- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ਵਿਚ ਆਫ਼ਤ ਦਾ ਸਹੀ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ ਪਰ ਵਿਗਿਆਨੀ ਚਿਤਾਵਨੀ ਦੇ ਰਹੇ ਹਨ ਕਿ ਹਵਾ ਪ੍ਰਦੂਸ਼ਣ ਦੁਨੀਆ ਦੇ ਗਲੇਸ਼ੀਅਰਾਂ ਲਈ ਇਕ ਵਧਦਾ ਹੋਇਆ ਖ਼ਤਰਾ ਹੈ ਅਤੇ ਇਹ ਗਲੋਬਲ ਵਾਰਮਿੰਗ ਨਾਲ ਮਿਲ ਕੇ ਗਲੇਸ਼ੀਅਰਾਂ ਦੇ ਟੁੱਟਣ ਅਤੇ ਹੜ੍ਹ ਦੇ ਖ਼ਤਰੇ ਨੂੰ ਵਧਾ ਰਿਹਾ ਹੈ।

ਵਾਸ਼ਿੰਗਟਨ (ਨਿਊਯਾਰਕ ਟਾਈਮਜ਼) : ਹਿਮਾਲਿਆ ਦੇ ਗਲੇਸ਼ੀਅਰ ਕਦੇ ਬਿਲਕੁਲ ਚਿੱਟੇ ਹੁੰਦੇ ਸਨ, ਪਰ ਹੁਣ ਉਨ੍ਹਾਂ ’ਤੇ ਕਾਰਾਂ ਤੋਂ ਨਿਕਲਿਆ ਧੂੰਆਂ ਅਤੇ ਕੋਲਾ ਪਲਾਂਟਾਂ ਅਤੇ ਫੈਕਟਰੀਆਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਪਰਤ ਦੇ ਰੂਪ ਵਿਚ ਤੇਜ਼ੀ ਨਾਲ ਜੰਮ ਰਿਹਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਵੇਂ-ਜਿਵੇਂ ਇਹ ਕਾਲੀ ਪਰਤ ਗਲੇਸ਼ੀਅਰਾਂ ਦੀ ਸਤ੍ਹਾ ’ਤੇ ਜੰਮ ਰਹੀ ਹੈ, ਉਹ ਸੂਰਜ ਤੋਂ ਵੱਧ ਗਰਮੀ ਸੋਖ ਰਹੇ ਹਨ ਅਤੇ ਤੇਜ਼ੀ ਨਾਲ ਪਿਘਲ ਰਹੇ ਹਨ। ਹਿਮਾਲਿਆ ਦੇ ਇਲਾਕਿਆਂ ਵਿਚ ਇਹੀ ਆਫ਼ਤਾਂ ਦੀ ਵਜ੍ਹਾ ਹੋ ਸਕਦੀ ਹੈ।
ਨੇਪਾਲ ਵਿਚ ਆਫ਼ਤ ਦਾ ਸਹੀ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ ਪਰ ਵਿਗਿਆਨੀ ਚਿਤਾਵਨੀ ਦੇ ਰਹੇ ਹਨ ਕਿ ਹਵਾ ਪ੍ਰਦੂਸ਼ਣ ਦੁਨੀਆ ਦੇ ਗਲੇਸ਼ੀਅਰਾਂ ਲਈ ਇਕ ਵਧਦਾ ਹੋਇਆ ਖ਼ਤਰਾ ਹੈ ਅਤੇ ਇਹ ਗਲੋਬਲ ਵਾਰਮਿੰਗ ਨਾਲ ਮਿਲ ਕੇ ਗਲੇਸ਼ੀਅਰਾਂ ਦੇ ਟੁੱਟਣ ਅਤੇ ਹੜ੍ਹ ਦੇ ਖ਼ਤਰੇ ਨੂੰ ਵਧਾ ਰਿਹਾ ਹੈ। ਕੋਲੰਬੀਆ ਯੂਨੀਵਰਸਿਟੀ ਵਿਚ ਲੈਮੋਂਟ-ਡੋਹਰਟੀ ਅਰਥ ਅਬਜ਼ਰਵੇਟਰੀ ਦੇ ਜਿਓ-ਫਿਜ਼ਿਕਸ ਦੇ ਪ੍ਰੋਫੈਸਰ ਮਾਰਕੋ ਟੇਡੇਸਕੋ ਨੇ ਕਿਹਾ, ‘ਇਸ ਦਾ ਇਨ੍ਹਾਂ ਗਲੇਸ਼ੀਅਰਾਂ ’ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ, ਖ਼ਾਸ ਕਰਕੇ ਜਦੋਂ ਉਹ ਪਤਲੇ ਹੋ ਰਹੇ ਹਨ।’ ਦਰਅਸਲ, ਸਵੱਛ ਅਤੇ ਵੱਧ ਉੱਚਾਈ ’ਤੇ ਮੌਜੂਦ ਬਰਫ ਆਉਣ ਵਾਲੀ ਧੁੱਪ ਨੂੰ 90 ਫ਼ੀਸਦੀ ਤੱਕ ਰਿਫਲੈਕਟ ਕਰ ਦਿੰਦੀ ਹੈ ਪਰ ਜਦੋਂ ਕਾਲਖ਼ ਦੇ ਰੂਪ ਵਿਚ ਹਵਾ ਵਿਚ ਮੌਜੂਦ ਪ੍ਰਦੂਸ਼ਕ ਬਰਫ ’ਤੇ ਡਿੱਗਦੇ ਹਨ, ਤਾਂ ਉਹ ਰਿਫਲੈਕਟੀਵਿਟੀ ਨੂੰ ਬਹੁਤ ਘੱਟ ਕਰ ਦਿੰਦੇ ਹਨ, ਜਿਸ ਨਾਲ ਸਤ੍ਹਾ ਵੱਧ ਗਰਮੀ ਸੋਖਦੀ ਹੈ। ਇਸ ਨਾਲ ਬਰਫ ਪਿਘਲਣ ਦੀ ਰਫ਼ਤਾਰ ਵਧ ਸਕਦੀ ਹੈ।
ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਖੋਜਕਰਤਾਵਾਂ ਦੇ ਇਕ ਹਾਲੀਆ ਅਧਿਐਨ ਵਿਚ ਅਨੁਮਾਨ ਲਗਾਇਆ ਹੈ ਕਿ 2007-16 ਦੇ ਦੌਰਾਨ ਹਿਮਾਲਿਆ ਵਿਚ ਗਲੇਸ਼ੀਅਰਾਂ ਦੇ ਕੁੱਲ ਨੁਕਸਾਨ ਵਿਚ ਦੱਖਣੀ ਏਸ਼ੀਆ ਦੇ ਕਾਲੇ ਕਾਰਬਨ ਦਾ ਹਿੱਸਾ ਇਕ-ਤਿਹਾਈ ਤੱਕ ਸੀ। ਜਿਵੇਂ-ਜਿਵੇਂ ਬਰਫ ਦੀ ਸਤ੍ਹਾ ’ਤੇ ਜੰਮਿਆ ਪਾਣੀ ਹੇਠਾਂ ਵਹਿਣਾ ਸ਼ੁਰੂ ਹੁੰਦਾ ਹੈ, ਉਹ ਗਲੇਸ਼ੀਅਰ ਵਿਚ ਗਹਿਰੀਆਂ ਸੁਰੰਗਾਂ ਬਣਾਉਂਦਾ ਹੈ। ਇਸ ਨਾਲ ਗਲੇਸ਼ੀਅਰ ਅਸਥਿਰ ਹੋ ਸਕਦੇ ਹਨ ਅਤੇ ਬੁਰੀ ਤਰ੍ਹਾਂ ਢਹਿ ਸਕਦੇ ਹਨ। ਨਿਊਜ਼ੀਲੈਂਡ ਵਿਚ ਓਟਾਗੋ ਯੂਨੀਵਰਸਿਟੀ ਦੇ ਖੋਜਕਰਤਾ ਅਬੀਰਾ ਸੇਨਗੁਪਤਾ ਨੇ ਕਿਹਾ ਕਿ ਜੇਕਰ ਪ੍ਰਦੂਸ਼ਣ ’ਤੇ ਕਾਬੂ ਨਹੀਂ ਪਾਇਆ ਗਿਆ, ਤਾਂ ਭਵਿੱਖ ਵਿਚ ਹੋਰ ਨੁਕਸਾਨ ਹੋ ਸਕਦਾ ਹੈ। ਇੰਡੀਅਨ ਇੰਸਟੀਟਿਊਟ ਆਫ ਟ੍ਰਾਪਿਕਲ ਮੀਟਿਓਰੋਲੋਜੀ ਦੇ 2023 ਦੇ ਇਕ ਅਧਿਐਨ ਵਿਚ ਹਿਮਾਲਿਆ ਦੇ ਗਲੇਸ਼ੀਅਰਾਂ ਨੂੰ ਬਚਾਉਣ ਲਈ 2020 ਵਿਚ ਕੋਵਿਡ-19 ਲਾਕਡਾਊਨ ਨੂੰ ਇਕ ਅਸਲ ਦੁਨੀਆ ਦੇ ਪ੍ਰਯੋਗ ਦੇ ਤੌਰ ’ਤੇ ਵਰਤਿਆ ਗਿਆ। ਟੀਮ ਨੇ ਦੇਖਿਆ ਕਿ ਪ੍ਰਦੂਸ਼ਣ ਵਿਚ ਕੁਝ ਸਮੇਂ ਦੀ ਕਮੀ ਨਾਲ ਬਰਫ ਦੀ ਪਰਤ ਚਮਕਦਾਰ ਹੋ ਗਈ ਸੀ ਅਤੇ ਹਿਮਾਲਿਆ ਵਿਚ ਬਰਫ ਪਿਘਲਣ ਵਿਚ 40 ਫ਼ੀਸਦੀ ਤੱਕ ਦੀ ਕਮੀ ਆਈ ਸੀ।
ਨੇਪਾਲ ਨੇ ਹਾਲੀਆ ਹੜ੍ਹ ਨੂੰ ‘ਹਿਮਾਲੀਅਨ ਸੁਨਾਮੀ’ ਦੱਸਿਆ
ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਲ ਨੇ ਵੀਰਵਾਰ ਨੂੰ ਰਾਜਧਾਨੀ ਵਿਚ ਮੌਜੂਦ ਅੰਤਰਰਾਸ਼ਟਰੀ ਡਿਪਲੋਮੈਟਾਂ ਨੂੰ ਭੋਟੇਕੋਸ਼ੀ ਨਦੀ ਵਿਚ ਆਏ ਹੜ੍ਹ ਕਾਰਨ ਹੋਈ ਤਬਾਹੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਮੈਂ ਇਸ ਆਫ਼ਤ ਨੂੰ ਹਿਮਾਲੀਅਨ ਸੁਨਾਮੀ ਕਹਿਣਾ ਚਾਹੁੰਦਾ ਹਾਂ ਕਿਉਂਕਿ ਅਸੀਂ ਹਾਲ ਹੀ ਵਿਚ ਇੰਨੀ ਵੱਡੀ ਆਫ਼ਤ ਦਾ ਸਾਹਮਣਾ ਨਹੀਂ ਕੀਤਾ।’ ਨਾਲ ਹੀ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿਚ ਮਦਦ ਅਤੇ ਇਕਜੁੱਟਤਾ ਲਈ ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦਾ ਸ਼ੁਕਰੀਆ ਵੀ ਅਦਾ ਕੀਤਾ। ਕੁਝ ਦਿਨ ਪਹਿਲਾਂ ਹੀ ਖਨਲ ਨੇ ਚੀਨ, ਅਮਰੀਕਾ ਅਤੇ ਭਾਰਤ ਨੂੰ ਦੁਨੀਆ ਦੇ ਤਿੰਨ ਸਭ ਤੋਂ ਵੱਡੇ ਗ੍ਰੀਨਹਾਊਸ ਗੈਸ ਉਤਸਰਜਕ ਦੱਸਿਆ ਸੀ ਅਤੇ ਕਿਹਾ ਸੀ ਕਿ ਨੇਪਾਲ ਜਿਹੇ ਕਮਜ਼ੋਰ ਦੇਸ਼ਾਂ ਨੂੰ ਮੁਆਵਜ਼ਾ ਦੇਣਾ ਉਨ੍ਹਾਂ ਦੀ ਇਤਿਹਾਸਕ ਜ਼ਿੰਮੇਵਾਰੀ ਹੈ।