- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ ਪਟਨਾ ਪਹੁੰਚੇ ਪ੍ਰਧਾਨ ਮੰਤਰੀ ਨੇ ਗੰਗਾ ਨਦੀ ’ਤੇ ਬਣੇ ਨਵੇਂ ਨਿਤੀਸ਼ ਸੇਤੂ ਸਮੇਤ 37 ਹਜ਼ਾਰ ਕਰੋੜ ਰੁਪਏ ਦੇ 227 ਪ੍ਰੋਜੈਕਟਾਂ ਦਾ ਉਦਘਾਟਨ, ਨੀਂਹ ਪੱਥਰ, ਕੰਮ ਦੀ ਸ਼ੁਰੂਆਤ ਅਤੇ ਸ਼ੁਭ ਆਰੰਭ ਕੀਤਾ। ਨਿਤੀਸ਼ ਸੇਤੂ (ਕੱਚੀ ਦਰਗਾਹ-ਬਿਦੁਪੁਰ ਛੇ ਮਾਰਗੀ ਪੁਲ਼) ਤੋਂ ਉਨ੍ਹਾਂ ਗਮਛਾ ਲਹਿਰਾ ਕੇ ਲੋਕਾਂ ਦਾ ਸਵਾਗਤ ਕੀਤਾ।

ਜਾਗਰਣ ਟੀਮ, ਨਵੀਂ ਦਿੱਲੀ : ਹਾਲੀਆ ਦਿਨਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਲੋਕਾਂ ਨੇ ਉਨ੍ਹਾਂ ਦੀ ਸਲਾਹ ਮੰਨੀ। ਉਨ੍ਹਾਂ ਕਿਹਾ, ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਹੈ ਕਿ ਮੋਦੀ ਨੇ 2023 ਵਿਚ ਕਿਹਾ ਸੀ ਕਿ ਭਾਰਤ ਦੇ ਜਨਤਕ ਖੇਤਰ ਦੇ ਅਦਾਰਿਆਂ ਵਿਚ ਪੈਸਾ ਲਗਾਓ, ਮਾਲਾਮਾਲ ਹੋ ਜਾਓਗੇ। ਅੱਜ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਪੈਸਾ ਲਾਇਆ, ਉਹ ਮਾਲਾਮਾਲ ਹੋ ਗਏ। ਮੈਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਇਕ ਸਾਲ ਤੱਕ ਸੋਨਾ ਨਾ ਖ਼ਰੀਦੋ। ਲੋਕਾਂ ਨੇ ਮੇਰੀ ਗੱਲ ਮੰਨੀ, ਸੋਨੇ ਦੀਆਂ ਕੀਮਤਾਂ ਘਟੀਆਂ ਅਤੇ ਦੇਸ਼ ਦਾ ਪੈਸਾ ਬਚ ਗਿਆ। ਹੁਣ ਮੈਂ ਇਕ ਹੋਰ ਗੱਲ ਕਹਿਣ ਜਾ ਰਿਹਾ ਹਾਂ। ਸਮਾਂ ਬਦਲ ਰਿਹਾ ਹੈ। ਕਾਗਜ਼ੀ ਸਰਟੀਫਿਕੇਟ ਲੈ ਕੇ ਸੂਟ-ਬੂਟ ਪਾ ਕੇ ਘੁੰਮਣ ਵਾਲਿਆਂ ਨਾਲੋਂ ਹੁਨਰਮੰਦ ਲੋਕਾਂ ਦੀ ਕਦਰ ਵੱਧ ਹੋਣ ਵਾਲੀ ਹੈ। ਜਿਸ ਕੋਲ ਹੁਨਰ ਹੈ, ਉਸ ਦੀ ਮੰਗ ਵਧੇਗੀ।
ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿਚ ਨੌਜਵਾਨਾਂ ਨੂੰ ਸੀਮਤ ਸੋਚ ਤੋਂ ਬਾਹਰ ਨਿਕਲ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਵੈਸ਼ਾਲੀ ਵਿਚ ਉਨ੍ਹਾਂ ਨੇ ਨਿਤੀਸ਼ ਸੇਤੂ ਲੋਕ-ਅਰਪਿਤ ਕੀਤਾ। ਦੁਪਹਿਰ ਮਗਰੋਂ ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨੇ ਪੰਜਵੇਂ ਰਾਸ਼ਟਰੀ ਹੁਨਰ ਦੀਕਸ਼ਾਂਤ ਸਮਾਰੋਹ ਵਿਚ ਆਈਟੀਆਈ ਅਤੇ ਹੋਰ ਹੁਨਰ ਸਿਖਲਾਈ ਸੰਸਥਾਵਾਂ ਦੇ ਕੌਮੀ ਪੱਧਰ ਦੇ 52 ਸਿਖਰਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।
ਨੌਜਵਾਨਾਂ ਵਿਚ ਨਵਾਂ ਜੋਸ਼ ਅਤੇ ਆਤਮ-ਵਿਸ਼ਵਾਸ ਭਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਵਿਚ ਇਕ ਦੌਰ ਕਾਗਜ਼ੀ ਸਰਟੀਫਿਕੇਟਾਂ ਦਾ ਰਿਹਾ ਹੋਵੇਗਾ, ਪਰ ਹੁਣ ਸਮਾਂ ਬਦਲ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਕੋਟ-ਪੈਂਟ ਪਾ ਕੇ ਤੇ ਟਾਈਆਂ ਲਾ ਕੇ ਕਾਗਜ਼ੀ ਡਿਗਰੀਆਂ ਚੁੱਕ ਕੇ ਘੁੰਮਣ ਵਾਲਿਆਂ ਨਾਲੋਂ ਹੁਨਰਮੰਦ ਨੌਜਵਾਨਾਂ ਦੀ ਵੱਧ ਕਦਰ ਹੋਵੇਗੀ। ਆਈਆਈਟੀ ਹੋਵੇ ਜਾਂ ਆਈਟੀਆਈ, ਮੇਰੇ ਲਈ ਦੋਵੇਂ ਬਰਾਬਰ ਹਨ, ਕਿਉਂਕਿ ਇਹੀ ਮੇਰੇ ਦੇਸ਼ ਦੀ ਅਮਾਨਤ, ਸਮਰੱਥਾ ਅਤੇ ਭਵਿੱਖ ਹਨ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਸਾਹਮਣੇ ਅਸਮਾਨ ਹੈ, ਖੁੱਲ੍ਹ ਕੇ ਸੁਪਨੇ ਦੇਖੋ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਸਫ਼ਰ ਵਿਚ ਕਦੇ ਵੀ ਆਪਣੇ-ਆਪ ਨੂੰ ਇਕੱਲਾ ਨਾ ਸਮਝੋ; ਪ੍ਰਧਾਨ ਮੰਤਰੀ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ। ਆਪਣੇ ਸੰਬੋਧਨ ਵਿਚ ਮੋਦੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਉਦੋਂ ਅਤੇ ਹੁਣ’ ਦੀ ਤੁਲਨਾ ਕਰਵਾਉਣ ਵਾਲੀ ਰਣਨੀਤੀ ਨੂੰ ਵੀ ਅੱਗੇ ਵਧਾਇਆ ਅਤੇ ਬਿਨਾਂ ਨਾਂ ਲਏ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ’ਤੇ ਨਿਸ਼ਾਨਾ ਸੇਧਿਆ।
ਕਾਸ਼ੀ ਦੀ ਇਕ ਮੁਟਿਆਰ ਦੁਆਰੇ ਦੱਸੇ ਹੋਏ ਤਜਰਬੇ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਨ ਤੋਂ ਬਾਅਦ ਰਾਤ 11 ਵਜੇ ਸੁਰੱਖਿਅਤ ਘਰ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸੂਰਜ ਡੁੱਬਣ ਮਗਰੋਂ ਧੀ ਦਾ ਸੁਰੱਖਿਅਤ ਘਰ ਪਹੁੰਚਣਾ ਕਿੰਨਾ ਮਹੱਤਵਪੂਰਨ ਹੈ, ਇਹ ਉੱਤਰ ਪ੍ਰਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।
-----------
ਮੈਂ ਚੁਣੌਤੀ ਨੂੰ ਚੁਣੌਤੀ ਦਿੱਤੇ ਬਿਨਾਂ ਨਹੀਂ ਰਹਿ ਸਕਦਾ
ਆਈਆਈਟੀ ਖੜਗਪੁਰ ਦੇ 75 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨੇ 75 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ ਅਤੇ ਅਦਾਰੇ ਦੇ 75 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਸੁਭਾਅ ਵਿਚ ਹੀ ਹੈ ਕਿ ਮੈਂ ਚੁਣੌਤੀ ਨੂੰ ਚੁਣੌਤੀ ਦਿੱਤੇ ਬਿਨਾਂ ਨਹੀਂ ਰਹਿ ਸਕਦਾ।
ਅਗਲੇ ਦੋ ਦਹਾਕਿਆਂ ਨੂੰ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਲਈ ਫ਼ੈਸਲਾਕੁਨ ਦੱਸਦਿਆਂ ਉਨ੍ਹਾਂ ਕਿਹਾ ਕਿ 2047 ਤੱਕ ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ਵਿਚ ਅੱਜ ਦੇ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਹੋਵੇਗੀ। ਇਹ ਆਈਆਈਟੀ ਉਸ ਕੈਂਪਸ ਵਿਚ ਸਥਾਪਤ ਹੈ, ਜਿੱਥੇ ਕਦੇ ਆਜ਼ਾਦੀ ਘੁਲਾਟੀਆਂ ਨੂੰ ਨਜ਼ਰਬੰਦ ਕੀਤਾ ਜਾਂਦਾ ਸੀ। ਉਸ ਵੇਲੇ ਇੱਥੇ ਸਵੈ-ਸ਼ਾਸਨ ਦਾ ਸੁਪਨਾ ਦੇਖਿਆ ਜਾਂਦਾ ਸੀ ਅਤੇ ਅੱਜ ਇਸੇ ਧਰਤੀ ’ਤੇ ਤਿਆਰ ਹੋ ਰਹੀ ਨਵੀਂ ਪੀੜ੍ਹੀ ਆਪਣੇ ਗਿਆਨ ਤੇ ਨਵੀਨਤਾ ਰਾਹੀਂ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਵਿਚ ਯੋਗਦਾਨ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਗ਼ਰੀਬੀ ਨੂੰ ਸਥਾਈ ਸਮੱਸਿਆ ਮੰਨ ਲਿਆ ਗਿਆ ਸੀ। ਪੰਜ ਦਹਾਕੇ ਪਹਿਲਾਂ ਲਾਲ ਕਿਲ੍ਹੇ ਤੋਂ ਗ਼ਰੀਬੀ ਹਟਾਉਣ ਦੇ ਨਾਅਰੇ ਦਿੱਤੇ ਜਾਂਦੇ ਸਨ, ਪਰ ਨੀਤੀਗਤ ਕਾਰਵਾਈ ਵੇਲੇ ਵਿਵਸਥਾ ਫਾਈਲਾਂ ਵਿਚ ਹੀ ਉਲਝੀ ਰਹਿੰਦੀ ਸੀ। ਮੋਦੀ ਨੇ ਵਿਸ਼ਵ ਬੈਂਕ ਦੀ ਅਕਤੂਬਰ 2026 ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ 12-13 ਸਾਲਾਂ ਵਿਚ ਦੇਸ਼ ਦੇ ਕਰੀਬ 50 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।
ਪੀਐੱਮ ਨੇ ਸੈਮੀਕੰਡਕਟਰ ਖੇਤਰ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਲਗਪਗ 50 ਸਾਲ ਪਹਿਲਾਂ ਭਾਰਤ ਵਿਚ ਚਿੱਪ ਬਣਾਉਣ ਵਾਲੀ ਇਕ ਕੰਪਨੀ ਆਈ ਸੀ, ਪਰ ਉਸ ਵੇਲੇ ਦੇ ਸਿਆਸੀ ਹਾਲਾਤ ਵਿਚ ਉਸ ਨੂੰ ਲਾਲ ਝੰਡਾ ਦਿਖਾ ਕੇ ਵਾਪਸ ਭੇਜ ਦਿੱਤਾ ਗਿਆ। ਹੁਣ ਭਾਰਤ ਇਸ ਖੇਤਰ ਵਿਚ ਅੱਗੇ ਵਧ ਰਿਹਾ ਹੈ ਅਤੇ ਦੇਸ਼ ਵਿਚ ਸੈਮੀਕੰਡਕਟਰ ਇਕਾਈਆਂ ਸਥਾਪਤ ਕਰਨ ਦੀ ਦਿਸ਼ਾ ’ਚ ਕੰਮ ਹੋ ਰਿਹਾ ਹੈ। ਉਨ੍ਹਾਂ ਪੁਲਾੜ ਖੇਤਰ ਵਿਚ ਨਿੱਜੀ ਕੰਪਨੀਆਂ ਦੀ ਭਾਗੀਦਾਰੀ ਨੂੰ ਵੀ ਬਦਲੀ ਹੋਈ ਨੀਤੀਗਤ ਸੋਚ ਦੀ ਮਿਸਾਲ ਦੱਸਿਆ।
ਇਸ ਤੋਂ ਬਾਅਦ ਪਟਨਾ ਪਹੁੰਚੇ ਪ੍ਰਧਾਨ ਮੰਤਰੀ ਨੇ ਗੰਗਾ ਨਦੀ ’ਤੇ ਬਣੇ ਨਵੇਂ ਨਿਤੀਸ਼ ਸੇਤੂ ਸਮੇਤ 37 ਹਜ਼ਾਰ ਕਰੋੜ ਰੁਪਏ ਦੇ 227 ਪ੍ਰੋਜੈਕਟਾਂ ਦਾ ਉਦਘਾਟਨ, ਨੀਂਹ ਪੱਥਰ, ਕੰਮ ਦੀ ਸ਼ੁਰੂਆਤ ਅਤੇ ਸ਼ੁਭ ਆਰੰਭ ਕੀਤਾ। ਨਿਤੀਸ਼ ਸੇਤੂ (ਕੱਚੀ ਦਰਗਾਹ-ਬਿਦੁਪੁਰ ਛੇ ਮਾਰਗੀ ਪੁਲ਼) ਤੋਂ ਉਨ੍ਹਾਂ ਗਮਛਾ ਲਹਿਰਾ ਕੇ ਲੋਕਾਂ ਦਾ ਸਵਾਗਤ ਕੀਤਾ।
ਮੌਜੂਦਾ ਐੱਨਡੀਏ ਸਰਕਾਰ ਦਾ ਇਕ ਸਾਲ ਪੂਰਾ ਹੋਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਬਿਹਾਰ ਨੇ ਦੇਸ਼ ਨੂੰ ਉਮੀਦ ਅਤੇ ਵਿਸ਼ਵਾਸ ਦਾ ਰਾਹ ਦਿਖਾਇਆ ਸੀ। ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਸੁਸ਼ਾਸਨ ਦਾ ਨਵਾਂ ਭਰੋਸਾ ਕਾਇਮ ਹੋਇਆ ਅਤੇ ਬਿਹਾਰ ਵਿਕਾਸ ਦਾ ਲੰਮਾ ਸਫ਼ਰ ਤਹਿ ਕਰ ਕੇ ਇੱਥੇ ਤੱਕ ਪਹੁੰਚਿਆ ਹੈ। ਹੁਣ ਡਬਲ ਇੰਜਣ ਸਰਕਾਰ ਵਿਚ ਸੂਬਾ ਵਿਕਾਸ ਦੀਆਂ ਨਵੀਆਂ ਉੱਚਾਈਆਂ ਵੱਲ ਵਧ ਰਿਹਾ ਹੈ। ਬਿਹਾਰ ਵਿਚ ਹੁਣ ਘੁਟਾਲਿਆਂ ਦੀ ਥਾਂ ਨਿਵੇਸ਼ ਦੀ ਚਰਚਾ ਹੋ ਰਹੀ ਹੈ। ਪਿਛਲੇ ਇਕ ਸਾਲ ਵਿਚ ਸੂਬੇ ਵਿਚ ਤਕਰੀਬਨ ਦੋ ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ ਹੋਏ ਹਨ। ਉਨ੍ਹਾਂ ਨੇ ਲੋਕਤੰਤਰ ਦੀ ਧਰਤੀ ਵੈਸ਼ਾਲੀ ਤੋਂ ਬਿਹਾਰ ਦੀ ਮਿੱਟੀ ਨੂੰ ਨਮਨ ਕਰਨ ਦੇ ਨਾਲ ਮਹਾਪਰਵ ਛੱਠ ਦੀ ਚਰਚਾ ਕੀਤੀ।