'E20 ਬਣ ਗਿਆ 420', ਵੋਟ ਚੋਰੀ ਤੋਂ ਬਾਅਦ ਰਾਹੁਲ ਗਾਂਧੀ ਨੇ ਲਾਇਆ ਪੈਟਰੋਲ ਚੋਰੀ ਦਾ ਦੋਸ਼
ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਰਨਾਟਕ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਤੱਕ ਪਹੁੰਚਣ ਲਈ ਅਪਣਾਈ ਗਈ ਨਮੂਨੇ ਲੈਣ ਅਤੇ ਜਾਂਚ ਕਰਨ ਦੀ ਪ੍ਰਕਿਰਿਆ 'ਤੇ ਇਤਰਾਜ਼ ਜਤਾਇਆ ਹੈ।
Publish Date: Sat, 07 Nov 2026 03:42 PM (IST)
Updated Date: Sat, 07 Nov 2026 03:45 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਵੋਟ ਚੋਰੀ ਦੇ ਮੁੱਦੇ 'ਤੇ ਕਈ ਹਫ਼ਤਿਆਂ ਤਕ ਚੱਲੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਗੱਡੀਆਂ 'ਚੋਂ ਪੈਟਰੋਲ ਚੋਰੀ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਪੈਟਰੋਲ 'ਚ 20 ਫ਼ੀਸਦੀ ਈਥਾਨੌਲ ਮਿਲਾਇਆ ਜਾਂਦਾ ਹੈ, ਪਰ ਕਾਂਗਰਸ ਸ਼ਾਸਿਤ ਕਰਨਾਟਕ ਦੇ ਸੱਤ ਜ਼ਿਲ੍ਹਿਆਂ ਤੋਂ ਲਏ ਗਏ ਨਮੂਨਿਆਂ ਦੀ ਜਾਂਚ 'ਚ ਈਥਾਨੌਲ ਦੀ ਮਾਤਰਾ ਇਸ ਤੋਂ ਕਿਤੇ ਵੱਧ ਪਾਈ ਗਈ ਹੈ।
'E20 ਬਣ ਗਿਆ 420'
ਐਕਸ 'ਤੇ ਇਕ ਪੋਸਟ 'ਚ ਉਨ੍ਹਾਂ ਨੇ ਲਿਖਿਆ, 'ਈ20 ਬਣ ਗਿਆ 420... ਜਨਤਾ ਦੀਆਂ ਗੱਡੀਆਂ 'ਚੋਂ ਪੈਟਰੋਲ ਦੀ ਚੋਰੀ!' ਇੱਥੇ ਉਨ੍ਹਾਂ ਦਾ ਇਸ਼ਾਰਾ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਪੁਰਾਣੀ ਧਾਰਾ 420 ਵੱਲ ਸੀ, ਜੋ ਧੋਖਾਧੜੀ ਨਾਲ ਸਬੰਧਤ ਸੀ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਆਪਣੀ ਚੁਣੌਤੀ ਮੁੜ ਦੁਹਰਾਈ। ਉਨ੍ਹਾਂ ਕਿਹਾ ਕਿ ਇਸ ਚਰਚਾ 'ਚ ਈਥਾਨੌਲ ਬਲੈਂਡਿੰਗ ਦੇ ਮੁੱਦੇ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਹ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੋਧ (SIR) 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਬਹਿਸ ਕਰਨ ਦੀ ਮੰਗ ਕਰ ਰਹੇ ਸਨ।
ਰਾਹੁਲ ਗਾਂਧੀ ਨੇ ਕੀ ਕੀਤਾ ਦਾਅਵਾ?
ਕਾਂਗਰਸ ਸੰਸਦ ਮੈਂਬਰ ਨੇ ਦਾਅਵਾ ਕੀਤਾ, 'ਕਰਨਾਟਕ ਸਰਕਾਰ ਨੇ ਸੱਤ ਜ਼ਿਲ੍ਹਿਆਂ ਤੋਂ ਪੈਟਰੋਲ ਦੇ ਨਮੂਨੇ ਲਏ ਅਤੇ ਉਨ੍ਹਾਂ ਨੂੰ ਜਾਂਚ ਲਈ ਇਕ ਮਾਨਤਾ ਪ੍ਰਾਪਤ ਲੈਬ 'ਚ ਭੇਜਿਆ। ਨਤੀਜੇ ਦੇਖੋ, 14 'ਚੋਂ 11 ਨਮੂਨਿਆਂ 'ਚ 20 ਫ਼ੀਸਦੀ ਤੋਂ ਵੱਧ ਈਥਾਨੌਲ ਸੀ। ਆਈਓਸੀਐੱਲ 'ਚ 31.2 ਫ਼ੀਸਦੀ ਅਤੇ ਐੱਚਪੀਸੀਐੱਲ 'ਚ 30.5 ਫ਼ੀਸਦੀ ਈਥਾਨੌਲ ਮਿਲਿਆ। ਆਈਓਸੀਐੱਲ, ਐੱਚਪੀਸੀਐੱਲ, ਬੀਪੀਸੀਐੱਲ, ਨਾਇਰਾ ਅਤੇ ਸ਼ੈੱਲ, ਭਾਵੇਂ ਉਹ ਸਰਕਾਰੀ ਹੋਣ ਜਾਂ ਨਿੱਜੀ, ਸਾਰਿਆਂ ਨੇ ਤੈਅ ਸੀਮਾ ਪਾਰ ਕਰ ਲਈ ਹੈ।' ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੰਪਨੀਆਂ ਦੀਆਂ ਆਪਣੀਆਂ ਲੈਬਾਂ ਨੇ ਈਥਾਨੌਲ ਦੀ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਈਥਾਨੌਲ ਦੀ ਬਹੁਤ ਜ਼ਿਆਦਾ ਮਾਤਰਾ ਮਿਲਾਉਣ ਨਾਲ ਵਾਹਨਾਂ ਦੀ ਕਾਰਗੁਜ਼ਾਰੀ 'ਤੇ ਅਸਰ ਪੈ ਸਕਦਾ ਹੈ। ਇਸ ਨਾਲ ਮਾਈਲੇਜ ਘੱਟ ਹੋ ਸਕਦੀ ਹੈ ਅਤੇ ਵਾਹਨਾਂ ਦੀ ਸਾਂਭ-ਸੰਭਾਲ ਦਾ ਖ਼ਰਚਾ ਵਧ ਸਕਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਸਵਾਲ ਚੁੱਕਿਆ ਕਿ ਪੈਟਰੋਲ ਪੰਪਾਂ 'ਤੇ ਅਜਿਹੇ ਲੇਬਲ ਕਿਉਂ ਨਹੀਂ ਲਗਾਏ ਜਾਂਦੇ, ਜਿਨ੍ਹਾਂ ਤੋਂ ਪੈਟਰੋਲ 'ਚ ਈਥਾਨੌਲ ਦੀ ਮਾਤਰਾ ਬਾਰੇ ਜਾਣਕਾਰੀ ਮਿਲ ਸਕੇ।
ਰਾਹੁਲ ਗਾਂਧੀ ਨੇ ਪੁੱਛੇ ਇਹ ਸਵਾਲ
ਉਨ੍ਹਾਂ ਕਿਹਾ, 'ਮੋਦੀ ਜੀ, ਸਾਨੂੰ ਦੱਸੋ ਕਿ ਦੇਸ਼ ਦੀਆਂ ਗੱਡੀਆਂ ਦੇ ਟੈਂਕਾਂ 'ਚ ਕੀ ਪਾਇਆ ਜਾ ਰਿਹਾ ਹੈ? ਪੈਟਰੋਲ 'ਚ ਅਸਲ 'ਚ ਕਿੰਨਾ ਈਥਾਨੌਲ ਹੈ? 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕਦੋਂ ਕੀਤੀ ਜਾਵੇਗੀ?'
ਉਨ੍ਹਾਂ ਦੀ ਇਹ ਟਿੱਪਣੀ ਕਰਨਾਟਕ ਸਰਕਾਰ ਦੇ ਉਸ ਦੋਸ਼ ਤੋਂ ਇਕ ਦਿਨ ਬਾਅਦ ਆਈ ਹੈ, ਜਿਸ 'ਚ ਕਿਹਾ ਗਿਆ ਸੀ ਕਿ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀਆਂ ਅਜਿਹਾ ਪੈਟਰੋਲ ਸਪਲਾਈ ਕਰ ਰਹੀਆਂ ਹਨ ਜਿਸ 'ਚ ਈਥਾਨੌਲ ਦੀ ਮਾਤਰਾ ਤੈਅ 20 ਫ਼ੀਸਦੀ ਦੀ ਸੀਮਾ ਤੋਂ ਵੱਧ ਹੈ। ਜਾਂਚ 'ਚ ਇਹ ਮਾਤਰਾ 31.2 ਫ਼ੀਸਦੀ ਤੱਕ ਪਾਈ ਗਈ ਸੀ। ਸੂਬਾ ਸਰਕਾਰ ਨੇ ਇਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਹਾਲਾਂਕਿ, ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਰਨਾਟਕ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਤੱਕ ਪਹੁੰਚਣ ਲਈ ਅਪਣਾਈ ਗਈ ਨਮੂਨੇ ਲੈਣ ਅਤੇ ਜਾਂਚ ਕਰਨ ਦੀ ਪ੍ਰਕਿਰਿਆ 'ਤੇ ਇਤਰਾਜ਼ ਜਤਾਇਆ ਹੈ।
ਤਿੰਨਾਂ ਕੰਪਨੀਆਂ ਨੇ ਕਿਹਾ ਕਿ ਕਰਨਾਟਕ ਸਮੇਤ ਉਨ੍ਹਾਂ ਦੇ ਰਿਟੇਲ ਨੈੱਟਵਰਕ 'ਚ ਸਪਲਾਈ ਕੀਤਾ ਜਾਣ ਵਾਲਾ E20 ਪੈਟਰੋਲ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ IS 17021 ਮਾਪਦੰਡਾਂ ਦੇ ਅਨੁਸਾਰ ਹੈ। ਇਨ੍ਹਾਂ ਮਾਪਦੰਡਾਂ ਮੁਤਾਬਕ ਪੈਟਰੋਲ 'ਚ ਈਥਾਨੌਲ ਦੀ ਮਾਤਰਾ 19 ਤੋਂ 21 ਫ਼ੀਸਦੀ ਹੋਣੀ ਚਾਹੀਦੀ ਹੈ।