- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਸੀਟੀਈ ਨੇ ਇਹ ਜਾਣਕਾਰੀ ਰਾਜਸਥਾਨ ਦੇ ਕਲਾ ਵਿਸ਼ੇ ਦੇ ਵਿਦਿਆਰਥੀ ਮਹੇਸ਼ ਗੁਰਜਰ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵਿਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਜਵਾਬ ਵਿਚ ਦਿੱਤੀ ਹੈ। ਪ੍ਰੀਸ਼ਦ ਅਨੁਸਾਰ, ਇਸ ਸਬੰਧ ਵਿਚ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ, ਤਾਂ ਜੋ ਇਕ ਤੈਅ ਮਾਪਦੰਡ ਤਿਆਰ ਕੀਤਾ ਜਾ ਸਕੇ।

ਜਾਗਰਣ ਬਿਊਰੋ, ਨਵੀਂ ਦਿੱਲੀ: ਸਕੂਲਾਂ ’ਚ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਦੀ ਤਰ੍ਹਾਂ ਹੁਣ ਸੰਗੀਤ, ਕਲਾ, ਸ਼ਿਲਪ ਸਿੱਖਿਆ ਅਤੇ ਹੋਮ ਸਾਇੰਸ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਯੋਗਤਾ ਵੀ ਤੈਅ ਹੋਵੇਗੀ। ਇਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵਿਚ ਵਧ ਰਹੇ ਵਿਵਾਦ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਉੱਠ ਰਹੀ ਮੰਗ ਨੂੰ ਦੇਖਦਿਆਂ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ (ਐੱਨਸੀਟੀਈ) ਨੇ ਇਸ ਦਿਸ਼ਾ ਵਿਚ ਪਹਿਲ ਕੀਤੀ ਹੈ। ਪ੍ਰੀਸ਼ਦ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਸ਼ਿਆਂ ਲਈ ਯੋਗਤਾ ਤੈਅ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਅੰਤਿਮ ਰੂਪ ਮਿਲਦੇ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ।
ਐੱਨਸੀਟੀਈ ਨੇ ਇਹ ਜਾਣਕਾਰੀ ਰਾਜਸਥਾਨ ਦੇ ਕਲਾ ਵਿਸ਼ੇ ਦੇ ਵਿਦਿਆਰਥੀ ਮਹੇਸ਼ ਗੁਰਜਰ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵਿਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਜਵਾਬ ਵਿਚ ਦਿੱਤੀ ਹੈ। ਪ੍ਰੀਸ਼ਦ ਅਨੁਸਾਰ, ਇਸ ਸਬੰਧ ਵਿਚ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ, ਤਾਂ ਜੋ ਇਕ ਤੈਅ ਮਾਪਦੰਡ ਤਿਆਰ ਕੀਤਾ ਜਾ ਸਕੇ। ਹੁਣ ਤੱਕ ਐੱਨਸੀਟੀਈ ਨੇ ਸੰਗੀਤ, ਕਲਾ, ਸ਼ਿਲਪ ਸਿੱਖਿਆ ਅਤੇ ਹੋਮ ਸਾਇੰਸ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਕੋਈ ਇਕਸਾਰ ਯੋਗਤਾ ਤੈਅ ਨਹੀਂ ਕੀਤੀ ਸੀ। ਇਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਸੂਬਿਆਂ ’ਤੇ ਛੱਡ ਦਿੱਤੀ ਗਈ ਸੀ। ਇਸ ਕਾਰਨ ਵੱਖ-ਵੱਖ ਸੂਬਿਆਂ ਵਿਚ ਨਿਯੁਕਤੀ ਲਈ ਵੱਖ-ਵੱਖ ਨਿਯਮ ਲਾਗੂ ਹੁੰਦੇ ਰਹੇ ਹਨ।
ਇਸ ਵਿਵਸਥਾ ਨੂੰ ਲੈ ਕੇ ਰਾਜਸਥਾਨ ਅਤੇ ਉੱਤਰਾਖੰਡ ਸਮੇਤ ਕਈ ਸੂਬਿਆਂ ਵਿਚ ਵਿਵਾਦ ਸਾਹਮਣੇ ਆਏ ਹਨ। ਕਈ ਮਾਮਲੇ ਅਦਾਲਤਾਂ ਤੱਕ ਵੀ ਪਹੁੰਚੇ ਹਨ। ਉੱਥੇ ਹੀ, ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਵੱਖ-ਵੱਖ ਸੂਬਿਆਂ ਵਿਚ ਅੰਦੋਲਨ ਕਰ ਕੇ ਨਿਯੁਕਤੀ ਪ੍ਰਕਿਰਿਆ ’ਤੇ ਸਵਾਲ ਉਠਾਏ ਹਨ। ਵਿਦਿਆਰਥੀਆਂ ਦੀ ਦਲੀਲ ਹੈ ਕਿ ਜਦੋਂ ਵਿਗਿਆਨ ਅਤੇ ਗਣਿਤ ਵਰਗੇ ਵਿਸ਼ਿਆਂ ਲਈ ਸਬੰਧਤ ਵਿਸ਼ੇ ਵਿਚ ਵਿੱਦਿਅਕ ਯੋਗਤਾ ਲਾਜ਼ਮੀ ਹੈ, ਤਾਂ ਸੰਗੀਤ, ਕਲਾ ਅਤੇ ਹੋਮ ਸਾਇੰਸ ਵਰਗੇ ਵਿਸ਼ਿਆਂ ਦੇ ਅਧਿਆਪਕਾਂ ਦੀ ਨਿਯੁਕਤੀ ਵਿਚ ਵੀ ਇਕੋ ਜਿਹੀ ਵਿਵਸਥਾ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਸਵਾਲ ਹੈ ਕਿ ਇਨ੍ਹਾਂ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਥਾਂ ਦੂਜੇ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਅਧਿਆਪਕਾਂ ਨੂੰ ਕਿਵੇਂ ਨਿਯੁਕਤ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਐੱਨਸੀਟੀਈ ਨੇ ਸਾਲ 2011 ਵਿਚ ਸਰੀਰਕ ਸਿੱਖਿਆ ਸਮੇਤ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਯੋਗਤਾ ਤੈਅ ਕੀਤੀ ਸੀ, ਪਰ ਸੰਗੀਤ, ਕਲਾ, ਸ਼ਿਲਪ ਸਿੱਖਿਆ ਅਤੇ ਹੋਮ ਸਾਇੰਸ ਨੂੰ ਲੈ ਕੇ ਨਿਯਮ ਤੈਅ ਕਰਨ ਦੀ ਜ਼ਿੰਮੇਵਾਰੀ ਸੂਬਿਆਂ ’ਤੇ ਛੱਡ ਦਿੱਤੀ ਸੀ। ਹੁਣ ਨਵੀਂ ਵਿਵਸਥਾ ਲਾਗੂ ਹੋਣ ਨਾਲ ਇਨ੍ਹਾਂ ਵਿਸ਼ਿਆਂ ਦੇ ਅਧਿਆਪਕ ਉਮੀਦਵਾਰਾਂ ਲਈ ਦੇਸ਼ ਭਰ ਵਿਚ ਇਕਸਾਰ ਮਾਪਦੰਡ ਤਿਆਰ ਹੋਣ ਦੀ ਉਮੀਦ ਹੈ।