- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਕਟਰ ਸਰਚ ਇੰਜਣਾਂ ਅਤੇ ਐਪਾਂ ’ਤੇ ਆਪਣੀ ਰੇਟਿੰਗ ਵਧਾਉਣ ਲਈ ਭੁਗਤਾਨ ਵੀ ਨਹੀਂ ਕਰ ਸਕਣਗੇ। ਮਰੀਜ਼ ਹਾਸਲ ਕਰਨ ਲਈ ਇਨਫਲੂਐਂਸਰਾਂ, ਇਸ਼ਤਿਹਾਰ ਏਜੰਸੀਆਂ ਜਾਂ ਆਨਲਾਈਨ ਮੰਚਾਂ ਨਾਲ ਪੈਸੇ ਦੇ ਆਧਾਰ ’ਤੇ ਸਮਝੌਤੇ ਕਰਨ ’ਤੇ ਵੀ ਪਾਬੰਦੀ ਹੋਵੇਗੀ।

ਨਵੀਂ ਦਿੱਲੀ (ਪੀਟੀਆਈ) : ਮਰੀਜ਼ਾਂ ਨੂੰ ਇਲਾਜ ਦੇ ਨਾਂ ’ਤੇ ਕੀਤੇ ਜਾਂਦੇ ਗੁੰਮਰਾਹਕੁਨ ਪ੍ਰਚਾਰ ਤੋਂ ਬਚਾਉਣ ਲਈ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਨੇ ਡਾਕਟਰਾਂ ਅਤੇ ਹਸਪਤਾਲਾਂ ਦੇ ਇਸ਼ਤਿਹਾਰਾਂ ਸਬੰਧੀ ਨਵੇਂ ਨੈਤਿਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਏਆਈ ਦੀ ਮਦਦ ਨਾਲ ਮਰੀਜ਼ਾਂ ਦੇ ਜਾਅਲੀ ਤਜਰਬੇ, ਆਵਾਜ਼ਾਂ, ਇਲਾਜ ਦੇ ਨਤੀਜੇ ਜਾਂ ਹਮਾਇਤੀ ਸੁਨੇਹੇ ਤਿਆਰ ਕਰ ਕੇ ਪ੍ਰਚਾਰ ਕਰਨਾ ਮਨ੍ਹਾਂ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਾਕਟਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕੇਗੀ। ਹਾਲਾਂਕਿ, ਡਾਕਟਰ ਇੰਟਰਨੈੱਟ ਤੇ ਸੋਸ਼ਲ ਮੀਡੀਆ ’ਤੇ ਤੱਥਾਂ ’ਤੇ ਆਧਾਰਿਤ, ਗ਼ੈਰ-ਪ੍ਰਚਾਰਕ ਸਿਹਤ ਜਾਣਕਾਰੀ ਸਾਂਝੀ ਕਰ ਸਕਣਗੇ। ਹਸਪਤਾਲ ਵੀ ਆਪਣੀਆਂ ਸੇਵਾਵਾਂ ਬਾਰੇ ਵਸਤੂ ਅਧਾਰਤ ਜਾਣਕਾਰੀ ਦੇ ਸਕਣਗੇ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਇਹ ਦਿਸ਼ਾ-ਨਿਰਦੇਸ਼ ਤੁਰੰਤ ਲਾਗੂ ਹੋ ਗਏ ਹਨ। ਇਨ੍ਹਾਂ ਮੁਤਾਬਕ, ਡਾਕਟਰ ਆਪਣੇ ਆਪ ਨੂੰ ਜਾਂ ਆਪਣੀਆਂ ਸੇਵਾਵਾਂ ਨੂੰ ‘ਸਭ ਤੋਂ ਵਧੀਆ’, ‘ਨੰਬਰ ਇਕ’, ‘ਸਭ ਤੋਂ ਭਰੋਸੇਯੋਗ’ ਦੱਸਣ ਜਾਂ ‘ਇਲਾਜ ਦੀ ਗਾਰੰਟੀ’ ਅਤੇ ‘100 ਫ਼ੀਸਦੀ ਸਫ਼ਲਤਾ’ ਵਰਗੇ ਦਾਅਵੇ ਨਹੀਂ ਕਰ ਸਕਣਗੇ, ਜਦ ਤੱਕ ਇਨ੍ਹਾਂ ਨੂੰ ਸਾਬਤ ਕਰਨ ਵਾਲੇ ਪ੍ਰਮਾਣਿਤ ਤੱਥ ਉਨ੍ਹਾਂ ਕੋਲ ਨਾ ਹੋਣ। ਏਆਈ ਨਾਲ ਤਿਆਰ ਸਮੱਗਰੀ ਦੀ ਵਰਤੋਂ ਸੇਵਾਵਾਂ ਦੇ ਪ੍ਰਚਾਰ, ਮਰੀਜ਼ਾਂ ਨੂੰ ਆਪਣੇ ਵੱਲ ਖਿੱਚਣ ਜਾਂ ਬਿਮਾਰੀ ਦੀ ਜਾਂਚ, ਇਲਾਜ ਤੇ ਉਸ ਦੇ ਨਤੀਜਿਆਂ ਬਾਰੇ ਅਪੁਸ਼ਟ ਜਾਣਕਾਰੀ ਫੈਲਾਉਣ ਲਈ ਵੀ ਨਹੀਂ ਕੀਤੀ ਜਾ ਸਕੇਗੀ।
ਐੱਨਐੱਮਸੀ ਨੇ ਨਿਯਮ ਤੋੜਨ ’ਤੇ ਕਾਰਵਾਈ ਦੇ ਕਈ ਪੱਧਰ ਤੈਅ ਕੀਤੇ ਹਨ। ਪਹਿਲੀ ਵਾਰ ਉਲੰਘਣਾ ਹੋਣ ’ਤੇ ਚਿਤਾਵਨੀ ਦੇ ਨਾਲ ਨੈਤਿਕਤਾ ਬਾਰੇ ਲਾਜ਼ਮੀ ਸਿਖਲਾਈ ਦਿੱਤੀ ਜਾਵੇਗੀ। ਦੂਜੀ ਵਾਰ ਨਿਖੇਧੀ ਦੇ ਨਾਲ ਜੁਰਮਾਨਾ ਲਾਇਆ ਜਾ ਸਕਦਾ ਹੈ। ਤੀਜੀ ਵਾਰ ਤਿੰਨ ਤੋਂ ਛੇ ਮਹੀਨਿਆਂ ਲਈ ਮੁਅੱਤਲੀ ਹੋ ਸਕਦੀ ਹੈ। ਗੰਭੀਰ ਉਲੰਘਣਾ ਲਈ ਛੇ ਤੋਂ 12 ਮਹੀਨਿਆਂ ਦੀ ਮੁਅੱਤਲੀ ਹੋ ਸਕਦੀ ਹੈ, ਜਦਕਿ ਵਾਰ-ਵਾਰ ਨਿਯਮ ਤੋੜਨ ’ਤੇ ਇਕ ਤੋਂ ਤਿੰਨ ਸਾਲਾਂ ਤੱਕ ਮੈਡੀਕਲ ਰਜਿਸਟਰ ਵਿੱਚੋਂ ਨਾਂ ਹਟਾਇਆ ਜਾ ਸਕਦਾ ਹੈ।
ਡਾਕਟਰ ਸਰਚ ਇੰਜਣਾਂ ਅਤੇ ਐਪਾਂ ’ਤੇ ਆਪਣੀ ਰੇਟਿੰਗ ਵਧਾਉਣ ਲਈ ਭੁਗਤਾਨ ਵੀ ਨਹੀਂ ਕਰ ਸਕਣਗੇ। ਮਰੀਜ਼ ਹਾਸਲ ਕਰਨ ਲਈ ਇਨਫਲੂਐਂਸਰਾਂ, ਇਸ਼ਤਿਹਾਰ ਏਜੰਸੀਆਂ ਜਾਂ ਆਨਲਾਈਨ ਮੰਚਾਂ ਨਾਲ ਪੈਸੇ ਦੇ ਆਧਾਰ ’ਤੇ ਸਮਝੌਤੇ ਕਰਨ ’ਤੇ ਵੀ ਪਾਬੰਦੀ ਹੋਵੇਗੀ। ਸੀਮਤ ਸਮੇਂ ਦੀਆਂ ਛੋਟਾਂ, ਕੂਪਨ, ਤੋਹਫ਼ਾ ਪੈਕੇਜ ਜਾਂ ਰੈਫ਼ਰਲ ਲਾਭ ਵੀ ਮਨ੍ਹਾਂ ਹੋਣਗੇ, ਜੇ ਇਨ੍ਹਾਂ ਨਾਲ ਬੇਲੋੜੇ ਸਲਾਹ-ਮਸ਼ਵਰੇ ਨੂੰ ਉਤਸ਼ਾਹ ਮਿਲਣ ਦਾ ਖ਼ਦਸ਼ਾ ਹੋਵੇ। ਮਰੀਜ਼ਾਂ ਦੀਆਂ ਤਸਵੀਰਾਂ ਵਰਤਣ ਲਈ ਉਨ੍ਹਾਂ ਦੀ ਸਹਿਮਤੀ ਲੈਣੀ ਅਤੇ ਢੁੱਕਵੀਂ ਸੁਰੱਖਿਆ ਯਕੀਨੀ ਬਣਾਉਣੀ ਲਾਜ਼ਮੀ ਹੋਵੇਗੀ। ਮਰੀਜ਼ਾਂ ਦੇ ਪ੍ਰਸ਼ੰਸਾ-ਪੱਤਰਾਂ, ਇਲਾਜ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਅਤੇ ਅਜਿਹੇ ਸਫ਼ਲਤਾ ਦੇ ਦਾਅਵਿਆਂ ’ਤੇ ਵੀ ਰੋਕ ਹੋਵੇਗੀ, ਜਿਨ੍ਹਾਂ ਨਾਲ ਲੋਕ ਗੁੰਮਰਾਹ ਹੋਣ।