡੈਸਕ, ਦੁਸ਼ਾਂਬੇ : ਰੱਖਿਆ ਮੰਤਰੀ ਰਾਜਨਾਥ ਸਿੰਘ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ 'ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ ਦੀ ਬੈਠਕ 'ਚ ਸ਼ਾਮਲ ਹੋਏ। ਇਸ ਦੌਰਾਨ ਬੈਠਕ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ।
ਰੱਖਿਆ ਮੰਤਰੀ ਨੇ ਅੱਤਵਾਦ ਨੂੰ ਸ਼ਾਂਤੀ ਅਤੇ ਵਿਕਾਸ ਲਈ ਸਭ ਤੋਂ ਗੰਭੀਰ ਖ਼ਤਰਿਆਂ 'ਚੋਂ ਇਕ ਦੱਸਦਿਆਂ ਕਿਹਾ ਕਿ ਅੱਤਵਾਦ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਨਾਲ ਨਜਿੱਠਣ ਲਈ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ।
ਅੱਤਵਾਦ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਦੀ ਅਪੀਲ
ਰੱਖਿਆ ਮੰਤਰੀ ਨੇ ਆਪਣੇ ਸੰਬੋਧਨ 'ਚ ਅੱਤਵਾਦ ਕਾਰਨ ਹੋਣ ਵਾਲੇ ਆਰਥਿਕ ਅਤੇ ਸਮਾਜਿਕ ਨੁਕਸਾਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, 'ਅੱਤਵਾਦ ਨਾ ਸਿਰਫ਼ ਬੇਕਸੂਰ ਲੋਕਾਂ ਦੀ ਜਾਨ ਲੈਂਦਾ ਹੈ, ਸਗੋਂ ਨਿਵੇਸ਼, ਵਪਾਰ ਅਤੇ ਸਪਲਾਈ ਚੇਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।' ਰਾਜਨਾਥ ਸਿੰਘ ਨੇ ਕਿਹਾ, 'ਇਹ ਸਮਾਜ 'ਚ ਕੱਟੜਪੰਥ ਨੂੰ ਫੈਲਾਉਂਦਾ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਹੀ ਮੌਕਿਆਂ ਤੋਂ ਵਾਂਝਾ ਕਰ ਦਿੰਦਾ ਹੈ।'
ਉਨ੍ਹਾਂ ਅੱਗੇ ਕਿਹਾ, 'ਜਿਹੜੇ ਦੇਸ਼ ਜਾਂ ਸੰਗਠਨ ਅੱਤਵਾਦੀਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦੇ ਹਨ, ਉਨ੍ਹਾਂ ਦਾ ਸਮਰਥਨ ਕਰਦੇ ਹਨ ਜਾਂ ਉਨ੍ਹਾਂ ਨੂੰ ਸੁਰੱਖਿਅਤ ਪਨਾਹ ਦਿੰਦੇ ਹਨ, ਉਨ੍ਹਾਂ ਲਈ ਦੁਨੀਆ 'ਚ ਕੋਈ ਥਾਂ ਨਹੀਂ ਹੋਣੀ ਚਾਹੀਦੀ।'
VIDEO ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ...
PM ਮੋਦੀ ਦੇ ਤਿੰਨ ਥੰਮ੍ਹ: ਸੁਰੱਖਿਆ, ਕਨੈਕਟੀਵਿਟੀ ਤੇ ਮੌਕੇ
ਰਾਜਨਾਥ ਸਿੰਘ ਨੇ ਬਿਸ਼ਕੇਕ 'ਚ ਹੋਏ SCO ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੱਲਾਂ ਨੂੰ ਯਾਦ ਕੀਤਾ। ਉਸ ਸਮੇਂ ਪ੍ਰਧਾਨ ਮੰਤਰੀ ਨੇ ਸੁਰੱਖਿਆ, ਕਨੈਕਟੀਵਿਟੀ ਅਤੇ ਮੌਕਿਆਂ 'ਤੇ ਆਧਾਰਿਤ SCO ਲਈ ਭਾਰਤ ਦਾ ਦ੍ਰਿਸ਼ਟੀਕੋਣ ਦੁਹਰਾਇਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਤਿੰਨੇ ਥੰਮ੍ਹ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ, ਕਿਉਂਕਿ ਸੁਰੱਖਿਆ ਨਾਲ ਨਿਵੇਸ਼ ਨੂੰ ਉਤਸ਼ਾਹ ਮਿਲਦਾ ਹੈ ਅਤੇ ਕਨੈਕਟੀਵਿਟੀ ਨਾਲ ਵਪਾਰ ਆਸਾਨ ਹੁੰਦਾ ਹੈ। ਸੁਰੱਖਿਆ ਅਤੇ ਕਨੈਕਟੀਵਿਟੀ ਮਿਲ ਕੇ ਆਰਥਿਕ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੇ ਥੰਮ੍ਹ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਪੁਰਾਣੇ ਤੇ ਮਜ਼ਬੂਤ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਂਦੇ ਹਨ।
ਰਾਜਨਾਥ ਸਿੰਘ ਨੇ ਕਿਹਾ, 'ਅਸੀਂ ਮੱਧ ਏਸ਼ਿਆਈ ਦੇਸ਼ਾਂ ਨਾਲ ਆਪਣੀ ਪੁਰਾਣੀ ਦੋਸਤੀ ਅਤੇ ਮਜ਼ਬੂਤ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਾਂ। ਬਿਸ਼ਕੇਕ 'ਚ SCO ਦੀ ਬੈਠਕ ਦੌਰਾਨ ਸਾਡੇ ਆਗੂਆਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਵਰ੍ਹੇਗੰਢ ਮਨਾਈ ਸੀ। ਇਹ ਸਾਡੇ ਸਾਂਝੇ ਸਫ਼ਰ ਦੀ ਸਮੀਖਿਆ ਕਰਨ ਅਤੇ ਭਵਿੱਖ ਦੀ ਦਿਸ਼ਾ 'ਤੇ ਚਰਚਾ ਕਰਨ ਦਾ ਮੌਕਾ ਸੀ।'
ਉਨ੍ਹਾਂ ਅੱਗੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SCO ਸੰਗਠਨ ਨੂੰ ਸੁਰੱਖਿਆ, ਸਮੂਹਿਕ ਸਹਿਯੋਗ ਅਤੇ ਮੌਕਿਆਂ ਦੇ ਮੁੱਦਿਆਂ 'ਤੇ ਠੋਸ ਕਦਮ ਚੁੱਕਣ ਦਾ ਸੱਦਾ ਦਿੱਤਾ ਸੀ। ਇਹ ਸੰਦੇਸ਼ ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ।' ਰਾਜਨਾਥ ਸਿੰਘ ਨੇ ਸਾਲ 2026 ਤੋਂ 2030 ਲਈ 'ਬਹੁਪੱਖੀ ਵਪਾਰ ਅਤੇ ਆਰਥਿਕ ਸਹਿਯੋਗ ਪ੍ਰੋਗਰਾਮ' ਦੀ ਕਾਰਜ ਯੋਜਨਾ ਨੂੰ ਅਪਣਾਉਣ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਵੀ ਕੀਤੀ।
ਵਿਸ਼ਵ ਆਰਥਿਕ ਅਨਿਸ਼ਚਿਤਤਾ ਅਤੇ ਸਪਲਾਈ ਚੇਨ 'ਤੇ ਜਤਾਈ ਚਿੰਤਾ
ਦੁਨੀਆ ਭਰ 'ਚ ਚੱਲ ਰਹੇ ਸੰਘਰਸ਼ਾਂ ਅਤੇ ਭੂ-ਸਿਆਸੀ ਤਣਾਅ ਬਾਰੇ ਗੱਲ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਵਿਸ਼ਵ ਆਰਥਿਕ ਮਾਹੌਲ ਅਨਿਸ਼ਚਿਤ ਹੈ। ਉਨ੍ਹਾਂ ਕਿਹਾ, 'ਅੱਜ ਅਸੀਂ ਇਕ ਅਨਿਸ਼ਚਿਤ ਵਿਸ਼ਵ ਆਰਥਿਕ ਮਾਹੌਲ ਦੇ ਦੌਰ 'ਚੋਂ ਲੰਘ ਰਹੇ ਹਾਂ। ਸੰਘਰਸ਼ ਅਤੇ ਭੂ-ਸਿਆਸੀ ਤਣਾਅ ਵਪਾਰ ਤੇ ਸਪਲਾਈ ਚੇਨ ਨੂੰ ਪ੍ਰਭਾਵਿਤ ਕਰ ਰਹੇ ਹਨ। ਊਰਜਾ ਅਤੇ ਖੁਰਾਕ ਸੁਰੱਖਿਆ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ। ਨਵੀਆਂ ਤਕਨੀਕਾਂ ਅਰਥਵਿਵਸਥਾਵਾਂ ਨੂੰ ਬਦਲ ਰਹੀਆਂ ਹਨ ਅਤੇ ਨਾਲ ਹੀ ਨਵੀਆਂ ਦੂਰੀਆਂ ਵੀ ਪੈਦਾ ਕਰ ਰਹੀਆਂ ਹਨ। ਅਜਿਹੇ ਹਾਲਾਤ 'ਚ SCO ਦਾ ਮੁਲਾਂਕਣ ਇਸ ਆਧਾਰ 'ਤੇ ਕੀਤਾ ਜਾਵੇਗਾ ਕਿ ਕੀ ਉਹ ਕੋਈ ਸਾਂਝਾ ਆਧਾਰ ਲੱਭ ਕੇ ਉਸ 'ਤੇ ਕੰਮ ਕਰ ਸਕਦਾ ਹੈ ਜਾਂ ਨਹੀਂ।'
ਰਾਜਨਾਥ ਸਿੰਘ ਨੇ ਅੱਗੇ ਕਿਹਾ, 'ਭਾਰਤ ਦਾ ਮੰਨਣਾ ਹੈ ਕਿ ਸਾਡਾ ਆਰਥਿਕ ਜੁੜਾਅ ਸਮਾਵੇਸ਼ੀ ਹੋਣਾ ਚਾਹੀਦਾ ਹੈ ਅਤੇ ਇਸ ਦਾ ਲਾਭ ਹਰ ਮੈਂਬਰ ਦੇਸ਼ ਨੂੰ ਮਿਲਣਾ ਚਾਹੀਦਾ ਹੈ। ਸਾਨੂੰ ਵਧੇਰੇ ਮਜ਼ਬੂਤ ਸਪਲਾਈ ਚੇਨ ਬਣਾਉਣ, ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਲਈ ਤਕਨਾਲੋਜੀ ਦੀ ਵਰਤੋਂ ਕਰਨ ਵੱਲ ਕੰਮ ਕਰਨਾ ਚਾਹੀਦਾ ਹੈ। ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਆਰਥਿਕ ਸਹਿਯੋਗ ਦਾ ਲਾਭ ਸਾਡੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ।'