ਜਹਾਂਗੀਰ, ਹਜ਼ਾਰੀ ਤੇ ਮੁਦੱਸਿਰ...ਕਿਸ਼ਤਵਾੜ 'ਚ 2 SPO ਦੀ ਹੱਤਿਆ ਤੋਂ ਬਾਅਦ 3 ਅੱਤਵਾਦੀਆਂ ਦੇ ਪੋਸਟਰ ਜਾਰੀ, 30 ਲੱਖ ਦਾ ਇਨਾਮ ਐਲਾਨਿਆ
ਪੁਲਿਸ ਨੇ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ 'ਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਕੁੱਲ 30 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੋਸਟਰ 'ਚ ਇਹ ਵੀ ਕਿਹਾ ਗਿਆ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
Publish Date: Fri, 13 Nov 2026 02:15 PM (IST)
Updated Date: Fri, 13 Nov 2026 02:18 PM (IST)
ਡਿਜੀਟਲ ਡੈਸਕ, ਜੰਮੂ : ਕਿਸ਼ਤਵਾੜ 'ਚ ਦੋ ਸਪੈਸ਼ਲ ਪੁਲਿਸ ਅਫ਼ਸਰਾਂ (SPO) ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਨੇ ਚੈਕਪੋਸਟਾਂ 'ਤੇ ਸ਼ੱਕੀ ਅੱਤਵਾਦੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਨੇ ਤਿੰਨ ਸਰਗਰਮ ਅੱਤਵਾਦੀਆਂ ਦੀਆਂ ਤਸਵੀਰਾਂ ਵਾਲਾ ਪੋਸਟਰ ਜਾਰੀ ਕੀਤਾ ਹੈ। ਪੋਸਟਰ 'ਚ ਮੁਹੰਮਦ ਅਮੀਨ ਉਰਫ਼ ਜਹਾਂਗੀਰ, ਰਿਆਜ਼ ਅਹਿਮਦ ਉਰਫ਼ ਹਜ਼ਾਰੀ ਅਤੇ ਮੁਦੱਸਿਰ ਹੁਸੈਨ ਦੇ ਨਾਂ ਤੇ ਤਸਵੀਰਾਂ ਦਿੱਤੀਆਂ ਗਈਆਂ ਹਨ। ਪੁਲਿਸ ਨੇ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ 'ਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਕੁੱਲ 30 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੋਸਟਰ 'ਚ ਇਹ ਵੀ ਕਿਹਾ ਗਿਆ ਹੈ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਦੱਛਨ ਦੇ ਦੂਰ-ਦੁਰਾਡੇ ਇਲਾਕੇ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ
ਦੱਸ ਦੇਈਏ ਕਿ ਕਿਸ਼ਤਵਾੜ ਜ਼ਿਲ੍ਹੇ 'ਚ ਬੀਤੇ ਬੁੱਧਵਾਰ ਤੋਂ ਲਾਪਤਾ ਦੋ ਸਪੈਸ਼ਲ ਪੁਲਿਸ ਅਫ਼ਸਰਾਂ (SPO) ਦੀਆਂ ਲਾਸ਼ਾਂ ਇਕ ਦਿਨ ਬਾਅਦ ਵੀਰਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ ਸਨ। ਦੋਵਾਂ ਦੀਆਂ ਲਾਸ਼ਾਂ ਗੋਲੀਆਂ ਨਾਲ ਵਿੰਨ੍ਹੀਆਂ ਹੋਈਆਂ ਸਨ। ਅਧਿਕਾਰੀਆਂ ਮੁਤਾਬਕ, ਉਨ੍ਹਾਂ ਦੀਆਂ ਲਾਸ਼ਾਂ ਦੂਰ-ਦੁਰਾਡੇ ਸਥਿਤ ਦੱਛਨ ਇਲਾਕੇ 'ਚੋਂ ਬਰਾਮਦ ਹੋਈਆਂ ਸਨ। ਮ੍ਰਿਤਕਾਂ ਦੀ ਪਛਾਣ 57 ਸਾਲਾ ਬਾਬੀ ਚੰਦ ਅਤੇ 45 ਸਾਲਾ ਰਸ਼ਪਾਲ ਕੁਮਾਰ ਵਜੋਂ ਹੋਈ ਹੈ। ਦੋਵੇਂ ਸਥਾਨਕ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) 'ਚ ਤਾਇਨਾਤ ਸਨ। ਉਨ੍ਹਾਂ ਦੀ ਪੋਸਟਿੰਗ ਦੱਛਨ ਦੇ ਕਿਆਰ ਪਿੰਡ 'ਚ ਸੀ।
ਕੈਂਪ ਤੋਂ ਫ਼ੌਜੀ ਪੋਸਟ ਵੱਲ ਜਾਂਦੇ ਸਮੇਂ ਲਾਪਤਾ ਹੋਏ ਸਨ ਦੋਵੇਂ ਜਵਾਨ
ਅਧਿਕਾਰੀਆਂ ਮੁਤਾਬਕ, ਬੁੱਧਵਾਰ ਨੂੰ ਦੋਵੇਂ ਜਵਾਨ ਆਪਣੇ ਕੈਂਪ ਤੋਂ ਧਰਨਾ-ਮਰਵਾਹ ਸਥਿਤ ਫ਼ੌਜੀ ਪੋਸਟ ਵੱਲ ਜਾ ਰਹੇ ਸਨ। ਇਸੇ ਦੌਰਾਨ ਉਹ ਲਾਪਤਾ ਹੋ ਗਏ ਸਨ। ਦੋਵੇਂ ਕਿਸ਼ਤਵਾੜ ਜ਼ਿਲ੍ਹੇ ਦੇ ਕਿਆਰ ਦੱਛਨ ਦੇ ਰਹਿਣ ਵਾਲੇ ਸਨ। ਦੋਵਾਂ SPO ਦੀ ਡਿਊਟੀ ਰੋਟੇਸ਼ਨ ਦੇ ਆਧਾਰ 'ਤੇ 17 ਰਾਸ਼ਟਰੀ ਰਾਈਫ਼ਲਜ਼ (RR) ਦੇ ਟੀਓਬੀ ਕੈਂਪ ਧਰਨਾ, ਸੈਕਟਰ ਮਰਵਾਹ 'ਚ ਲਗਾਈ ਗਈ ਸੀ।
ਲਾਸ਼ਾਂ ਮਿਲੀਆਂ, ਪਰ ਸਰਵਿਸ ਰਾਈਫ਼ਲਾਂ ਗਾਇਬ
ਦੋਵਾਂ ਜਵਾਨਾਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ, ਪਰ ਉਨ੍ਹਾਂ ਦੇ ਸਰਵਿਸ ਹਥਿਆਰ ਨਹੀਂ ਮਿਲੇ। ਜਿਸ ਇਲਾਕੇ 'ਚ ਇਹ ਜਵਾਨ ਲਾਪਤਾ ਹੋਏ ਸਨ, ਉਸ ਨੂੰ ਅੱਤਵਾਦੀਆਂ ਦੇ ਪ੍ਰਭਾਵ ਵਾਲਾ ਇਲਾਕਾ ਦੱਸਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲ ਅੱਤਵਾਦੀਆਂ ਦੇ ਟਿਕਾਣਿਆਂ ਦੀ ਭਾਲ 'ਚ ਜੁਟੇ ਹੋਏ ਹਨ।