PNB ਘੁਟਾਲਾ ਮਾਮਲੇ 'ਚ ਵੱਡੀ ਕਾਰਵਾਈ, ਭਗੌੜੇ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ ਨੂੰ UAE ਤੋਂ ਭਾਰਤ ਲਿਆਂਦਾ; CBI ਨੇ ਕੀਤਾ ਗ੍ਰਿਫ਼ਤਾਰ
ਕੇਂਦਰੀ ਜਾਂਚ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੰਦੀਪ ਮਿਸਤਰੀ ਨੇ ਨੀਰਵ ਮੋਦੀ ਦੇ ਭਰਾ ਨੇਹਲ ਅਤੇ ਇੱਕ ਹੋਰ ਮੁਲਜ਼ਮ ਨਾਲ ਮਿਲ ਕੇ ਦੁਬਈ 'ਚ ਮੋਦੀ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਦੇ ਕਰਮਚਾਰੀਆਂ ਅਤੇ ਡਮੀ ਡਾਇਰੈਕਟਰਾਂ ਨੂੰ ਭਾਰਤ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ।
Publish Date: Tue, 29 Sep 2026 04:12 PM (IST)
Updated Date: Tue, 29 Sep 2026 04:14 PM (IST)
ਡਿਜ਼ੀਟਲ ਡੈਸਕ, ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ ਕਰੋੜਾਂ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (PNB) ਘੋਟਾਲੇ ਦੇ ਸਬੰਧ 'ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਪ੍ਰਤਿਆਰਪਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਸੰਦੀਪ ਮਿਸਤਰੀ ਨੂੰ ਸੋਮਵਾਰ ਨੂੰ ਪ੍ਰਤਿਆਰਪਣ ਰਾਹੀਂ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਬਾਅਦ CBI ਨੇ ਮੰਗਲਵਾਰ ਨੂੰ ਮੁੰਬਈ 'ਚ ਉਸ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਬਾਅਦ 'ਚ ਉਸ ਨੂੰ ਵਿਸ਼ੇਸ਼ CBI ਅਦਾਲਤ 'ਚ ਪੇਸ਼ ਕੀਤਾ, ਪਰ ਉਸ ਦੀ ਰਿਮਾਂਡ ਦੀ ਮੰਗ ਨਹੀਂ ਕੀਤੀ।
6 ਅਕਤੂਬਰ ਤਕ ਨਿਆਂਇਕ ਹਿਰਾਸਤ 'ਚ ਸੰਦੀਪ ਮਿਸਤਰੀ
ਅਦਾਲਤ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ ਨੂੰ 6 ਅਕਤੂਬਰ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਹ ਗ੍ਰਿਫ਼ਤਾਰੀ ਨਵੰਬਰ 2025 'ਚ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਦੀ ਪਾਲਣਾ ਕਰਦਿਆਂ ਕੀਤੀ ਗਈ।
ਮਿਸਤਰੀ ਨੇ ਨੀਰਵ ਮੋਦੀ ਦੀ ਹਾਂਗਕਾਂਗ ਸਥਿਤ ਕੰਪਨੀ ਫੈਂਸੀ ਕ੍ਰਿਏਸ਼ਨਜ਼ ਲਿਮਟਿਡ ਦੇ ਡਾਇਰੈਕਟਰ ਵਜੋਂ ਕੰਮ ਕੀਤਾ ਸੀ। CBI ਨੇ ਦੋਸ਼ ਲਗਾਇਆ ਹੈ ਕਿ ਮਿਸਤਰੀ ਨੇ ਮੋਦੀ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਕਥਿਤ ਅਪਰਾਧਿਕ ਸਾਜ਼ਿਸ਼ 'ਚ ਸਰਗਰਮ ਭੂਮਿਕਾ ਨਿਭਾਈ, ਜਿਸ ਤਹਿਤ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ ₹6,498.20 ਕਰੋੜ ਲੈ ਕੇ ਭੱਜਣ ਦਾ ਦੋਸ਼ ਹੈ।
13,000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼
ਕੇਂਦਰੀ ਜਾਂਚ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੰਦੀਪ ਮਿਸਤਰੀ ਨੇ ਨੀਰਵ ਮੋਦੀ ਦੇ ਭਰਾ ਨੇਹਲ ਅਤੇ ਇੱਕ ਹੋਰ ਮੁਲਜ਼ਮ ਨਾਲ ਮਿਲ ਕੇ ਦੁਬਈ 'ਚ ਮੋਦੀ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਦੇ ਕਰਮਚਾਰੀਆਂ ਅਤੇ ਡਮੀ ਡਾਇਰੈਕਟਰਾਂ ਨੂੰ ਭਾਰਤ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ।
CBI ਮੁਤਾਬਕ, ਸੰਦੀਪ ਮਿਸਤਰੀ ਨੇ ਇਨ੍ਹਾਂ ਲੋਕਾਂ ਨੂੰ ਧਮਕੀ ਦੇ ਕੇ ਕਾਹਿਰਾ 'ਚ ਤਬਦੀਲ ਹੋਣ ਲਈ ਮਜਬੂਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। CBI ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੇ ਮਕਸਦ ਨਾਲ ਆਪਣੇ ਮੋਬਾਈਲ ਫੋਨ ਵੀ ਨਸ਼ਟ ਕਰ ਦਿੱਤੇ ਸਨ।
ਇਨ੍ਹਾਂ ਸਾਰਿਆਂ 'ਤੇ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮੁੰਬਈ ਦੇ ਬ੍ਰੈਡੀ ਹਾਊਸ ਸਥਿਤ PNB ਸ਼ਾਖਾ ਤੋਂ ਫਰਜ਼ੀ ਲੈਟਰ ਆਫ ਅੰਡਰਟੇਕਿੰਗ (LoU) ਜਾਰੀ ਕਰਵਾ ਕੇ 13,000 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਕਰਨ ਦਾ ਦੋਸ਼ ਹੈ।
(ਸਮਾਚਾਰ ਏਜੰਸੀ PTI ਦੇ ਇਨਪੁਟ ਨਾਲ)