'ਗਿਆਨੇਸ਼ ਕੁਮਾਰ ਨੂੰ ਦਿੱਤਾ ਗਿਆ ਬਲੈਂਕ ਚੈੱਕ', ਰਾਹੁਲ ਗਾਂਧੀ ਨੇ ਹੱਦਬੰਦੀ ਬਿੱਲ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਤੇ ਸਰਕਾਰ ’ਤੇ ਸਾਧਿਆ ਨਿਸ਼ਾਨਾ; ਭਾਜਪਾ ਨੇ ਦੋਸ਼ ਕੀਤੇ ਖਾਰਜ
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਨੇਤਾਵਾਂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ’ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਹੱਦਬੰਦੀ ਕਮਿਸ਼ਨ (ਡਿਲਿਮਿਟੇਸ਼ਨ ਕਮਿਸ਼ਨ) ਵਿੱਚ ਗਿਆਨੇਸ਼ ਕੁਮਾਰ ਦੀ ਪ੍ਰਸਤਾਵਿਤ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
Publish Date: Sun, 29 Nov 2026 01:42 PM (IST)
Updated Date: Sun, 29 Nov 2026 01:46 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਨੇਤਾਵਾਂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ’ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਹੱਦਬੰਦੀ ਕਮਿਸ਼ਨ (ਡਿਲਿਮਿਟੇਸ਼ਨ ਕਮਿਸ਼ਨ) ਵਿੱਚ ਗਿਆਨੇਸ਼ ਕੁਮਾਰ ਦੀ ਪ੍ਰਸਤਾਵਿਤ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਵਿਰੋਧੀ ਧਿਰ ਦਾ ਦੋਸ਼ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਲਈ ਭਾਰਤ ਦਾ ਚੋਣ ਨਕਸ਼ਾ ਮੁੜ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਾਇਦ ਲੋਕ ਸਭਾ ਦੇ ਪ੍ਰਸਤਾਵਿਤ ਚੋਣ ਹਲਕਿਆਂ ਦਾ ਨਕਸ਼ਾ ਪਹਿਲਾਂ ਹੀ ਤਿਆਰ ਕਰ ਲਿਆ ਹੈ ਅਤੇ ਗਿਆਨੇਸ਼ ਕੁਮਾਰ ਸਿਰਫ਼ ਉਸ ਨੂੰ ਲਾਗੂ ਕਰਨਗੇ।
ਰਾਹੁਲ ਗਾਂਧੀ ਨੇ ਕੀ ਦਾਅਵਾ ਕੀਤਾ? ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਵਧਾ ਕੇ 850 ਕਰਨ ਦੀ ਤਜਵੀਜ਼ ਦੀ ਵਰਤੋਂ ਭਾਜਪਾ ਦਾ ਵਿਰੋਧ ਕਰਨ ਵਾਲੇ ਭਾਈਚਾਰਿਆਂ ਨੂੰ ਹਾਸ਼ੀਏ ’ਤੇ ਧੱਕਣ ਅਤੇ ਵਿਰੋਧੀ ਧਿਰ ਦੀਆਂ ਚੋਣੀ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਕੇਂਦਰ ਸਰਕਾਰ ਦੀ ਪ੍ਰਸਤਾਵਿਤ ਹੱਦਬੰਦੀ ਪ੍ਰਕਿਰਿਆ ਨੂੰ ਲੈ ਕੇ ਵਿਰੋਧੀ ਧਿਰ ਦੀ ਵਧਦੀ ਆਲੋਚਨਾ ਦਰਮਿਆਨ ਆਈ ਹੈ। ਕਾਂਗਰਸ ਨੇ ਉਸ ਕਮਿਸ਼ਨ ਦੇ ਗਠਨ ਅਤੇ ਉਸ ਦੀ ਆਜ਼ਾਦੀ ’ਤੇ ਸਵਾਲ ਚੁੱਕੇ ਹਨ, ਜੋ ਦੇਸ਼ ਭਰ ਵਿੱਚ ਚੋਣ ਹਲਕਿਆਂ ਦੀਆਂ ਹੱਦਾਂ ਮੁੜ ਤੈਅ ਕਰੇਗਾ।
ਰਾਹੁਲ ਗਾਂਧੀ ਨੇ ਕਿਹਾ ਅਸਲ ਮੁੱਦਾ ਮੋਦੀ, ਸ਼ਾਹ, ਗਿਆਨੇਸ਼ ਕੁਮਾਰ ਅਤੇ ਅਡਾਨੀ ਨੂੰ ਇੱਕ ਬਲੈਂਕ ਚੈੱਕ ਦੇਣ ਦਾ ਹੈ, ਤਾਂ ਜੋ ਉਹ ਪੂਰੇ ਦੇਸ਼ ਵਿੱਚ ਚੋਣ ਹਲਕਿਆਂ ਦੀਆਂ ਹੱਦਾਂ ਮੁੜ ਤੈਅ ਕਰ ਸਕਣ, ਲੋਕਤੰਤਰ ਨੂੰ ਖ਼ਤਮ ਕਰ ਸਕਣ ਅਤੇ ਭਾਰਤ ਦੇ ਲੋਕਾਂ ਨੂੰ ਲੁੱਟਦੇ ਰਹਿਣ।"
ਅਸਾਮ ਅਤੇ ਜੰਮੂ-ਕਸ਼ਮੀਰ ਦੀ ਹੱਦਬੰਦੀ ਦਾ ਦਿੱਤਾ ਹਵਾਲਾ
ਅਸਾਮ ਅਤੇ ਜੰਮੂ-ਕਸ਼ਮੀਰ ਵਿੱਚ ਹੋਈ ਹੱਦਬੰਦੀ ਦੀ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਲੋਕ ਸਭਾ ਦੀਆਂ ਮੌਜੂਦਾ 543 ਸੀਟਾਂ ਨੂੰ ਵਧਾ ਕੇ 850 ਕਰਨ ਨਾਲ ਭਾਜਪਾ ਨੂੰ ਆਪਣੇ ਸਿਆਸੀ ਫਾਇਦੇ ਮੁਤਾਬਕ ਚੋਣ ਹਲਕਿਆਂ ਦੀਆਂ ਹੱਦਾਂ ਮੁੜ ਤੈਅ ਕਰਨ ਦਾ ਵੱਡਾ ਮੌਕਾ ਮਿਲ ਸਕਦਾ ਹੈ।
ਰਾਹੁਲ ਨੇ ਇਹ ਵੀ ਸੁਝਾਅ ਦਿੱਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਇਹ ਸਮਝਣ ਲਈ ਕੀਤੀ ਜਾ ਸਕਦੀ ਹੈ ਕਿ ਚੋਣ ਹਲਕਿਆਂ ਦੀਆਂ ਹੱਦਾਂ ਇਸ ਤਰ੍ਹਾਂ ਕਿਵੇਂ ਤੈਅ ਕੀਤੀਆਂ ਜਾਣ, ਜਿਸ ਨਾਲ ਸੱਤਾਧਾਰੀ ਧਿਰ ਦਾ ਵਿਰੋਧ ਕਰਨ ਵਾਲੇ ਭਾਈਚਾਰਿਆਂ ਦੀ ਚੋਣੀ ਨੁਮਾਇੰਦਗੀ ਕਮਜ਼ੋਰ ਹੋ ਜਾਵੇ। ਉਨ੍ਹਾਂ ਕਿਹਾ ਕਿ ਏਆਈ ਨੂੰ ਅਜਿਹੇ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕਰਦਿਆਂ 850 ਚੋਣ ਹਲਕੇ ਬਣਾਉਣ ਲਈ ਕਿਹਾ ਜਾ ਸਕਦਾ ਹੈ।
ਕਾਂਗਰਸ ਆਗੂ ਨੇ ਤਰਕ ਦਿੱਤਾ ਕਿ ਇਹ ਮੁੱਦਾ ਸਿਰਫ਼ ਸੂਬਿਆਂ ਵਿਚਾਲੇ ਸੀਟਾਂ ਦੇ ਅਨੁਪਾਤ ਨੂੰ ਬਰਕਰਾਰ ਰੱਖਣ ਦਾ ਨਹੀਂ ਹੈ, ਸਗੋਂ ਚੋਣ ਹਲਕਿਆਂ ਦੀਆਂ ਹੱਦਾਂ ’ਤੇ ਸਰਕਾਰ ਵੱਲੋਂ ਵਧੇਰੇ ਕੰਟਰੋਲ ਹਾਸਲ ਕਰਨ ਦੀ ਕਥਿਤ ਕੋਸ਼ਿਸ਼ ਦਾ ਵੀ ਹੈ।
ਹੱਦਬੰਦੀ ਬਿੱਲ ਵਿੱਚ ਕੀ ਹੈ?
ਪ੍ਰਸਤਾਵਿਤ ਹੱਦਬੰਦੀ (ਦੂਜਾ) ਬਿੱਲ, 2026 ਤਹਿਤ ਮੁੱਖ ਚੋਣ ਕਮਿਸ਼ਨਰ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਕੋਈ ਚੋਣ ਕਮਿਸ਼ਨਰ ਹੱਦਬੰਦੀ ਕਮਿਸ਼ਨ ਦੇ ਅਹੁਦੇ ਦੇ ਆਧਾਰ ’ਤੇ ਮੈਂਬਰ ਹੋਣਗੇ। ਇਸ ਕਮਿਸ਼ਨ ਦੀ ਪ੍ਰਧਾਨਗੀ ਅਜਿਹਾ ਵਿਅਕਤੀ ਕਰੇਗਾ, ਜੋ ਸੁਪਰੀਮ ਕੋਰਟ ਦਾ ਜੱਜ ਹੈ ਜਾਂ ਰਹਿ ਚੁੱਕਾ ਹੈ ਅਤੇ ਜਿਸ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ।
ਇਸ ਦਾ ਤੀਜਾ ਮੈਂਬਰ ਸਬੰਧਤ ਸੂਬੇ ਦਾ ਰਾਜ ਚੋਣ ਕਮਿਸ਼ਨਰ ਹੋਵੇਗਾ। ਚੋਣ ਕਮਿਸ਼ਨ ਦਾ ਇੱਕ ਸਕੱਤਰ ਇਸ ਕਮਿਸ਼ਨ ਦੇ ਅਹੁਦੇ ਦੇ ਆਧਾਰ ’ਤੇ ਸਕੱਤਰ ਵਜੋਂ ਵੀ ਕੰਮ ਕਰੇਗਾ। ਕਿਉਂਕਿ ਗਿਆਨੇਸ਼ ਕੁਮਾਰ ਇਸ ਸਮੇਂ ਮੁੱਖ ਚੋਣ ਕਮਿਸ਼ਨਰ ਹਨ, ਇਸ ਲਈ ਉਹ ਪ੍ਰਸਤਾਵਿਤ ਕਮਿਸ਼ਨ ਦੇ ਮੈਂਬਰ ਬਣ ਸਕਦੇ ਹਨ ਜਾਂ ਆਪਣੀ ਥਾਂ ਦੋ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਜਾਂ ਵਿਵੇਕ ਜੋਸ਼ੀ ਵਿੱਚੋਂ ਕਿਸੇ ਇੱਕ ਨੂੰ ਨਾਮਜ਼ਦ ਕਰ ਸਕਦੇ ਹਨ।
ਰਾਹੁਲ ਨੇ ਪ੍ਰਬੰਧ ’ਤੇ ਚੁੱਕੇ ਸਵਾਲ ਰਾਹੁਲ ਗਾਂਧੀ ਨੇ ਇਸ ਪ੍ਰਬੰਧ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕਰਨ ਦੇ ਆਪਣੇ ਅਧਿਕਾਰ ਰਾਹੀਂ ਇਸ ’ਤੇ ਕੰਟਰੋਲ ਰੱਖੇਗੀ, ਜਦਕਿ ਗਿਆਨੇਸ਼ ਕੁਮਾਰ ਨੂੰ ਇੱਕ ਹੋਰ ਮੈਂਬਰ ਦੀ ਚੋਣ ਵਿੱਚ ਭੂਮਿਕਾ ਮਿਲੇਗੀ।
ਰਾਹੁਲ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਗਿਆਨੇਸ਼ ਕੁਮਾਰ ਹੱਦਬੰਦੀ ਦੀ ਨਿਗਰਾਨੀ ਵੀ ਕਰਨਗੇ। ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਸੀ ਕਿ ਚੋਣ ਕਮਿਸ਼ਨ ’ਤੇ ਪਹਿਲਾਂ ਹੀ ਕਬਜ਼ਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੁਤਾਬਕ, 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਮਦਦ ਕੀਤੀ ਸੀ।
ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਰਾਹੁਲ ਗਾਂਧੀ ਨੂੰ ਨਿਰਾਸ਼ ਅਤੇ ਹਾਰਿਆ ਹੋਇਆ ਵਿਅਕਤੀ ਦੱਸਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਨੂੰ ਬੇਤੁਕੀ ਬਿਆਨਬਾਜ਼ੀ ਕਰਾਰ ਦਿੱਤਾ ਹੈ।
ਪ੍ਰਸਤਾਵਿਤ ਕਮਿਸ਼ਨ ਦੀਆਂ ਸ਼ਕਤੀਆਂ ਵੀ ਵਿਵਾਦ ਦਾ ਵਿਸ਼ਾ
ਬਿੱਲ ਦੀ ਧਾਰਾ 11(2) ਤਹਿਤ ਕਮਿਸ਼ਨ ਦੇ ਹੁਕਮਾਂ ਨੂੰ ਕਾਨੂੰਨ ਦੇ ਬਰਾਬਰ ਦਰਜਾ ਹਾਸਲ ਹੋਵੇਗਾ ਅਤੇ ਆਮ ਤੌਰ ’ਤੇ ਉਨ੍ਹਾਂ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ। ਹਾਲਾਂਕਿ, ਕਮਿਸ਼ਨ ਨੂੰ ਆਪਣੇ ਹੁਕਮਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪ੍ਰਸਤਾਵ ਪ੍ਰਕਾਸ਼ਿਤ ਕਰਨੇ ਪੈਣਗੇ, ਇਤਰਾਜ਼ ਮੰਗਣੇ ਪੈਣਗੇ ਅਤੇ ਹਰੇਕ ਸੂਬੇ ਵਿੱਚ ਜਨਤਕ ਸੁਣਵਾਈ ਕਰਵਾਉਣੀ ਹੋਵੇਗੀ।
ਇਸ ਬਿੱਲ ਵਿੱਚ ਹਰ ਸੂਬੇ ਤੋਂ ਪੰਜ ਸੰਸਦ ਮੈਂਬਰਾਂ ਅਤੇ ਪੰਜ ਵਿਧਾਇਕਾਂ ਨੂੰ ਸਹਿਯੋਗੀ ਮੈਂਬਰਾਂ ਵਜੋਂ ਸ਼ਾਮਲ ਕਰਨ ਦੀ ਵਿਵਸਥਾ ਵੀ ਹੈ। ਹਾਲਾਂਕਿ, ਇਨ੍ਹਾਂ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ।
ਵਿਰੋਧੀ ਧਿਰ ਨੇ ਹੱਦਬੰਦੀ ਨੂੰ ਗਿਆਨੇਸ਼ ਕੁਮਾਰ ਨਾਲ ਜੁੜੇ ਪੁਰਾਣੇ ਵਿਵਾਦਾਂ ਨਾਲ ਜੋੜਿਆ ਇਹ ਤਾਜ਼ਾ ਆਲੋਚਨਾ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਵਿਰੋਧੀ ਧਿਰ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ (ਐਸਆਈਆਰ) ਨੂੰ ਲੈ ਕੇ ਗਿਆਨੇਸ਼ ਕੁਮਾਰ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਮਾਰਚ ਵਿੱਚ ਵਿਰੋਧੀ ਧਿਰ ਦੇ 193 ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਲੋਕ ਸਭਾ ਦੇ 130 ਅਤੇ ਰਾਜ ਸਭਾ ਦੇ 63 ਮੈਂਬਰ ਸ਼ਾਮਲ ਸਨ, ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਨੋਟਿਸ ਸੌਂਪੇ ਸਨ। ਇਨ੍ਹਾਂ ਨੋਟਿਸਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਵੋਟਰ ਸੂਚੀਆਂ ਦੀ ਸੋਧ ਦੌਰਾਨ ਪੱਖਪਾਤ ਕੀਤਾ ਗਿਆ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ। ਹਾਲਾਂਕਿ, ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਸਪੀਕਰ ਨੇ ਇਹ ਨੋਟਿਸ ਰੱਦ ਕਰ ਦਿੱਤੇ ਸਨ। ਦੱਸਿਆ ਜਾਂਦਾ ਹੈ ਕਿ ਅਜਿਹਾ ਕਰਨ ਪਿੱਛੇ ਲੋੜੀਂਦੇ ਅਤੇ ਠੋਸ ਆਧਾਰ ਦੀ ਘਾਟ ਸੀ।
ਵਿਰੋਧੀ ਧਿਰ ਨੇ ਚੋਣ ਕਮਿਸ਼ਨ ’ਤੇ ਚੋਣ ਪ੍ਰਕਿਰਿਆ ਵਿੱਚ ਗੜਬੜੀਆਂ ਕਰਨ ਦਾ ਦੋਸ਼ ਲਾਇਆ ਹੈ ਅਤੇ ਇਸ ਨੂੰ 'ਵੋਟ ਚੋਰੀ' ਕਰਾਰ ਦਿੱਤਾ ਹੈ। ਹੁਣ ਵਿਰੋਧੀ ਆਗੂ ਇਨ੍ਹਾਂ ਦੋਸ਼ਾਂ ਨੂੰ ਪ੍ਰਸਤਾਵਿਤ ਹੱਦਬੰਦੀ ਪ੍ਰਕਿਰਿਆ ਨਾਲ ਜੋੜਦਿਆਂ ਇਸ ਨੂੰ 'ਸੀਟ ਚੋਰੀ' ਅਤੇ 'ਸੰਸਦ ਚੋਰੀ' ਦੀ ਕੋਸ਼ਿਸ਼ ਦੱਸ ਰਹੇ ਹਨ।