- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਭਵਨ ਤੋਂ ਮਾਰਚ ਕਰ ਕੇ ਰਾਸ਼ਟਰਪਤੀ ਭਵਨ ਪਹੁੰਚੇ ਵਿਰੋਧੀ ਆਗੂਆਂ ਨੇ ਰਾਸ਼ਟਰਪਤੀ ਮੁਰਮੁ ਨੂੰ ਵੋਟ ਚੋਰੀ ਦੇ ਮੁੱਦੇ ’ਤੇ ਮੰਗ ਪੱਤਰ ਵੀ ਸੌਂਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਰਾਸ਼ਟਰਪਤੀ ਨੂੰ ਵੋਟ ਚੋਰੀ ਅਤੇ ਚੋਣ ਚੋਰੀ ਬਾਰੇ ਦੱਸਿਆ ਤਾਂ ਉਨ੍ਹਾਂ ਇਸ ਤੋਂ ਇਨਕਾਰ ਨਹੀਂ ਕੀਤਾ।

ਜਾਗਰਣ ਬਿਊਰੋ, ਨਵੀਂ ਦਿੱਲੀ: ਐੱਸਆਈਆਰ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੜਕਾਂ ’ਤੇ ਉਤਰ ਚੁੱਕੀਆਂ ਵਿਰੋਧੀ ਪਾਰਟੀਆਂ ਨੇ ਲਗਾਤਾਰ ਚੌਥੇ ਦਿਨ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰਦਿਆਂ ਵੋਟ ਚੋਰੀ ਵਿਰੁੱਧ ਆਵਾਜ਼ ਬੁਲੰਦ ਕੀਤੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਮਮਤਾ ਬੈਨਰਜੀ ਅਤੇ ਉਮਰ ਅਬਦੁੱਲਾ ਵਰਗੇ ਇੰਡੀਆ ਗੱਠਜੋੜ ਦੇ ਸੀਨੀਅਰ ਆਗੂਆਂ ਨੇ ਸ਼ੁੱਕਰਵਾਰ ਰਾਤ ਅੱਠ ਵਜੇ ਰਾਸ਼ਟਰਪਤੀ ਦ੍ਰੌਪਦੀ ਮੁਰਮੁ ਨਾਲ ਮੁਲਾਕਾਤ ਕਰ ਕੇ ਗਿਆਨੇਸ਼ ਕੁਮਾਰ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੋਟ ਚੋਰੀ ਅਤੇ ਚੋਣ ਚੋਰੀ ਦੇ ਦੋਸ਼ ਲਾਏ ਅਤੇ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਈਵੀਐੱਮ ਦੀ ਥਾਂ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ। ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਵੋਟ ਚੋਰੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਅਤੇ ਸਬੂਤ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਰਾਸ਼ਟਰਪਤੀ ਨੂੰ ਸਬੂਤ ਸੌਂਪਣ ਲਈ ਤਿਆਰ ਹੈ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਮੁੱਦੇ ’ਤੇ ਸੋਮਵਾਰ ਨੂੰ ਵਿਰੋਧੀ ਆਗੂਆਂ ਵੱਲੋਂ ਸੁਪਰੀਮ ਕੋਰਟ ਜਾ ਕੇ ਮੰਗ ਪੱਤਰ ਦੇਣ ਦਾ ਐਲਾਨ ਵੀ ਕੀਤਾ।
ਸੰਸਦ ਭਵਨ ਤੋਂ ਮਾਰਚ ਕਰ ਕੇ ਰਾਸ਼ਟਰਪਤੀ ਭਵਨ ਪਹੁੰਚੇ ਵਿਰੋਧੀ ਆਗੂਆਂ ਨੇ ਰਾਸ਼ਟਰਪਤੀ ਮੁਰਮੁ ਨੂੰ ਵੋਟ ਚੋਰੀ ਦੇ ਮੁੱਦੇ ’ਤੇ ਮੰਗ ਪੱਤਰ ਵੀ ਸੌਂਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਰਾਸ਼ਟਰਪਤੀ ਨੂੰ ਵੋਟ ਚੋਰੀ ਅਤੇ ਚੋਣ ਚੋਰੀ ਬਾਰੇ ਦੱਸਿਆ ਤਾਂ ਉਨ੍ਹਾਂ ਇਸ ਤੋਂ ਇਨਕਾਰ ਨਹੀਂ ਕੀਤਾ। ਰਾਸ਼ਟਰਪਤੀ ਨੇ ਇਹ ਨਹੀਂ ਕਿਹਾ ਕਿ ਚੋਣ ਚੋਰੀ ਨਹੀਂ ਹੋ ਰਹੀ। ਉਲਟਾ ਉਨ੍ਹਾਂ ਨੇ ਇਸ ਦੇ ਸਬੂਤ ਲਿਆਉਣ ਲਈ ਕਿਹਾ। ਆਗੂਆਂ ਦਾ ਇਹ ਸਮੂਹ ਰਾਸ਼ਟਰਪਤੀ ਨੂੰ ਖ਼ੁਸ਼ੀ-ਖ਼ੁਸ਼ੀ ਸਬੂਤ ਸੌਂਪਣ ਲਈ ਤਿਆਰ ਹੈ। ਪੂਰਾ ਦੇਸ਼ ਅਤੇ ਵਿਦਿਆਰਥੀ ਜਾਣਦੇ ਹਨ ਕਿ ਵੋਟ ਚੋਰੀ ਹੋ ਰਹੀ ਹੈ। ਨਰਿੰਦਰ ਮੋਦੀ ਇਸ ਦੇ ਸੂਤਰਧਾਰ ਹਨ। ਅਮਿਤ ਸ਼ਾਹ ਅਤੇ ਗਿਆਨੇਸ਼ ਕੁਮਾਰ ਇਸ ਨੂੰ ਅੰਜਾਮ ਦੇ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਵਿਰੋਧੀ ਧਿਰ ਦੀਆਂ ਗੱਲਾਂ ਨੂੰ ਰੱਦ ਨਹੀਂ ਕੀਤਾ ਅਤੇ ਕਿਹਾ ਕਿ ਉਹ ਇਸ ਬਾਰੇ ਸੋਚਣਗੇ। ਵਿਰੋਧੀ ਧਿਰ ਦੇ ਨੇਤਾ ਨੇ ਵੋਟ ਚੋਰੀ ਦੇ ਮੁੱਦੇ ’ਤੇ ਵਿਰੋਧੀ ਆਗੂਆਂ ਵੱਲੋਂ ਸੁਪਰੀਮ ਕੋਰਟ ਜਾ ਕੇ ਮੰਗ ਪੱਤਰ ਸੌਂਪਣ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਬਦਲ ਅਪਣਾਉਣਾ ਚਾਹੁੰਦੇ ਹਾਂ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵੋਟ ਚੋਰੀ ਅਤੇ ਲੋਕਤੰਤਰ ਨੂੰ ਤਬਾਹ ਕੀਤੇ ਜਾਣ ਵਿਰੁੱਧ ਉੱਠ ਰਹੀ ਜਨਤਾ ਦੀ ਆਵਾਜ਼ ਨੂੰ ਰਾਸ਼ਟਰਪਤੀ ਨੇ ਗੰਭੀਰਤਾ ਨਾਲ ਸੁਣਿਆ ਅਤੇ ਜਾਂਚ ਕਰ ਕੇ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿੱਤਾ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇਸ਼ ਦੀ 60 ਫ਼ੀਸਦ ਆਬਾਦੀ ਦੀ ਆਵਾਜ਼ ਹਨ।
ਰਾਸ਼ਟਰਪਤੀ ਨੂੰ ਵੋਟ ਚੋਰੀ ਬਾਰੇ ਮੰਗ ਪੱਤਰ ਸੌਂਪ ਕੇ ਵਿਰੋਧੀ ਧਿਰ ਨੇ ਰੱਖੀਆਂ ਚਾਰ ਮੰਗਾਂ : ਇੰਡੀਆ ਗੱਠਜੋੜ ਦੇ ਆਗੂਆਂ ਨੇ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ ’ਚ ਚਾਰ ਪ੍ਰਮੁੱਖ ਮੰਗਾਂ ਰੱਖੀਆਂ ਹਨ। ਪਹਿਲੀ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਅਤੇ 2023 ਦੇ ਉਸ ਕਾਨੂੰਨ ਨੂੰ ਰੱਦ ਕਰਨਾ, ਜੋ ਚੋਣ ਕਮਿਸ਼ਨਰਾਂ ਨੂੰ ਜੀਵਨ ਭਰ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਦਿੰਦਾ ਹੈ। ਦੂਜੀ, ਐੱਸਆਈਆਰ ਨੂੰ ਤੁਰੰਤ ਰੱਦ ਕਰਨਾ ਅਤੇ ਵੋਟਰ ਸੂਚੀ ’ਚੋਂ ਗ਼ੈਰ-ਕਾਨੂੰਨੀ ਢੰਗ ਨਾਲ ਹਟਾਏ ਗਏ ਸਾਰੇ 13.30 ਕਰੋੜ ਵੋਟਰਾਂ ਦੇ ਨਾਂ ਤੁਰੰਤ ਬਹਾਲ ਕਰਨਾ। ਤੀਜੀ, ਸਾਰੀਆਂ ਚੋਣਾਂ ’ਚ ਮੁੜ ਪੇਪਰ ਬੈਲੇਟ ਪ੍ਰਣਾਲੀ ਲਾਗੂ ਕਰਨਾ ਅਤੇ ਚੌਥੀ, ਪਿਛਲੇ ਦੋ ਸਾਲਾਂ ਦੌਰਾਨ ਹੋਈਆਂ ਉਨ੍ਹਾਂ ਸਾਰੀਆਂ ਵਿਧਾਨ ਸਭਾ ਚੋਣਾਂ ਨੂੰ ਰੱਦ ਕਰਨਾ, ਜਿਨ੍ਹਾਂ ’ਚ ਵੋਟ ਚੋਰੀ ਦੇ ਪੁਖ਼ਤਾ ਸਬੂਤ ਪੇਸ਼ ਕੀਤੇ ਗਏ ਹਨ।
ਵਿਰੋਧੀ ਧਿਰ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਇੰਡੀਆ ਗੱਠਜੋੜ ਦੇ ਸੰਸਦ ਮੈਂਬਰ 60 ਫ਼ੀਸਦ ਤੋਂ ਵੱਧ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਮੰਗ ਪੱਤਰ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਪੂਰੀ ਚੋਣ ਪ੍ਰਣਾਲੀ ਅਤੇ ਲੋਕਤੰਤਰੀ ਢਾਂਚੇ ਨੂੰ ਕਮਜ਼ੋਰ ਕਰ ਕੇ ਕਰੋੜਾਂ ਭਾਰਤੀਆਂ ਤੋਂ ‘ਵੋਟ ਪਾਉਣ ਦਾ ਅਧਿਕਾਰ’ ਖੋਹਿਆ ਹੈ, ਉਸ ਨਾਲ ਲੋਕਤੰਤਰ ਦੀ ਨੀਂਹ ਹੀ ਹਿੱਲ ਗਈ ਹੈ। ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਦਿੱਲੀ ਅਤੇ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਚੋਰੀ ਕਰ ਲਈਆਂ ਗਈਆਂ ਹਨ। ਵੋਟ ਨੂੰ ਲੋਕਤੰਤਰ ਦੀ ਨੀਂਹ ਦੱਸਦਿਆਂ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਇਸ ਦਾ ਰਖਵਾਲਾ ਹੈ। ਕਿਸੇ ਵੀ ਸੰਸਥਾ ਨੂੰ ਇਸ ਅਧਿਕਾਰ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਬਦਲਣ, ਆਪਣੇ ਫ਼ੈਸਲਿਆਂ ਪ੍ਰਤੀ ਜਵਾਬਦੇਹੀ ਤੋਂ ਬਚਣ ਅਤੇ ਸਵਾਲ ਪੁੱਛਣ ਵਾਲਿਆਂ ਨੂੰ ਟਾਲ-ਮਟੋਲ ਤੇ ਅਪਰਾਧਿਕ ਵਿਹਾਰ ਰਾਹੀਂ ਚੁੱਪ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਲਈ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਗੰਭੀਰ ਸਥਿਤੀ ਦਾ ਨੋਟਿਸ ਲੈਣ ਅਤੇ ਮੰਗਾਂ ’ਤੇ ਬਿਨਾਂ ਦੇਰੀ ਕਾਰਵਾਈ ਕਰਨ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀ ਅਗਵਾਈ ’ਚ ਇੰਡੀਆ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਵਿਜੇ ਚੌਕ ’ਤੇ ਹੀ ਰੋਕ ਦਿੱਤਾ ਗਿਆ ਅਤੇ ਚੋਣਵੇਂ ਆਗੂਆਂ ਨੂੰ ਹੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ।