- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਰਵੇ ਰਾਸ਼ਟਰੀ ਟਾਸਕ ਫੋਰਸ ਦੀ ਉਸ ਆਖਰੀ ਰਿਪੋਰਟ ਦਾ ਹਿੱਸਾ ਹੈ, ਜਿਸਨੂੰ ਉੱਚ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੁਧਾਰਣ ਤੇ ਖੁਦਕੁਸ਼ੀਆਂ ਦੀਆਂ ਘਟਨਾਵਾਂ ਰੋਕਣ ਦੇ ਉਪਾਅ ਸੁਝਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਏਜੰਸੀ) : ਉਚੇਰੀ ਸਿੱਖਿਆ, ਬਿਹਤਰ ਕਰੀਅਰ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਦੌੜ ’ਚ ਦੇਸ਼ ਦੇ ਹਜ਼ਾਰਾਂ ਵਿਦਿਆਰਥੀ ਅੰਦਰ ਹੀ ਅੰਦਰ ਗੰਭੀਰ ਮਾਨਸਿਕ ਦਬਾਅ ਤੋਂ ਲੰਘ ਰਹੇ ਹਨ। ਇਸ ’ਤੇ ਜੇਕਰ ਅਦਾਰਿਆਂ ’ਚ ਜਾਤੀ ਜਾਂ ਲਿੰਗ ਦੇ ਆਧਾਰ ’ਤੇ ਭੇਦਭਾਵ ਹੋਵੇ ਤਾਂ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਸੁਪੀਰਮ ਕੋਰਟ ਵੱਲੋਂ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਤੇ ਰੋਕਥਾਮ ਲਈ ਗਠਿਤ ਰਾਸ਼ਟਰੀ ਟਾਸਕ ਫੋਰਸ ਦੇ ਸਰਵੇ ’ਚ ਇਸਦੀ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਸਰਵੇ ’ਚ ਸ਼ਾਮਲ 2.43 ਲੱਖ ਵਿਦਿਆਰਥੀਆਂ ’ਚੋਂ ਲਗਪਗ 15 ਫ਼ੀਸਦੀ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ’ਚ ਉਹ ਅਜਿਹੇ ਦੌਰ ਤੋਂ ਲੰਘੇ, ਜਦੋਂ ਉਹ ਬਹੁਤ ਪਰੇਸ਼ਾਨ ਜਾਂ ਤਣਾਅ ’ਚ ਸਨ। ਉੱਥੇ ਨੌ ਫ਼ੀਸਦੀ ਵਿਦਿਆਰਥੀਆਂ ਨੇ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਕਹੀ।
ਇਹ ਸਰਵੇ ਰਾਸ਼ਟਰੀ ਟਾਸਕ ਫੋਰਸ ਦੀ ਉਸ ਆਖਰੀ ਰਿਪੋਰਟ ਦਾ ਹਿੱਸਾ ਹੈ, ਜਿਸਨੂੰ ਉੱਚ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੁਧਾਰਣ ਤੇ ਖੁਦਕੁਸ਼ੀਆਂ ਦੀਆਂ ਘਟਨਾਵਾਂ ਰੋਕਣ ਦੇ ਉਪਾਅ ਸੁਝਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਰਿਪੋਰਟ 31 ਅਕਤੂਬਰ ਤੱਕ ਸੌਂਪੇ ਜਾਣ ਦੀ ਉਮੀਦ ਹੈ।
ਇਕੱਲਾਪਣ ਤੇ ਵਿਤਕਰਾ ਵੀ ਵਧਾ ਰਿਹੈ ਪਰੇਸ਼ਾਨੀ
ਸਰਵੇ ’ਚ 34 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਕੰਪਲੈਕਸ ’ਚ ਰਹਿੰਦੇ ਹੋਏ ਉਨ੍ਹਾਂ ਨੂੰ ਕਦੇ ਨਾ ਕਦੇ ਬਾਹਰੀ ਵਰਗਾ ਮਹਿਸੂਸ ਹੋਇਆ। ਕਰੀਬ 67 ਫ਼ੀਸਦੀ ਉਮੀਦਵਾਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜਾ ਵਰਗ ਤੋਂ ਸਨ। ਟਾਸਕ ਫੋਰਸ ਦੀ ਅੰਤ੍ਰਿਮ ਰਿਪੋਰਟ ’ਚ ਵੀ ਉੱਚ ਵਿੱਦਿਅਕ ਅਦਾਰਿਆਂ ’ਚ ਸਮਾਜਿਕ ਵਿਤਕਰਾ, ਜਾਤੀਗਤ ਅਪਮਾਨ, ਲਿੰਗ ਭੇਦਭਾਵ, ਜਿਨਸੀ ਸ਼ੋਸ਼ਣ ਤੇ ਮੋਰਲ ਪੁਲਿਸਿੰਗ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਸੀ। ਸਰਵੇ ’ਚ ਸਿਰਫ਼ 56 ਫ਼ੀਸਦੀ ਵਿਦਿਆਰਥੀਆਂ ਨੂੰ ਭਰੋਸਾ ਸੀ ਕਿ ਉਨ੍ਹਾਂ ਦਾ ਅਦਾਰਾ ਗੰਭੀਰ ਮਾਮਲਿਆਂ ਦਾ ਨਿਰਪੱਖ ਹੱਲ ਕਰੇਗਾ। ਕਰੀਬ 32 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਅਦਾਰੇ ’ਚ ਕੌਂਸਲਿੰਗ ਦੀ ਸੁਵਿਧਾ ਹੀ ਨਹੀਂ ਹੈ। ਪੜ੍ਹਾਈ, ਕਰੀਅਰ ਤੇ ਨੌਕਰੀ ਨੂੰ ਲਗਾਤਾਰ ਬਣੀ ਰਹਿਣ ਵਾਲੀ ਚਿੰਤਾ ਵੀ ਵਿਦਿਆਰਥੀਆਂ ਲਈ ਵੱਡੀ ਪਰੇਸ਼ਾਨੀ ਦੇ ਰੂਪ ’ਚ ਸਾਹਮਣੇ ਆਈ।
-----------
ਪੱਖੇ ਹਟਾਉਣ ਨਾਲ ਨਹੀਂ ਬਦਲੇਗੀ ਸਥਿਤੀ
ਆਈਆਈਟੀ ਦਿੱਲੀ ਤੇ ਆਈਆਈਟੀ ਮੁੰਬਈ ’ਚ ਵਿਦਿਆਰਤੀਆਂ ਦੀ ਮੌਤ ਦੀਆਂ ਘਟਨਾਵਾਂ ਤੋਂ ਬਾਅਦ ਕਈ ਅਦਾਰਿਆਂ ’ਚ ਹੋਸਟਲ ਦੇ ਕਮਰਿਆਂ ਤੋਂ ਸੀਲਿੰਗ ਫੈਨ ਹਟਾਉਣ ਜਾਂ ਐਂਟੀ ਸੁਸਾਇਡ ਪੱਖੇ ਲੱਗਣ ਵਰਗੇ ਕਦਮ ਚੁੱਕੇ ਗਏ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਅਜਿਹੀਆਂ ਵਿਵਸਥਾਵਾਂ ਕਰਨਾ ਕਾਫ਼ੀ ਨਹੀਂ ਹੈ। ਵਿਦਿਆਰਥੀਆਂ ਨੂੰ ਲਗਾਤਾਰ ਭਾਵਨਾਤਮਕ ਸਹਾਰਾ, ਕੌਂਸਲਿੰਗ ਤੇ ਅਜਿਹਾ ਮਾਹੌਲ ਚਾਹੀਦਾ ਹੈ ਜਿੱਥੇ ਉਹ ਬਿਨਾ ਡਰ ਆਪਣੀ ਪਰੇਸ਼ਾਨੀ ਸਾਂਝੀ ਕਰ ਸਕਣ।
ਕਲੀਨਿਕਲ ਮਨੋਵਿਗਿਆਨੀ ਸ਼ਵੇਤਾ ਸ਼ਰਮਾ ਮੁਤਾਬਕ, ਆਈਆਈਟੀ ਤੇ ਆਈਆਈਐੱਮ ਵਰਗੇ ਅਦਾਰਿਆਂ ’ਚ ਪੜ੍ਹਨ ਵਾਲੇ ਕਈ ਪ੍ਰਤਿਭਾਸ਼ਾਲੀ ਵਿਦਿਆਰਥੀ ਪੜ੍ਹਾਈ ਤੇ ਪ੍ਰਦਰਸ਼ਨ ’ਚ ਤਾਂ ਅੱਗੇ ਹੁੰਦੇ ਹਨ, ਪਰ ਰਿਸ਼ਤਿਆਂ ਤੇ ਸਮਾਜਿਕ ਜੀਵਨ ਨਾਲ ਜੁੜੀਆਂ ਪਰੇਸ਼ਾਨੀਆਂ ਨਾਲ ਜੂਝਦੇ ਹਨ। ਉਨ੍ਹਾਂ ਦੇ ਮੁਤਾਬਕ, ਹੋਸਟਲ ਤੋਂ ਪੱਖੇ ਹਟਾਉਣਾ ਹੱਲ ਨਹੀਂ ਹੈ। ਸੀਨੀਅਰ ਥੇਰੈਪਿਸਟ ਮੈਤਰੀ ਚੰਦ ਨੇ ਵਿਦਿਆਰਥੀਆਂ ਦਾ ਖੁਦ ਨੂੰ ਨੁਕਸਾਨ ਪਹੁੰਚਾਉਣਾ ਵਿਵਸਥਾ ਨਾਲ ਜੁੜੀ ਸਮੱਸਿਆ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਵਿਦਿਆਰਥੀ ਜਦੋਂ ਮਾਨਸਿਕ ਸੰਕਟ ’ਚ ਹੋਣ ਤਾਂ ਉਨ੍ਹਾਂ ਨੂੰ ਸਮੇਂ ’ਤੇ ਮਦਦ ਤੇ ਸੁਰੱਖਿਅਤ ਮਾਹੌਲ ਮਿਲੇ।.
2.43 ਲੱਖ ਵਿਦਿਆਰਥੀਆਂ ਨੇ ਦੇਸ਼ਭਰ ’ਚ ਐੱਨਟੀਐੱਫ ਨੇ ਲਈ ਪ੍ਰਤੀਕ੍ਰਿਆ
67% ਐੱਸਸੀ-ਐੱਸਟੀ ਤੇ ਓਬੀਸੀ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਹੋਈ ਗੱਲ
32% ਵਿਦਿਆਰਥੀਆਂ ਨੇ ਅਦਾਰਿਆਂ ’ਚ ਕੌਂਸਲਿੰਗ ਸਹੂਲਤ ਨਾ ਹੋਣ ਦੀ ਕਹੀ ਗੱਲ
34 % ਵਿਦਿਆਰਥੀ ਬੋਲੇ- ਕੰਪਲੈਕਸ ’ਚ ਬਾਹਰੀ ਵਰਗਾ ਮਹਿਸੂਸ ਹੁੰਦਾ ਹੈ
9% ਵਿਦਿਆਰਥੀ ਬੋਲੇ- ਪਿਛਲੇ ਛੇ ਮਹੀਨਿਆਂ ਤੋਂ ਆ ਰਹੇ ਖੁਦਕੁਸ਼ੀ ਦੇ ਵਿਚਾਰ
56% ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਇਸ ਮੁੱਦੇ ਨੂੰ ਸੰਭਾਲ ਸਕਦਾ ਹੈ