- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਿਵੰਡੀ ਦੀ ਅਦਾਲਤ ’ਚ ਸ਼ੁੱਕਰਵਾਰ ਨੂੰ ਦਾਖ਼ਲ ਕੀਤੀ ਇਸ ਚਾਰਜਸ਼ੀਟ ’ਚ ਕਥਿਤ ਮਾਸਟਰਮਾਈਂਡ ਬ੍ਰਿਜੇਂਦਰ ਗੁਪਤਾ ਸਮੇਤ 18 ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ’ਚੋਂ 16 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਦੋ ਮੁੱਖ ਸਹਿਯੋਗੀ-ਅਸ਼ੋਕ ਸਾਵ ਤੇ ਪ੍ਰਕਾਸ਼ ਮਿਸਲ-ਹਾਲੇ ਵੀ ਫਰਾਰ ਹਨ ਤੇ ਜਾਂਚ ਜਾਰੀ ਹੈ।

ਠਾਣੇ, (ਪੀਟੀਆਈ) : ਮਹਾਰਾਸ਼ਟਰ ਅਧਿਆਪਕ ਪਾਤਰਤਾ ਪ੍ਰੀਖਿਆ (ਟੀਈਟੀ) ਪੇਪਰ ਲੀਕ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਠਾਣੇ ਪੁਲਿਸ ਵੱਲੋਂ ਸਥਾਨਕ ਅਦਾਲਤ ’ਚ ਦਾਖ਼ਲ ਲਗਪਗ 3,500 ਸਫ਼ਿਆਂ ਦੀ ਚਾਰਜਸ਼ੀਟ ਮੁਤਾਬਕ, ਪ੍ਰੀਖਿਆ ਦੇ ਪ੍ਰਸ਼ਨ ਪੱਤਰ ਆਗਰਾ ਦੀ ਇਕ ਪ੍ਰਿੰਟਿੰਗ ਪ੍ਰੈੱਸ ਦੇ ਮੁਲਾਜ਼ਮਾਂ ਵੱਲੋਂ ਜੁੱਤੀਆਂ ਦੇ ਤਲਿਆਂ ’ਚ ਲੁਕਾ ਕੇ ਸਿਰਫ਼ ਅੱਠ ਹਜ਼ਾਰ ਰੁਪਏ ’ਚ ਬਾਹਰ ਕੱਢੇ ਗਏ ਸਨ।
ਭਿਵੰਡੀ ਦੀ ਅਦਾਲਤ ’ਚ ਸ਼ੁੱਕਰਵਾਰ ਨੂੰ ਦਾਖ਼ਲ ਕੀਤੀ ਇਸ ਚਾਰਜਸ਼ੀਟ ’ਚ ਕਥਿਤ ਮਾਸਟਰਮਾਈਂਡ ਬ੍ਰਿਜੇਂਦਰ ਗੁਪਤਾ ਸਮੇਤ 18 ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ’ਚੋਂ 16 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਦੋ ਮੁੱਖ ਸਹਿਯੋਗੀ-ਅਸ਼ੋਕ ਸਾਵ ਤੇ ਪ੍ਰਕਾਸ਼ ਮਿਸਲ-ਹਾਲੇ ਵੀ ਫਰਾਰ ਹਨ ਤੇ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅਗਲੇਰੀ ਜਾਂਚ ਮਗਰੋਂ ਇਕ ਪੂਰਕ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾਵੇਗੀ। ਇਹ ਰੈਕੇਟ 28 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਤੋਂ ਠੀਕ ਇਕ ਦਿਨ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਜ਼ੋਨ ਦੋ ਦੇ ਪੁਲਿਸ ਡਿਪਟੀ ਕਮਿਸ਼ਨਰ ਪਵਨ ਬੰਸੋੜ ਨੂੰ ਸੂਚਨਾ ਮਿਲੀ ਕਿ ਤਿੰਨ ਲੋਕ ਭਿਵੰਡੀ ਦੇ ਇਕ ਵਿਅਕਤੀ ਨੂੰ ਪ੍ਰੀਖਿਆ ਦੇ ਪੇਪਰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਕੋਂਗਾਂਵ ਇਲਾਕੇ ’ਚ ਫ਼ਰਜ਼ੀ ਗਾਹਕਾਂ ਦੀ ਮਦਦ ਨਾਲ ਜਾਲ਼ ਵਿਛਾਇਆ, ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਤੇ ਚਾਰ ਸੈੱਟ ਪ੍ਰਸ਼ਨ ਪੱਤਰ ਬਰਾਮਦ ਕੀਤੇ। ਮਹਾਰਾਸ਼ਟਰ ਸੂਬਾਈ ਪ੍ਰੀਖਿਆ ਕੌਂਸਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜ਼ਬਤ ਸਮੱਗਰੀ ਅਸਲੀ ਪ੍ਰਸ਼ਨ ਪੱਤਰ ਨਾਲ ਮੇਲ ਖਾਂਦੀ ਹੈ।
ਚਾਰਜਸ਼ੀਟ ਮੁਤਾਬਕ, ਪੇਪਰ ਦਾ ਸਰੋਤ ਆਗਰੇ ਸਥਿਤ ਮਾਹੀਮ ਪਾਟ੍ਰਨ ਪ੍ਰਾਈਵੇਟ ਲਿਮਟਿਡ ਪ੍ਰਿੰਟਿੰਗ ਪ੍ਰੈੱਸ ਸੀ, ਜਿਸ ਨੂੰ ਟੀਈਟੀ ਦੀ ਗੁਪਤ ਸਮੱਗਰੀ ਛਾਪਣ ਦਾ ਜ਼ਿੰਮਾ ਸੌਂਪਿਆ ਗਿਆ ਸੀ। 15 ਤੋਂ 17 ਜੂਨ ਤੱਕ, ਦੋ ਮੁਲਾਜ਼ਮਾਂ ਤੇ ਇਕ ਸਾਬਕਾ ਮੁਲਾਜ਼ਮ ਨੇ ਸੁਰੱਖਿਆ ਗਾਰਡਾਂ ਨੂੰ ਝਕਾਨੀ ਦੇਣ ਲਈ ਮੁੜੇ ਹੋਏ ਪ੍ਰਸ਼ਨ ਪੱਤਰਾਂ ਨੂੰ ਆਪਣੀਆਂ ਜੁੱਤੀਆਂ ਦੇ ਤਲਿਆਂ ’ਚ ਲੁਕਾ ਲਿਆ। ਗਾਰਡ ਸਿਰਫ਼ ਕੱਪੜਿਆਂ ਦੀ ਤਲਾਸ਼ੀ ਲੈਂਦੇ ਸਨ, ਜੁੱਤੀਆਂ ਦੀ ਜਾਂਚ ਕਰਨਾ ਭੁੱਲ ਜਾਂਦੇ ਸਨ।
ਪ੍ਰੀਖਿਆ ਦੀ ਪਾਕੀਜ਼ਗੀ ਬਣਾਏ ਰੱਖਣ ਲਈ ਸੂਬੇ ਨੇ ਦੋ ਟੀਈਟੀ ਪੇਪਰਾਂ ਤਹਿਤ ਚਾਰ ਅਲੱਗ-ਅਲੱਗ ਸੈੱਟ ਤਿਆਰ ਕੀਤੇ ਸਨ ਤਾਂ ਜੋ ਪ੍ਰੀਖਿਆ ਦੇ ਦਿਨ ਕਿਸੇ ਇਕ ਨੂੰ ਚੁਣਿਆ ਜਾ ਸਕੇ, ਪਰ ਅਪਰਾਧੀਆਂ ਨੇ ਸੁਰੱਖਿਆ ਘੇਰੇ ਨੂੰ ਪਾਰ ਕਰਦੇ ਹੋਏ ਚਾਰੋਂ ਸੈੱਟ ਚੋਰੀ ਕਰ ਲਏ। ਪ੍ਰੈੱਸ ਦੇ ਮੁਲਾਜ਼ਮਾਂ ਨੂੰ ਉਸ ਦੇ ਬਦਲੇ ਸਿਰਫ਼ ਅੱਠ ਹਜ਼ਾਰ ਰੁਪਏ ਤੇ ਆਗਰਾ ’ਚ ਜ਼ਮੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪੁਲਿਸ ਨੇ ਸਾਬਕਾ ਕੋਚਿੰਗ ਅਧਿਆਪਕ ਬ੍ਰਿਜੇਂਦਰ ਗੁਪਤਾ ਨੂੰ ਇਸ ਅੰਤਰਰਾਜੀ ਰੈਕੇਟ ਦਾ ਮਾਸਟਰਮਾਈਂਡ ਦੱਸਿਆ ਹੈ, ਜਿਹੜਾ ਪਹਿਲਾਂ ਓਡੀਸ਼ਾ ’ਚ ਵੀ ਪੇਪਰ ਲੀਕ ਮਾਮਲੇ ’ਚ ਸ਼ਾਮਲ ਰਿਹਾ ਹੈ। ਪੁਲਿਸ ਨੇ ਪੈਸਿਆਂ ਦੇ ਲੈਣ-ਦੇਣ, ਤਕਨੀਕੀ ਸਬੂਤਾਂ ਤੇ ਬਿਹਾਰ ’ਚ ਗੁਪਤਾ ਦੇ ਰਿਸ਼ਤੇਦਾਰ ਦੇ ਘਰ ਤੋਂ ਬਰਾਮਦ ਮੂਲ ਪ੍ਰਸ਼ਨ ਪੱਤਰ ਨੂੰ ਅਹਿਮ ਸਬੂਤ ਦੇ ਤੌਰ ’ਤੇ ਪੇਸ਼ ਕੀਤਾ ਹੈ।