ਪੰਜਾਬ 'ਚ ਵਿਰਾਸਤੀ ਰੁੱਖਾਂ ਦੀ ਨਾਜਾਇਜ਼ ਕਟਾਈ ਦਾ NGT ਨੇ ਲਿਆ ਸਖ਼ਤ ਨੋਟਿਸ, ਸਾਂਝੀ ਕਮੇਟੀ ਦੇ ਗਠਨ ਸਮੇਤ ਦਿੱਤੇ ਇਹ ਨਿਰਦੇਸ਼
NGT ਨੇ ਇਕ ਸਾਂਝੀ ਕਮੇਟੀ ਦਾ ਗਠਨ ਵੀ ਕੀਤਾ ਹੈ ਜਿਸ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਦੇ ਚੰਡੀਗੜ੍ਹ ਖੇਤਰੀ ਦਫ਼ਤਰ ਅਤੇ ਪ੍ਰਧਾਨ ਮੁੱਖ ਵਣ ਪਾਲ (PCCF), ਪੰਜਾਬ ਦੇ ਨੁਮਾਇੰਦੇ ਸ਼ਾਮਲ ਹਨ। PCCF ਨੂੰ ਤਾਲਮੇਲ ਏਜੰਸੀ ਬਣਾਇਆ ਗਿਆ ਹੈ।
Publish Date: Tue, 24 Mar 2026 01:43 PM (IST)
Updated Date: Tue, 24 Mar 2026 03:48 PM (IST)
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਪੰਜਾਬ ਦੇ ਬਰਨਾਲਾ 'ਚ ਵੱਡੀ ਗਿਣਤੀ 'ਚ ਵਿਰਾਸਤੀ ਰੁੱਖਾਂ ਦੀ ਕਥਿਤ ਨਾਜਾਇਜ਼ ਕਟਾਈ ਦੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਇਹ ਮਾਮਲਾ ਮੂਲ ਬਿਨੈ-ਪੱਤਰ ਨੰਬਰ 188/2026 ਨਾਲ ਸਬੰਧਤ ਹੈ, ਜੋ ਕਿ ਗੁਰਪ੍ਰੀਤ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਇੰਪਰੂਵਮੈਂਟ ਟਰੱਸਟ, ਬਰਨਾਲਾ ਦੇ ਅਧਿਕਾਰੀਆਂ ਤੇ ਹੋਰ ਸਬੰਧਤ ਅਥਾਰਟੀਆਂ ਨੇ ਫੁਹਾਰਾ ਚੌਕ, ਬਰਨਾਲਾ ਦੇ ਨੇੜੇ ਸਥਿਤ ਲਗਪਗ 140 ਹਰੇ-ਭਰੇ ਅਤੇ ਕਰੀਬ 50 ਸਾਲ ਪੁਰਾਣੇ ਰੁੱਖਾਂ ਨੂੰ ਨਾਜਾਇਜ਼ ਤੌਰ 'ਤੇ ਪੁੱਟ ਦਿੱਤਾ।
ਪਟੀਸ਼ਨ ਅਨੁਸਾਰ ਨਿੰਮ, ਬੋਹੜ, ਪਿੱਪਲ, ਸ਼ਹਿਤੂਤ, ਸਾਗਵਾਨ, ਕਿੱਕਰ, ਟਾਹਲੀ ਅਤੇ ਜੰਡ ਵਰਗੇ ਰੁੱਖਾਂ ਨੂੰ ਭਾਰੀ ਮਸ਼ੀਨਾਂ ਦੀ ਸਹਾਇਤਾ ਨਾਲ ਹਟਾਇਆ ਗਿਆ, ਜਿਸ ਨਾਲ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਪਟੀਸ਼ਨਰ ਨੇ ਇਹ ਵੀ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਪ੍ਰਭਾਵਸ਼ਾਲੀ ਲੋਕਾਂ ਦੇ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਦੋਸ਼ਾਂ ਦੇ ਸਮਰਥਨ ਵਿੱਚ ਅਖ਼ਬਾਰੀ ਰਿਪੋਰਟਾਂ ਅਤੇ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਟ੍ਰਿਬਿਊਨਲ ਨੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
ਟ੍ਰਿਬਿਊਨਲ ਨੇ ਇਕ ਸਾਂਝੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਦੇ ਚੰਡੀਗੜ੍ਹ ਖੇਤਰੀ ਦਫ਼ਤਰ ਅਤੇ ਪ੍ਰਧਾਨ ਮੁੱਖ ਵਣ ਪਾਲ (PCCF), ਪੰਜਾਬ ਦੇ ਨੁਮਾਇੰਦੇ ਸ਼ਾਮਲ ਹਨ। PCCF ਨੂੰ ਤਾਲਮੇਲ ਏਜੰਸੀ ਬਣਾਇਆ ਗਿਆ ਹੈ। ਕਮੇਟੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ 2026 ਨੂੰ ਤੈਅ ਕੀਤੀ ਗਈ ਹੈ।
ਸਾਂਝੀ ਕਮੇਟੀ ਨੂੰ ਹੇਠ ਲਿਖੇ ਨਿਰਦੇਸ਼ ਦਿੱਤੇ ਗਏ ਹਨ:
ਮੌਕੇ ਦਾ ਨਿਰੀਖਣ ਕਰ ਕੇ ਦੋਸ਼ਾਂ ਦੀ ਪੁਸ਼ਟੀ ਕੀਤੀ ਜਾਵੇ।
ਨਾਜਾਇਜ਼ ਤੌਰ 'ਤੇ ਵੱਢੇ ਗਏ ਰੁੱਖਾਂ ਦੀ ਗਿਣਤੀ ਨਿਰਧਾਰਤ ਕੀਤੀ ਜਾਵੇ।
ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ।
ਢੁਕਵੇਂ ਸੁਧਾਰਾਤਮਕ ਅਤੇ ਦੰਡਕਾਰੀ ਉਪਾਅ ਸੁਝਾਏ ਜਾਣ।