ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ, ਟੀਕਾਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਕਦੇ ਵੀ ਇਸ ਅਭਿਆਨ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਸਮੇਤ ਕਈ ਅਧਿਐਨਾਂ ਤੋਂ ਸਾਫ਼ ਹੋਇਆ ਹੈ ਕਿ 14 ਸਾਲ ਦੀ ਉਮਰ ’ਚ ਦਿੱਤੇ ਗਏ ਟੀਕੇ ਦੀ ਇਕ ਡੋਜ਼ ਵੀ ਦੋ ਜਾਂ ਤਿੰਨ ਡੋਜ਼ ਦੇ ਬਰਾਬਰ ਅਸਰਦਾਰ ਹੁੰਦੀ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ: ਸਿਹਤਮੰਦ ਨਾਰੀ, ਮਜ਼ਬੂਤ ਸਮਾਜ ਦੀ ਧਾਰਨਾ ਨੂੰ ਮਜ਼ਬੂਤੀ ਦੇਣ ਲਈ ਮੋਦੀ ਸਰਕਾਰ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ। ਔਰਤਾਂ ’ਚ ਵਧਦੇ ਸਰਵਿਕਲ ਕੈਂਸਰ ਦੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਉਹ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਦੇਸ਼ ਭਰ ਦੀਆਂ 14 ਸਾਲ ਦੀਆਂ ਲੜਕੀਆਂ ਨੂੰ ਐੱਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਮੁਫ਼ਤ ਦਿੱਤੀ ਜਾਏਗੀ। ਇਹ ਸਿੰਗਲ ਡੋਜ਼ ਟੀਕਾ ਹੋਵੇਗਾ। ਇਕ ਰਿਪੋਰਟ ਮੁਤਾਬਕ, ਦੇਸ਼ ’ਚ ਹਰ ਸਾਲ ਕਰੀਬ ਡੇਢ ਕਰੋੜ ਲੜਕੀਆਂ 14 ਸਾਲ ਦੀ ਉਮਰ ’ਚ ਪਹੁੰਚਦੀਆਂ ਹਨ, ਇਨ੍ਹਾਂ ਸਾਰਿਆਂ ਨੂੰ ਇਹ ਟੀਕਾ ਲਗਾਇਆ ਜਾਏਗਾ।
ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ, ਟੀਕਾਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਕਦੇ ਵੀ ਇਸ ਅਭਿਆਨ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਸਮੇਤ ਕਈ ਅਧਿਐਨਾਂ ਤੋਂ ਸਾਫ਼ ਹੋਇਆ ਹੈ ਕਿ 14 ਸਾਲ ਦੀ ਉਮਰ ’ਚ ਦਿੱਤੇ ਗਏ ਟੀਕੇ ਦੀ ਇਕ ਡੋਜ਼ ਵੀ ਦੋ ਜਾਂ ਤਿੰਨ ਡੋਜ਼ ਦੇ ਬਰਾਬਰ ਅਸਰਦਾਰ ਹੁੰਦੀ ਹੈ। ਉਨ੍ਹਾਂ ਮੁਤਾਬਕ, ਦੇਸ਼ ’ਚ ਹਰ ਸਾਲ ਲਗਪਗ ਡੇਢ ਕਰੋੜ ਲੜਕੀਆਂ 14 ਸਾਲ ਦੀ ਉਮਰ ਹੱਦ ’ਚ ਪਹੁੰਚਦੀਆਂ ਹਨ। ਇਸ ਤਰ੍ਹਾਂ ਨਾਲ ਅਭਿਆਨ ਤਹਿਤ ਹਰ ਸਾਲ 1.50 ਕਰੋੜ ਲੜਕੀਆਂ ਨੂੰ ਇਹ ਟੀਕਾ ਮੁਫ਼ਤ ਲਗਾਇਆ ਜਾਏਗਾ। ਇਸ ਲਈ ਸਾਰੇ ਸੂਬਿਆਂ ’ਚ ਬਲਾਕ ਪੱਧਰ ਤੱਕ ਇਸ ਉਮਰ ਦੀਆਂ ਲੜਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਟੀਕਾਕਰਨ ਤੋਂ ਇਕ ਵੀ ਲੜਕੀ ਛੁੱਟੇ ਨਾ। ਇਸ ਲਈ ਪੂਰੀ ਮੁਹਿੰਮ ਦੀ ਡਿਜੀਟਲ ਮਾਨੀਟਰਿੰਗ ਵੀ ਕੀਤੀ ਜਾਏਗੀ। ਇਹ ਟੀਕਾ ਪਹਿਲਾਂ ਤੋਂ ਚੱਲੇ ਆ ਰਹੇ ਯੂਨੀਵਰਸਲ ਟੀਕਾਕਰਨ ਮੁਹਿੰਮ ਤੋਂ ਵੱਖ ਹੋਵੇਗਾ, ਜਿਸ ਤਹਿਤ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਨੂੰ 12 ਤਰ੍ਹਾਂ ਦੇ ਟੀਕੇ ਵੱਖ-ਵੱਖ ਲਗਾਏ ਜਾਂਦੇ ਹਨ।
ਇੱਥੇ ਦੱਸਣਯੋਗ ਹੈ ਕਿ ਖੁੱਲ੍ਹੇ ਬਾਜ਼ਾਰ ’ਚ ਸਰਵਿਕਲ ਕੈਂਸਰ ਤੋਂ ਬਚਾਅ ਲਈ 15 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਲਈ ਕਵਾਡਰੀਵੇਲੈਂਟ ਗਾਰਡਾਸਿਲ-4 ਇਕ ਡਬਲ ਡੋਜ਼ ਵੈਕਸੀਨ ਹੈ ਤੇ ਇਸ ’ਚ ਹਰ ਇਕ ਦੀ ਕੀਮਤ 3,927 ਰੁਪਏ ਹੈ। 15 ਸਾਲ ਤੋਂ ਜ਼ਿਆਦਾ ਦੀਆਂ ਲੜਕੀਆਂ ਲਈ ਇਸ ਵੈਕਸੀਨ ਦੀਆਂ ਤਿੰਨ ਡੋਜ਼ ਦੀ ਲੋੜ ਹੁੰਦੀ ਹੈ। ਗਾਰਡਾਸਿਲ-4 ਵੈਕਸੀਨ ਐੱਮਐੱਸਡੀ ਇੰਡੀਆ ਵੱਲੋਂ ਬਣਾਈ ਗਈ ਹੈ। ਰਾਸ਼ਟਰੀ ਅਭਿਆਨ ’ਚ ਇਸਤੇਮਾਲ ਕੀਤੀ ਜਾਣ ਵਾਲੀ ਕਵਾਰਡੀਵੇਲੈਂਡ ਵੈਕਸੀਨ ਐੱਚਪੀਵੀ ਦੇ ਟਾਈਪ 16 ਤੇ 18 ਤੋਂ ਸੁਰੱਖਿਆ ਦਿੰਦੀ ਹੈ, ਜਿਹੜੀ ਸਰਵਿਕਲ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ।
ਦੁਨੀਆ ਭਰ ’ਚ 50 ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ
ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਐੱਚਪੀਵੀ ਟੀਕਾ ਪੂਰੀ ਦੁਨੀਆ ’ਚ ਔਰਤਾਂ ਨੂੰ ਕੈਂਸਰ ਤੋਂ ਬਚਾਅ ਲਈ ਸੁਰੱਖਿਅਤ ਸਾਬਿਤ ਹੋਇਆ ਹੈ ਤੇ ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਔਰਤਾਂ ਨੂੰ ਲਗਾਇਆ ਵੀ ਜਾ ਚੁੱਕਾ ਹੈ। ਇਹ ਐੱਚਪੀਵੀ ਤੋਂ ਹੋਣ ਵਾਲੇ ਕੈਂਸਰ ਨੂੰ ਰੋਕਣ ’ਚ 93 ਤੋਂ 100 ਫ਼ੀਸਦੀ ਤੱਕ ਸਮਰੱਥ ਪਾਇਆ ਗਿਆ ਹੈ।