ਪਹਿਲਗਾਮ ਦਾ ਗੁਨਾਹਗਾਰ ਬੇਨਕਾਬ, NIA ਨੇ ਹਾਫਿਜ਼ ਸਈਦ ਨੂੰ ਠਹਿਰਾਇਆ ਹਮਲੇ ਦਾ ਮਾਸਟਰਮਾਈਂਡ; ਦਾਇਰ ਕੀਤੀ ਸਪਲੀਮੈਂਟਰੀ ਚਾਰਜਸ਼ੀਟ
ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਅਤੇ ਲਸ਼ਕਰ-ਏ-ਤੋਇਬਾ (LeT) ਦੇ ਸਰਗਨਾ ਹਾਫਿਜ਼ ਸਈਦ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਮਾਮਲਾ 22 ਅਪ੍ਰੈਲ, 2025 ਨੂੰ ਹੋਏ ਉਸ ਖ਼ੌਫ਼ਨਾਕ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜਿਆ ਹੋਇਆ ਹੈ, ਜਿਸ ਨੇ 26 ਬੇਗੁਨਾਹਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਵਿੱਚ 25 ਸੈਲਾਨੀ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਸਨ।
Publish Date: Mon, 06 Jul 2026 03:17 PM (IST)
Updated Date: Mon, 06 Jul 2026 03:19 PM (IST)
ਡਿਜੀਟਲ ਡੈਸਕ, ਸ਼੍ਰੀਨਗਰ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਅਤੇ ਲਸ਼ਕਰ-ਏ-ਤੋਇਬਾ (LeT) ਦੇ ਸਰਗਨਾ ਹਾਫਿਜ਼ ਸਈਦ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਮਾਮਲਾ 22 ਅਪ੍ਰੈਲ, 2025 ਨੂੰ ਹੋਏ ਉਸ ਖ਼ੌਫ਼ਨਾਕ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜਿਆ ਹੋਇਆ ਹੈ, ਜਿਸ ਨੇ 26 ਬੇਗੁਨਾਹਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਵਿੱਚ 25 ਸੈਲਾਨੀ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਸਨ।
NIA ਮੁਤਾਬਕ, ਹਾਫਿਜ਼ ਸਈਦ 'ਤੇ ਨਿੱਜੀ ਰੂਪ ਵਿੱਚ ਅਤੇ ਨਾਲ ਹੀ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਤੇ ਉਸਦੀ ਪ੍ਰੌਕਸੀ ਜਥੇਬੰਦੀ 'ਦ ਰੇਜ਼ਿਸਟੈਂਸ ਫਰੰਟ' (TRF) ਦੇ ਮੁਖੀ ਵਜੋਂ ਵੀ ਦੋਸ਼ ਤੈਅ ਕੀਤੇ ਗਏ ਹਨ। NIA ਨੇ ਹਾਫਿਜ਼ ਸਈਦ 'ਤੇ ਭਾਰਤੀ ਨਿਆ ਸੰਹਿਤਾ (BNS), 2023 ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਐਕਟ (UAPA), 1967 ਦੀਆਂ ਕਈ ਧਾਰਾਵਾਂ ਲਗਾਈਆਂ ਹਨ। ਦੋਸ਼ ਬੇਹੱਦ ਗੰਭੀਰ ਹਨ- ਭਾਰਤ ਖ਼ਿਲਾਫ਼ ਜੰਗ ਛੇੜਨ ਅਤੇ ਸਰਹੱਦ ਪਾਰ ਤੋਂ ਸਾਜ਼ਿਸ਼ ਰਚ ਕੇ ਇਸ ਖ਼ੂਨੀ ਹਮਲੇ ਨੂੰ ਅੰਜਾਮ ਦੇਣ ਦੇ।
ਚਾਰਜਸ਼ੀਟ ’ਚ ਪੁਖ਼ਤਾ ਸਬੂਤਾਂ ਦਾ ਪੂਰਾ ਵੇਰਵਾ
ਇਹ ਚਾਰਜਸ਼ੀਟ ਅਸਲ ਵਿੱਚ ਪਹਿਲਾਂ ਦਾਇਰ ਕੀਤੀ ਗਈ 1,597 ਪੰਨਿਆਂ ਦੀ ਮੁੱਖ ਚਾਰਜਸ਼ੀਟ ਦਾ ਹੀ ਹਿੱਸਾ ਹੈ। ਇਸ ਵਿੱਚ ਪਾਕਿਸਤਾਨ ਦੀ ਸਾਜ਼ਿਸ਼, ਹਮਲੇ ਵਿੱਚ ਹਾਫਿਜ਼ ਸਈਦ ਦੀ ਸਿੱਧੀ ਭੂਮਿਕਾ ਅਤੇ NIA ਦੀ ਵਿਗਿਆਨਕ ਜਾਂਚ ਤੇ ਫੀਲਡ ਇਨਕੁਆਰੀ ਤੋਂ ਇਕੱਠੇ ਕੀਤੇ ਗਏ ਪੁਖ਼ਤਾ ਸਬੂਤਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
NIA ਨੇ ਦੱਸਿਆ ਕਿ ਇਹ ਸਪਲੀਮੈਂਟਰੀ ਚਾਰਜਸ਼ੀਟ ਉਸਦੀ ਪਿਛਲੀ ਜਾਂਚ ਨੂੰ ਹੋਰ ਮਜ਼ਬੂਤ ਕਰਦੀ ਹੈ। ਪਿਛਲੇ ਸਾਲ ਦਸੰਬਰ ਵਿੱਚ ਏਜੰਸੀ ਨੇ ਪਾਕਿਸਤਾਨ ਸਥਿਤ ਹੈਂਡਲਰ ਸਾਜਿਦ ਜੱਟ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਨਾਲ ਹੀ ਉਨ੍ਹਾਂ ਤਿੰਨ ਅੱਤਵਾਦੀਆਂ ਨੂੰ ਵੀ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜੁਲਾਈ 2025 ਵਿੱਚ 'ਆਪਰੇਸ਼ਨ ਮਹਾਦੇਵ' ਦੌਰਾਨ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਦੋ ਗ੍ਰਿਫ਼ਤਾਰ ਮੁਲਜ਼ਮਾਂ 'ਤੇ ਵੀ ਦੋਸ਼ ਤੈਅ ਹੋ ਚੁੱਕੇ ਹਨ।
ਏਜੰਸੀ ਨੇ ਪਹਿਲਾਂ ਹੀ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਅਤੇ ਉਸਦੀ ਪ੍ਰੌਕਸੀ ਜਥੇਬੰਦੀ TRF ਨੂੰ ਕਾਨੂੰਨੀ ਸੰਸਥਾਵਾਂ ਵਜੋਂ ਚਾਰਜਸ਼ੀਟ ਕੀਤਾ ਸੀ। ਇਨ੍ਹਾਂ 'ਤੇ ਪਹਿਲਗਾਮ ਹਮਲੇ ਦੀ ਸਾਜ਼ਿਸ਼ ਰਚਣ, ਉਸਨੂੰ ਆਸਾਨ ਬਣਾਉਣ ਅਤੇ ਅੰਜਾਮ ਦੇਣ ਦਾ ਦੋਸ਼ ਹੈ।
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ, 2025 ਨੂੰ ਹੋਏ ਪਹਿਲਗਾਮ ਹਮਲੇ ਵਿੱਚ 25 ਸੈਲਾਨੀਆਂ ਅਤੇ ਇੱਕ ਸਥਾਨਕ ਨਿਵਾਸੀ ਦੀ ਮੌਤ ਹੋ ਗਈ ਸੀ। ਇਸ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।