ਇਤਿਹਾਸਕ ਰੱਖਿਆ ਸਮਝੌਤੇ ਵਿਚਾਲੇ PM ਮੋਦੀ ਦਾ ਵੱਡਾ ਬਿਆਨ; ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਦੱਸਿਆ ਆਪਣੀ 'ਛੋਟੀ ਭੈਣ' PM ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੀ ਜਾਪਾਨੀ ਹਮਰੁਤਬਾ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੂੰ ਆਪਣੀ ਛੋਟੀ ਭੈਣ ਦੱਸਿਆ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਪਹਿਲੇ ਰੱਖਿਆ ਸਹਿ-ਵਿਕਾਸ ਸਮਝੌਤੇ 'ਤੇ ਦਸਤਖਤ ਕੀਤੇ ਅਤੇ ਆਪਣੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਪਹਿਲਕਦਮੀਆਂ ਦਾ ਐਲਾਨ ਕੀਤਾ।
Publish Date: Thu, 02 Jul 2026 03:14 PM (IST)
Updated Date: Thu, 02 Jul 2026 03:17 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ - PM ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੀ ਜਾਪਾਨੀ ਹਮਰੁਤਬਾ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੂੰ ਆਪਣੀ ਛੋਟੀ ਭੈਣ ਦੱਸਿਆ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਪਹਿਲੇ ਰੱਖਿਆ ਸਹਿ-ਵਿਕਾਸ ਸਮਝੌਤੇ 'ਤੇ ਦਸਤਖਤ ਕੀਤੇ ਅਤੇ ਆਪਣੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਪਹਿਲਕਦਮੀਆਂ ਦਾ ਐਲਾਨ ਕੀਤਾ।
16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ 'ਚ ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਵਜੋਂ ਤਕਾਈਚੀ ਦੀ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦੋਵਾਂ ਦੇਸ਼ਾਂ ਦੇ ਦੁਪੱਖੀ ਸਬੰਧਾਂ 'ਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਪੀਐਮ ਮੋਦੀ ਨੇ ਕਿਹਾ, "ਮੈਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਲਈ ਭਾਰਤ ਦੀ ਆਪਣੀ ਪਹਿਲੀ ਯਾਤਰਾ 'ਤੇ ਆਈ ਛੋਟੀ ਭੈਣ ਜਾਪਾਨੀ ਪ੍ਰਧਾਨ ਮੰਤਰੀ ਤਕਾਈਚੀ ਦਾ ਸਵਾਗਤ ਕਰਦਾ ਹਾਂ। ਉਹ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹਨ ਅਤੇ ਇੱਕ ਦੂਰਅੰਦੇਸ਼ੀ ਤੇ ਹਰਮਨਪਿਆਰੀ ਆਗੂ ਹਨ।"
ਇੰਡੋ-ਪੈਸੀਫਿਕ ਵਿਜ਼ਨ ਲਈ ਤਕਨੀਕੀ ਸਾਂਝੇਦਾਰੀ
ਸਨਾਏ ਤਕਾਈਚੀ ਨੂੰ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕਹਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਜਾਪਾਨ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮਾਂ 'ਤੇ ਅਧਾਰਤ ਇੰਡੋ-ਪੈਸੀਫਿਕ ਲਈ ਇੱਕੋ ਜਿਹਾ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ। ਉਨ੍ਹਾਂ ਇਹ ਵੀ ਜੋੜਿਆ ਕਿ ਤਕਨਾਲੋਜੀ ਦੁਪੱਖੀ ਸਬੰਧਾਂ ਦਾ ਇੱਕ ਮੁੱਖ ਅਧਾਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਾਂਝੀਆਂ ਤਰਜੀਹਾਂ ਇੱਕ ਸੁਤੰਤਰ, ਖੁੱਲ੍ਹਾ ਅਤੇ ਨਿਯਮਾਂ 'ਤੇ ਅਧਾਰਤ ਇੰਡੋ-ਪੈਸੀਫਿਕ ਖੇਤਰ ਹੈ। ਸਾਡੀ ਤਕਨੀਕੀ ਸਾਂਝੇਦਾਰੀ ਸਾਡੇ ਸਬੰਧਾਂ ਦਾ ਇੱਕ ਮਹੱਤਵਪੂਰਨ ਸਤੰਭ ਬਣ ਗਈ ਹੈ।
ਇਤਿਹਾਸਕ ਰੱਖਿਆ ਸਮਝੌਤਾ
ਦੋਵਾਂ ਆਗੂਆਂ ਨੇ ਇੱਕ ਇਤਿਹਾਸਕ ਰੱਖਿਆ ਸਹਿ-ਵਿਕਾਸ ਸਮਝੌਤੇ ਦਾ ਐਲਾਨ ਕੀਤਾ, ਜੋ ਭਾਰਤ ਅਤੇ ਜਾਪਾਨ ਵਿਚਕਾਰ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਆਰਥਿਕ ਸੁਰੱਖਿਆ, ਰਣਨੀਤਕ ਤਕਨਾਲੋਜੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰਸ, ਮਹੱਤਵਪੂਰਨ ਖਣਿਜਾਂ ਅਤੇ ਸਵੱਛ ਊਰਜਾ ਦੇ ਖੇਤਰ 'ਚ ਸਹਿਯੋਗ ਵਧਾਉਣ ਦੇ ਕਦਮਾਂ ਦਾ ਵੀ ਐਲਾਨ ਕੀਤਾ। ਪੀਐਮ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਿਕਾਸ ਯਾਤਰਾ 'ਚ ਜਾਪਾਨ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਦੋਵੇਂ ਦੇਸ਼, ਜੋ ਹੁਣ ਦੁਨੀਆ ਦੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ 'ਚ ਸ਼ਾਮਲ ਹਨ, ਸ਼ਾਂਤੀ, ਸਥਿਰਤਾ ਅਤੇ ਨਿਯਮਾਂ 'ਤੇ ਅਧਾਰਤ ਖੇਤਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨਗੇ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਦੋਵਾਂ ਪਾਸਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਵਫ਼ਦ ਪੱਧਰੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਦਿਨ ਵੇਲੇ, ਸਿਖਰ ਸੰਮੇਲਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ 'ਚ ਤਕਾਈਚੀ ਦਾ ਰਸਮੀ ਸਵਾਗਤ ਕੀਤਾ ਗਿਆ।
2027 'ਚ ਡਿਪਲੋਮੈਟਿਕ ਸਬੰਧਾਂ ਦੇ 75 ਸਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਸਨਾਏ ਤਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੀ ਤਿੰਨ ਦਿਨਾਂ ਅਧਿਕਾਰਤ ਯਾਤਰਾ 'ਤੇ ਹਨ। ਇਸ ਸਾਲਾਨਾ ਸਿਖਰ ਸੰਮੇਲਨ 'ਚ ਰੱਖਿਆ, ਵਪਾਰ, ਨਿਵੇਸ਼, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਸਮੇਤ ਦੁਪੱਖੀ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ।
ਭਾਰਤ ਅਤੇ ਜਾਪਾਨ ਨੇ 2014 'ਚ ਆਪਣੇ ਸਬੰਧਾਂ ਨੂੰ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੇ ਪੱਧਰ ਤੱਕ ਵਧਾਇਆ ਸੀ। ਦੋਵੇਂ ਦੇਸ਼ 2027 'ਚ ਆਪਣੇ ਰਾਜਦੂਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੇ ਹਨ, ਅਜਿਹੇ 'ਚ ਦੋਵਾਂ ਆਗੂਆਂ ਨੇ ਰਣਨੀਤਕ, ਆਰਥਿਕ ਅਤੇ ਲੋਕਾਂ ਦੇ ਆਪਸੀ ਸੰਪਰਕ ਵਾਲੇ ਖੇਤਰਾਂ 'ਚ ਸਹਿਯੋਗ ਦਾ ਵਿਸਤਾਰ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ।