'ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ', ਮਨ ਕੀ ਬਾਤ ਦੇ 12 ਸਾਲ ਪੂਰੇ ਹੋਣ 'ਤੇ ਬੋਲੇ PM ਮੋਦੀ
ਆਉਣ ਵਾਲੇ ਤਿਉਹਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਅਤੇ ਰਿਹਾਇਸ਼ੀ ਇਲਾਕਿਆਂ 'ਚ ਸਾਫ਼-ਸਫ਼ਾਈ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਛੱਠ ਵਰਗੇ ਪਵਿੱਤਰ ਤਿਉਹਾਰ ਹੁਣ ਕੁਝ ਹੀ ਦਿਨ ਦੂਰ ਹਨ ਅਤੇ ਥਾਂ-ਥਾਂ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
Publish Date: Sun, 25 Oct 2026 01:20 PM (IST)
Updated Date: Sun, 25 Oct 2026 01:22 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 12 ਸਾਲ ਪੂਰੇ ਹੋਣ 'ਤੇ ਇਸ ਨੂੰ ਇਕ ਤੀਰਥ ਯਾਤਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੰਚ ਨੇ ਉਨ੍ਹਾਂ ਨੂੰ ਦੇਸ਼ ਭਰ ਦੇ ਆਮ ਲੋਕਾਂ ਦੀ ਸਖ਼ਤ ਮਿਹਨਤ, ਹਿੰਮਤ, ਸਮਰਪਣ ਅਤੇ ਸੇਵਾ ਭਾਵਨਾ ਨੂੰ ਨੇੜਿਓਂ ਸਮਝਣ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਦਾ ਸ਼ਾਨਦਾਰ ਮੌਕਾ ਦਿੱਤਾ ਹੈ।
ਪ੍ਰੋਗਰਾਮ ਦੇ 139ਵੇਂ ਐਪੀਸੋਡ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 'ਮਨ ਕੀ ਬਾਤ' ਦੀ ਸ਼ੁਰੂਆਤ 12 ਸਾਲ ਪਹਿਲਾਂ ਵਿਜੈਦਸ਼ਮੀ ਦੇ ਪਵਿੱਤਰ ਮੌਕੇ 'ਤੇ ਹੋਈ ਸੀ ਅਤੇ ਉਦੋਂ ਤੋਂ ਇਹ ਯਾਤਰਾ ਬਿਨਾਂ ਰੁਕੇ ਲਗਾਤਾਰ ਜਾਰੀ ਹੈ।
ਉਨ੍ਹਾਂ ਇਸ ਸਫ਼ਰ 'ਚ ਸਹਿਯਾਤਰੀ ਅਤੇ ਮਾਰਗਦਰਸ਼ਕ ਬਣਨ ਲਈ ਦੇਸ਼ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਸਾਡੇ ਦੇਸ਼ 'ਚ ਸਦੀਆਂ ਤੋਂ ਤੀਰਥ ਯਾਤਰਾਵਾਂ ਦੀ ਪਰੰਪਰਾ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਲਈ ਇਹ ਪ੍ਰੋਗਰਾਮ ਦੇਸ਼ਵਾਸੀਆਂ ਦੇ ਯਤਨਾਂ ਨੂੰ ਨਮਨ ਕਰਨ ਵਾਲੀ ਇਕ ਪਵਿੱਤਰ ਯਾਤਰਾ ਵਰਗਾ ਹੈ।
ਦੀਵਾਲੀ ਅਤੇ ਛੱਠ ਤੋਂ ਪਹਿਲਾਂ ਸਫ਼ਾਈ ਬਣਾਈ ਰੱਖਣ ਦੀ ਅਪੀਲ
ਆਉਣ ਵਾਲੇ ਤਿਉਹਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਅਤੇ ਰਿਹਾਇਸ਼ੀ ਇਲਾਕਿਆਂ 'ਚ ਸਾਫ਼-ਸਫ਼ਾਈ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਛੱਠ ਵਰਗੇ ਪਵਿੱਤਰ ਤਿਉਹਾਰ ਹੁਣ ਕੁਝ ਹੀ ਦਿਨ ਦੂਰ ਹਨ ਅਤੇ ਥਾਂ-ਥਾਂ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੇਸ਼ਵਾਸੀਆਂ ਨੂੰ ਆਉਣ ਵਾਲੀ ਦੀਵਾਲੀ 'ਤੇ ਸਥਾਨਕ ਕਾਰੀਗਰਾਂ ਵੱਲੋਂ ਬਣਾਏ ਉਤਪਾਦ ਖਰੀਦਣ ਅਤੇ 'ਵੋਕਲ ਫਾਰ ਲੋਕਲ' ਮੁਹਿੰਮ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਪੀਐੱਮ ਮੋਦੀ ਨੇ ਭਾਰਤ ਦੀ ਕੁਦਰਤ ਦੀ ਪੂਜਾ ਕਰਨ ਦੀ ਪ੍ਰਾਚੀਨ ਪਰੰਪਰਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਅਤੇ ਜਲ ਸਰੋਤਾਂ ਦੀ ਦੇਖਭਾਲ ਕਰਨਾ ਸਾਡੇ ਪੁਰਖਿਆਂ ਵੱਲੋਂ ਸੌਂਪੀ ਗਈ ਇਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਛੋਟੇ-ਛੋਟੇ ਯਤਨ ਮਿਲ ਕੇ ਸਮਾਜ 'ਚ ਵੱਡਾ ਬਦਲਾਅ ਲਿਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਦੇ ਸਥਾਨਕ ਉਤਪਾਦਾਂ ਦੀ ਮੰਗ ਹੁਣ ਵਿਦੇਸ਼ਾਂ 'ਚ ਵੀ ਵਧ ਰਹੀ ਹੈ। ਇਨ੍ਹਾਂ 'ਚ ਬਿਹਾਰ ਦਾ ਮਖਾਣਾ, ਕਰਨਾਟਕ ਦੀ ਅਰਹਰ ਦਾਲ ਅਤੇ ਮਹਾਰਾਸ਼ਟਰ ਦੇ ਕਬਾਇਲੀ ਉਤਪਾਦ ਸ਼ਾਮਲ ਹਨ। ਇਸ ਦੇ ਨਾਲ ਹੀ ਖਾਦੀ ਦੀ ਲੋਕਪ੍ਰਿਯਤਾ ਵੀ ਤੇਜ਼ੀ ਨਾਲ ਵਧ ਰਹੀ ਹੈ।
ਉੱਤਰਾਖੰਡ 'ਚ ਹੇਵਲ ਨਦੀ ਦੇ ਮੁੜ-ਸੁਰਜੀਤੀਕਰਨ ਦੀ ਕੀਤੀ ਸ਼ਲਾਘਾ
ਪੀਐੱਮ ਮੋਦੀ ਨੇ ਪੰਜਾਬ ਦੇ ਮਾਲਵਾ ਖੇਤਰ 'ਚ ਰਸਾਇਣਕ ਰੰਗਾਂ ਤੋਂ ਬਿਨਾਂ ਕੁਦਰਤੀ ਕਪਾਹ ਉਗਾਉਣ ਦੀ ਨਵ-ਤ੍ਰਿੰਜਨ ਪਹਿਲ ਅਤੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ 'ਚ ਪਿੰਡ ਵਾਸੀਆਂ ਵੱਲੋਂ ਹੇਵਲ ਨਦੀ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਗਏ ਸਮੂਹਿਕ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਖੇਤਰ 'ਚ ਪਿੰਡ ਵਾਸੀਆਂ ਵੱਲੋਂ ਹੇਵਲ ਨਦੀ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਨੂੰ ਕੁਦਰਤ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਅਤੇ ਲੋਕਾਂ ਦੀ ਭਾਗੀਦਾਰੀ ਦੀ ਇਕ ਸ਼ਾਨਦਾਰ ਮਿਸਾਲ ਦੱਸਿਆ।
ਪੀਐੱਮ ਮੋਦੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੇਵਲ ਨਦੀ ਦਾ ਜਲ ਪੱਧਰ ਕਾਫ਼ੀ ਘਟ ਗਿਆ ਸੀ ਅਤੇ ਆਲੇ-ਦੁਆਲੇ ਦੇ ਕੁਦਰਤੀ ਜਲ ਸਰੋਤ ਸੁੱਕਣ ਲੱਗ ਪਏ ਸਨ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਨਦੀ ਨੂੰ ਬਚਾਉਣ ਲਈ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ।
ਮੀਂਹ ਦੇ ਪਾਣੀ ਦੀ ਸੰਭਾਲ, ਧਰਤੀ ਹੇਠਲੇ ਪਾਣੀ ਦੇ ਮੁੜ ਭਰਨ ਅਤੇ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੇ ਯਤਨਾਂ ਰਾਹੀਂ ਨਾ ਸਿਰਫ਼ ਹੇਵਲ ਨਦੀ 'ਚ ਮੁੜ ਜੀਵਨ ਪਰਤਿਆ, ਸਗੋਂ ਦਰਜਨਾਂ ਕੁਦਰਤੀ ਜਲ ਸਰੋਤ ਵੀ ਫਿਰ ਤੋਂ ਜੀਵੰਤ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਕਿਸੇ ਨੇਕ ਕੰਮ ਲਈ ਇਕਜੁੱਟ ਹੁੰਦਾ ਹੈ, ਤਾਂ ਸਕਾਰਾਤਮਕ ਬਦਲਾਅ ਯਕੀਨੀ ਹੋ ਜਾਂਦਾ ਹੈ।