
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੈਠਕ 'ਚ ਭਾਜਪਾ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੇ 'ਵੰਦੇ ਮਾਤਰਮ' ਸਬੰਧੀ ਫ਼ੈਸਲੇ ਖ਼ਿਲਾਫ਼ 10 ਨੁਕਾਤੀ ਸਖ਼ਤ ਨਿੰਦਾ ਪ੍ਰਸਤਾਵ ਪਾਸ ਕੀਤਾ। ਭਾਜਪਾ ਨੇ ਇਸ ਮੁੱਦੇ ’ਤੇ ਹਮਲਾਵਰ ਰੁਖ ਅਪਣਾਉਂਦਿਆਂ ਪੂਰੇ ਦੇਸ਼ 'ਚ ਸਿਆਸੀ ਪ੍ਰਦਰਸ਼ਨ ਅਤੇ ਜਨ-ਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਨਵੀਂ ਦਿੱਲੀ 'ਚ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਦੀ ਸ਼ੁਰੂਆਤ 'ਵੰਦੇ ਮਾਤਰਮ' ਦੀਆਂ ਸਾਰੀਆਂ ਛੇ ਲਾਈਨਾਂ ਦੇ ਪੂਰੇ ਗਾਇਨ ਨਾਲ ਹੋਈ। ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਦੀ ਪਹਿਲੀ ਬੈਠਕ 'ਚ ਪਾਰਟੀ ਦੀਆਂ ਆਉਣ ਵਾਲੀਆਂ ਰਣਨੀਤੀਆਂ ਨੂੰ ਲੈ ਕੇ ਚਰਚਾ ਹੋਈ। ਉੱਥੇ ਹੀ ਪਹਿਲੀ ਬੈਠਕ 'ਚ ਰਾਸ਼ਟਰ ਗੀਤ 'ਵੰਦੇ ਮਾਤਰਮ' ਦੇ ਅਪਮਾਨ ਨੂੰ ਲੈ ਕੇ ਕਾਂਗਰਸ ਨੂੰ ਘੇਰਨ ਦੀ ਤਿਆਰੀ ਵੀ ਕੀਤੀ ਗਈ।
ਬੈਠਕ 'ਚ ਭਾਜਪਾ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੇ 'ਵੰਦੇ ਮਾਤਰਮ' ਸਬੰਧੀ ਫ਼ੈਸਲੇ ਖ਼ਿਲਾਫ਼ 10 ਨੁਕਾਤੀ ਸਖ਼ਤ ਨਿੰਦਾ ਪ੍ਰਸਤਾਵ ਪਾਸ ਕੀਤਾ। ਭਾਜਪਾ ਨੇ ਇਸ ਮੁੱਦੇ ’ਤੇ ਹਮਲਾਵਰ ਰੁਖ ਅਪਣਾਉਂਦਿਆਂ ਪੂਰੇ ਦੇਸ਼ 'ਚ ਸਿਆਸੀ ਪ੍ਰਦਰਸ਼ਨ ਅਤੇ ਜਨ-ਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਿਖਰਲੇ ਆਗੂਆਂ ਨੇ ਕਾਂਗਰਸ ਦੇ 'ਵੰਦੇ ਮਾਤਰਮ' ਨੂੰ ਲੈ ਕੇ ਪਾਰਟੀ ਦੇ ਰੁਖ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਜਪਾ ਨੇ ਕਾਂਗਰਸ ਦੇ ਕਦਮ ਨੂੰ ਰਾਸ਼ਟਰ ਗੀਤ, ਰਾਸ਼ਟਰੀ ਸਵੈ-ਮਾਣ ਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਦਾ ਸਿੱਧਾ ਅਪਮਾਨ ਕਰਾਰ ਦਿੱਤਾ ਹੈ।
ਬੈਠਕ 'ਚ ਭਾਜਪਾ ਵੱਲੋਂ ਪਾਸ ਕੀਤੇ ਪ੍ਰਸਤਾਵ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਸਿਆਸੀ ਫ਼ਾਇਦੇ ਜਾਂ ਵੋਟ ਬੈਂਕ ਦੇ ਤੁਸ਼ਟੀਕਰਨ ਲਈ 'ਵੰਦੇ ਮਾਤਰਮ' ਦੇ ਸਨਮਾਨ ਤੇ ਇਸ ਦੀ ਇਤਿਹਾਸਕ ਵਿਰਾਸਤ ਨਾਲ ਕੋਈ ਸਮਝੌਤਾ ਮਨਜ਼ੂਰ ਨਹੀਂ ਕੀਤਾ ਜਾਵੇਗਾ।
ਪਾਰਟੀ ਨੇ ਮਹਾਤਮਾ ਗਾਂਧੀ ਦੇ ਉਸ ਇਤਿਹਾਸਕ ਕਥਨ ਨੂੰ ਵੀ ਦੇਸ਼ ਭਰ 'ਚ ਪ੍ਰਚਾਰਿਤ ਕਰਨ ਦਾ ਸੰਕਲਪ ਲਿਆ ਹੈ, ਜਿਸ ਵਿਚ ਉਨ੍ਹਾਂ ਨੇ 'ਵੰਦੇ ਮਾਤਰਮ' ਨੂੰ ਸਾਮਰਾਜਵਾਦ ਵਿਰੋਧੀ ਨਾਅਰਾ ਅਤੇ ਸ਼ੁੱਧ ਰਾਸ਼ਟਰੀ ਭਾਵਨਾ ਨਾਲ ਭਰਪੂਰ ਉਦਘੋਸ਼ ਦੱਸਿਆ ਸੀ।
ਭਾਜਪਾ ਦਾ ਟੀਚਾ ਇਸ ਦੇਸ਼-ਵਿਆਪੀ ਮੁਹਿੰਮ ਰਾਹੀਂ ਰਾਸ਼ਟਰ ਗੀਤ ਦੇ ਪੂਰੇ ਸਰੂਪ ਦੇ ਇਤਿਹਾਸ, ਮਹੱਤਵ ਅਤੇ ਮਾਣਮੱਤੀ ਵਿਰਾਸਤ ਨੂੰ ਭਾਰਤ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ।
ਕਾਂਗਰਸ ਵਰਕਿੰਗ ਕਮੇਟੀ (CWC) ਨੇ ਆਪਣੇ ਫ਼ੈਸਲੇ 'ਚ ਕਿਹਾ ਸੀ ਕਿ ਪਾਰਟੀ ਆਪਣੇ ਪ੍ਰੋਗਰਾਮਾਂ 'ਚ ਸਿਰਫ਼ ਸ਼ੁਰੂਆਤੀ ਦੋ ਲਾਈਨ ਹੀ ਗਾਏਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਸੀਨੀਅਰ ਆਗੂਆਂ ਦਾ ਤਰਕ ਹੈ ਕਿ ਪਾਰਟੀ 1937 ਦੇ ਉਸ ਇਤਿਹਾਸਕ ਪ੍ਰਸਤਾਵ ਤੇ ਪਰੰਪਰਾ ਦਾ ਪਾਲਣ ਕਰ ਰਹੀ ਹੈ, ਜਿਸ ਨੂੰ ਆਜ਼ਾਦੀ ਸੰਗਰਾਮ ਦੌਰਾਨ ਅਪਣਾਇਆ ਗਿਆ ਸੀ।
ਕਾਂਗਰਸ ਮੁਤਾਬਕ, ਇਹ ਫ਼ੈਸਲਾ ਅਕਤੂਬਰ 1937 'ਚ ਮਹਾਤਮਾ ਗਾਂਧੀ, ਪੰਡਿਤ ਜਵਾਹਰਲਾਲ ਨਹਿਰੂ, ਸਰਦਾਰ ਵੱਲਭਭਾਈ ਪਟੇਲ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਰਬਿੰਦਰਨਾਥ ਟੈਗੋਰ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਰਾਸ਼ਟਰ ਘਾੜਿਆਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਸੀ। ਕਾਂਗਰਸ ਲੀਡਰਸ਼ਿਪ ਦਾ ਕਹਿਣਾ ਹੈ ਕਿ ਉਹ ਉਸੇ ਪਰੰਪਰਾ ਦਾ ਸਨਮਾਨ ਕਰ ਰਹੀ ਹੈ, ਜਿਸ ਨੂੰ ਦੇਸ਼ ਦੇ ਸੰਸਥਾਪਕਾਂ ਨੇ ਤੈਅ ਕੀਤਾ ਸੀ।
'ਵੰਦੇ ਮਾਤਰਮ' ਨੂੰ ਲੈ ਕੇ ਸਿਆਸੀ ਘਮਸਾਨ ਜਾਰੀ ਹੈ। ਹਾਲ ਹੀ ਵਿੱਚ 'ਵੰਦੇ ਮਾਤਰਮ' ਨੂੰ ਕਾਨੂੰਨੀ ਸੁਰੱਖਿਆ ਦੇਣ ਵਾਲਾ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ (ਸੋਧ) ਕਾਨੂੰਨ ਪਹਿਲਾਂ ਹੀ ਦੇਸ਼ ਵਿਚ ਲਾਗੂ ਹੋ ਚੁੱਕਾ ਹੈ।
ਸੰਸਦ 'ਚ ਮਨਜ਼ੂਰੀ: ਇਹ ਇਤਿਹਾਸਕ ਬਿੱਲ 29 ਜੁਲਾਈ ਨੂੰ ਰਾਜ ਸਭਾ ਅਤੇ 30 ਜੁਲਾਈ ਨੂੰ ਲੋਕ ਸਭਾ ਤੋਂ ਪਾਸ ਹੋਇਆ ਸੀ।
ਕਾਨੂੰਨੀ ਦਰਜਾ: ਅਗਸਤ ਦੇ ਸ਼ੁਰੂਆਤੀ ਹਫ਼ਤੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੇ ਅਧਿਕਾਰਤ ਕਾਨੂੰਨ ਦਾ ਰੂਪ ਲੈ ਲਿਆ।
ਇਸ ਨਵੇਂ ਕਾਨੂੰਨ ਤਹਿਤ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨੂੰ ਹੁਣ ਰਾਸ਼ਟਰੀ ਗਾਨ 'ਜਨ ਗਣ ਮਨ' ਦੇ ਬਰਾਬਰ ਹੀ ਕਾਨੂੰਨੀ ਸੁਰੱਖਿਆ ਤੇ ਸਨਮਾਨ ਪ੍ਰਾਪਤ ਹੈ। ਕਾਨੂੰਨ ਮੁਤਾਬਕ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਰਾਸ਼ਟਰੀ ਗੀਤ ਗਾਣ 'ਚ ਰੁਕਾਵਟ ਪੈਦਾ ਕਰਦਾ ਹੈ ਜਾਂ ਇਸ ਦਾ ਜਨਤਕ ਤੌਰ ’ਤੇ ਅਪਮਾਨ ਕਰਦਾ ਹੈ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਤਹਿਤ 3 ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।