'ਰਾਹੁਲ ਗਾਂਧੀ ਇੱਕ ਵੱਡਾ ਮਜ਼ਾਕ', DMK ਦਾ ਕਾਂਗਰਸ 'ਤੇ ਤਿੱਖਾ ਹਮਲਾ; ਗਠਜੋੜ ਤੋੜਨ ਦਾ ਲਗਾਇਆ ਦੋਸ਼
ਦੇਸ਼ ਭਰ ਵਿੱਚ ਚੱਲ ਰਹੀ ਸਿਆਸੀ ਗਰਮਾ-ਗਰਮੀ ਦਰਮਿਆਨ ਵਿਰੋਧੀ ਗਠਜੋੜ (ਇੰਡੀਆ ਗਠਜੋੜ) ਦੇ ਅੰਦਰੂਨੀ ਮਤਭੇਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਤਾਮਿਲਨਾਡੂ ਵਿੱਚ ਸੱਤਾ ਤੋਂ ਬਾਹਰ ਹੋਈ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਨੇ ਆਪਣੇ ਸਾਬਕਾ ਸਹਿਯੋਗੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਿਆ ਹੈ।
Publish Date: Tue, 16 Jun 2026 12:04 PM (IST)
Updated Date: Tue, 16 Jun 2026 12:07 PM (IST)

ਡਿਜੀਟਲ ਡੈਸਕ, ਚੇਨਈ। ਦੇਸ਼ ਭਰ ਵਿੱਚ ਚੱਲ ਰਹੀ ਸਿਆਸੀ ਗਰਮਾ-ਗਰਮੀ ਦਰਮਿਆਨ ਵਿਰੋਧੀ ਗਠਜੋੜ (ਇੰਡੀਆ ਗਠਜੋੜ) ਦੇ ਅੰਦਰੂਨੀ ਮਤਭੇਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਤਾਮਿਲਨਾਡੂ ਵਿੱਚ ਸੱਤਾ ਤੋਂ ਬਾਹਰ ਹੋਈ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਨੇ ਆਪਣੇ ਸਾਬਕਾ ਸਹਿਯੋਗੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਿਆ ਹੈ।
ਡੀ.ਐੱਮ.ਕੇ. ਨੇ ਰਾਹੁਲ ਗਾਂਧੀ ਨੂੰ ਇੱਕ 'ਵੱਡਾ ਮਜ਼ਾਕ' ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਹੀ ਵਿਰੋਧੀ ਧਿਰ ਦੀ ਇੱਕਜੁਟਤਾ ਨੂੰ ਕਮਜ਼ੋਰ ਕੀਤਾ ਹੈ। ਡੀ.ਐੱਮ.ਕੇ. ਨੇ ਇਹ ਦੋਪਾਸੜ ਹਮਲਾ ਆਪਣੇ ਆਈ.ਟੀ. ਵਿੰਗ (IT Wing) ਅਤੇ ਆਪਣੇ ਅਧਿਕਾਰਤ ਅਖ਼ਬਾਰ 'ਮੁਰਾਸੋਲੀ' ਰਾਹੀਂ ਕੀਤਾ ਹੈ।
'ਮੁਸ਼ਕਿਲ ਸਮੇਂ ’ਚ ਅਸੀਂ ਸਾਥ ਦਿੱਤਾ, ਉਨ੍ਹਾਂ ਨੇ ਧੋਖਾ ਦਿੱਤਾ'
ਡੀ.ਐੱਮ.ਕੇ. ਦੇ ਆਈ.ਟੀ. ਵਿੰਗ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਸਖ਼ਤ ਸ਼ਬਦਾਂ ਵਿੱਚ ਲਿਖਿਆ ਕਿ ਜਦੋਂ ਕਾਂਗਰਸ ਆਪਣੀ ਸਿਆਸੀ ਹੋਂਦ ਦੀ ਲੜਾਈ ਲੜ ਰਹੀ ਸੀ, ਉਦੋਂ ਅਸੀਂ ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਪਰ ਜਿਵੇਂ ਹੀ ਉਨ੍ਹਾਂ ਨੂੰ ਇੱਕ ਨਵਾਂ ਅਤੇ ਚਮਕਦਾਰ ਖਿਡੌਣਾ ਦਿਖਾਈ ਦਿੱਤਾ, ਉਨ੍ਹਾਂ ਨੇ ਤੁਰੰਤ ਪਾਸਾ ਬਦਲ ਲਿਆ। ਰਾਹੁਲ ਗਾਂਧੀ ਇੱਕ ਬਹੁਤ ਵੱਡਾ ਮਜ਼ਾਕ ਹਨ।
ਮੁਰਾਸੋਲੀ ਦਾ ਦੋਸ਼- ਰਾਹੁਲ ਗਾਂਧੀ ਖ਼ੁਦ ਬਿਖਰਾਅ ਦੀ ਵਜ੍ਹਾ
ਇਸ ਤੋਂ ਇਲਾਵਾ, ਸੋਮਵਾਰ ਨੂੰ ਡੀ.ਐੱਮ.ਕੇ. ਦੇ ਮੁੱਖ ਪੱਤਰ 'ਮੁਰਾਸੋਲੀ' ਵਿੱਚ ਛਪੇ ਇੱਕ ਸੰਪਾਦਕੀ ਵਿੱਚ ਰਾਹੁਲ ਗਾਂਧੀ ਦੀ ਸਿਆਸੀ ਸਮਝ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ। ਅਖ਼ਬਾਰ ਨੇ ਲਿਖਿਆ ਕਿ ਰਾਹੁਲ ਗਾਂਧੀ ਦੂਜਿਆਂ ਨੂੰ ਤਾਂ ਵਿਰੋਧੀ ਏਕਤਾ ਦਾ ਪਾਠ ਪੜ੍ਹਾਉਂਦੇ ਹਨ ਪਰ ਵੱਖ-ਵੱਖ ਰਾਜਾਂ ਵਿੱਚ ਇਸ ਏਕਤਾ ਨੂੰ ਕਮਜ਼ੋਰ ਕਰਨ ਵਾਲੇ ਉਹ ਖ਼ੁਦ ਹਨ।
ਸੰਪਾਦਕੀ ਵਿੱਚ ਕੇਰਲ ਦੀ ਮਿਸਾਲ ਦਿੰਦਿਆਂ ਕਿਹਾ ਗਿਆ ਕਿ ਚੋਣਾਂ ਦੌਰਾਨ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਇਸ ਕਾਰਨ ਖੱਬੇਪੱਖੀ ਨੇਤਾ ਅੱਜ ਵੀ ਉਨ੍ਹਾਂ ਤੋਂ ਨਾਰਾਜ਼ ਹਨ ਅਤੇ ਪੁੱਛ ਰਹੇ ਹਨ ਕਿ ਕਾਂਗਰਸ ਦਾ ਮੁਕਾਬਲਾ ਭਾਜਪਾ ਨਾਲ ਹੈ ਜਾਂ ਆਪਣੇ ਹੀ ਸਹਿਯੋਗੀਆਂ ਨਾਲ?
ਤਾਮਿਲਨਾਡੂ ਵਿੱਚ ਅਜਿਹਾ ਕੀ ਹੋਇਆ, ਜਿਸ ਨਾਲ ਗੱਲ ਵਿਗੜੀ?
ਜ਼ਿਕਰਯੋਗ ਹੈ ਕਿ ਇਸ ਪੂਰੀ ਲੜਾਈ ਦੀ ਜੜ੍ਹ ਹਾਲ ਹੀ ਵਿੱਚ ਹੋਈਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਡ ਬਦਲੇ ਸਿਆਸੀ ਸਮੀਕਰਨ ਹਨ। ਕਾਰਨ ਇਹ ਹੈ ਕਿ ਕਾਂਗਰਸ ਨੇ ਚੋਣਾਂ ਤਾਂ ਡੀ.ਐਮ.ਕੇ. ਦੇ ਗਠਜੋੜ ਵਿੱਚ ਰਹਿ ਕੇ ਲੜੀਆਂ ਅਤੇ 5 ਸੀਟਾਂ ਜਿੱਤੀਆਂ। ਪਰ ਚੋਣਾਂ ਤੋਂ ਬਾਅਦ ਕਾਂਗਰਸ ਨੇ ਡੀ.ਐਮ.ਕੇ. ਦਾ ਸਾਥ ਛੱਡ ਦਿੱਤਾ ਅਤੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ 'ਟੀ.ਕੇ.ਵੀ.' (TVK) ਦੀ ਸਰਕਾਰ ਵਿੱਚ ਸ਼ਾਮਲ ਹੋ ਗਈ।
ਡੀ.ਐਮ.ਕੇ. ਦਾ ਬਦਲਾ, ਕਾਂਗਰਸ 'ਤੇ ਇਲਜ਼ਾਮ
ਅਜਿਹੇ ਵਿੱਚ ਡੀ.ਐਮ.ਕੇ. ਨੇ ਇਸ ਨੂੰ ਇੱਕ ਵੱਡਾ ਧੋਖਾ ਕਰਾਰ ਦਿੱਤਾ ਹੈ। ਇਸ ਧੋਖੇ ਤੋਂ ਨਾਰਾਜ਼ ਪਾਰਟੀ ਨੇ ਰਾਸ਼ਟਰੀ ਪੱਧਰ 'ਤੇ ਕਾਂਗਰਸ ਵੱਲੋਂ ਬੁਲਾਈ ਗਈ 'INDIA' ਗਠਜੋੜ ਦੀ ਬੈਠਕ ਦਾ ਬਾਈਕਾਟ ਕਰ ਦਿੱਤਾ। ਪਾਰਟੀ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਕਿਸੇ ਵੀ ਬੈਠਕ ਵਿੱਚ ਸ਼ਾਮਲ ਨਹੀਂ ਹੋਵੇਗੀ।