- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਮੁਖੀ ਬ੍ਰਾਇਨ ਬੈੱਡਫੋਰਡ ਨੇ ਸ਼ਨਿਚਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਐਤਵਾਰ ਦੇਰ ਸ਼ਾਮ ਤੱਕ ਉਡਾਣਾਂ ਦੇ ਨਿਰਧਾਰਤ ਸਮੇਂ ਅਨੁਸਾਰ ਚੱਲਣ ਦੀ ਉਮੀਦ ਘੱਟ ਹੈ। ਹਾਲਾਂਕਿ, ਏਜੰਸੀ ਹਵਾਈ ਸੇਵਾਵਾਂ ਨੂੰ ਆਮ ਵਾਂਗ ਕਰਨ ਅਤੇ ਇਸ ਵੱਡੀ ਰੁਕਾਵਟ ਲਈ ਜ਼ਿੰਮੇਵਾਰ ਤਕਨੀਕੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਵਿੱਚ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਫੇਲ੍ਹ ਹੋਣ ਦਾ ਅਸਰ ਭਾਰਤ ਦੀਆਂ ਕੁਝ ਉਡਾਣਾਂ ’ਤੇ ਵੀ ਪਿਆ ਹੈ। ਤਾਜ਼ਾ ਹਾਲਾਤ ਮੁਤਾਬਕ ਪੂਰੇ ਅਮਰੀਕਾ ਵਿੱਚ ਹਵਾਈ ਯਾਤਰਾ ਦੌਰਾਨ ਆ ਰਹੀਆਂ ਰੁਕਾਵਟਾਂ ਐਤਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਮੁਖੀ ਬ੍ਰਾਇਨ ਬੈੱਡਫੋਰਡ ਨੇ ਸ਼ਨਿਚਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਐਤਵਾਰ ਦੇਰ ਸ਼ਾਮ ਤੱਕ ਉਡਾਣਾਂ ਦੇ ਨਿਰਧਾਰਤ ਸਮੇਂ ਅਨੁਸਾਰ ਚੱਲਣ ਦੀ ਉਮੀਦ ਘੱਟ ਹੈ। ਹਾਲਾਂਕਿ, ਏਜੰਸੀ ਹਵਾਈ ਸੇਵਾਵਾਂ ਨੂੰ ਆਮ ਵਾਂਗ ਕਰਨ ਅਤੇ ਇਸ ਵੱਡੀ ਰੁਕਾਵਟ ਲਈ ਜ਼ਿੰਮੇਵਾਰ ਤਕਨੀਕੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਸੈਂਕੜੇ ਉਡਾਣਾਂ ਰੱਦ, ਕਈਆਂ ’ਚ ਦੇਰੀ
ਹਵਾਈ ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ 'ਫਲਾਈਟਅਵੇਅਰ' ਮੁਤਾਬਕ ਸ਼ਨਿਚਰਵਾਰ ਸ਼ਾਮ 6:45 ਵਜੇ ਈਟੀ (ਰਾਤ 11:45 ਵਜੇ ਜੀਐੱਮਟੀ) ਤੱਕ ਅਮਰੀਕਾ ਭਰ ਦੀਆਂ ਏਅਰਲਾਈਨਾਂ ਨੇ 6,150 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ, ਜਦਕਿ 7,300 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਸ਼ੁੱਕਰਵਾਰ ਨੂੰ ਹਾਲਾਤ ਹੋਰ ਵੀ ਖ਼ਰਾਬ ਰਹੇ। ਇਸ ਦਿਨ ਕਰੀਬ 9,200 ਉਡਾਣਾਂ ਰੱਦ ਹੋਈਆਂ ਅਤੇ 7,500 ਹੋਰ ਉਡਾਣਾਂ ਦੇਰੀ ਨਾਲ ਚੱਲੀਆਂ।
ਇਸ ਤੋਂ ਇਲਾਵਾ ਐਤਵਾਰ ਲਈ ਤੈਅ ਕੀਤੀਆਂ 530 ਤੋਂ ਵੱਧ ਉਡਾਣਾਂ ਵੀ ਸ਼ਨਿਚਰਵਾਰ ਸ਼ਾਮ ਤੱਕ ਰੱਦ ਕਰ ਦਿੱਤੀਆਂ ਗਈਆਂ ਸਨ। ਫਲਾਈਟਅਵੇਅਰ ਅਨੁਸਾਰ ਸ਼ਨਿਚਰਵਾਰ ਨੂੰ ਡੇਨਵਰ ਕੌਮਾਂਤਰੀ ਹਵਾਈ ਅੱਡੇ ਤੋਂ ਘੱਟੋ-ਘੱਟ 430 ਉਡਾਣਾਂ ਦੇਰੀ ਨਾਲ ਚੱਲੀਆਂ, ਜਦਕਿ 380 ਤੋਂ ਵੱਧ ਉਡਾਣਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ।
ਉਸ ਸਮੇਂ ਹਵਾ ਵਿੱਚ ਸੀ ਏਅਰ ਇੰਡੀਆ ਦੀ ਉਡਾਣ
ਇਸ ਦੌਰਾਨ ਜਦੋਂ ਹਾਲਾਤ ਖ਼ਰਾਬ ਹੋਏ ਤਾਂ ਏਅਰ ਇੰਡੀਆ ਦੀ ਦਿੱਲੀ-ਸੈਨ ਫਰਾਂਸਿਸਕੋ (SFO) ਨਾਨ-ਸਟਾਪ ਉਡਾਣ ਆਪਣਾ ਸਫ਼ਰ ਤੈਅ ਕਰ ਰਹੀ ਸੀ ਅਤੇ ਆਪਣੀ ਮੰਜ਼ਿਲ ਤੋਂ ਸਿਰਫ਼ ਦੋ ਘੰਟੇ ਦੀ ਦੂਰੀ ’ਤੇ ਸੀ। ਉਸ ਸਮੇਂ ਜਹਾਜ਼ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਉੱਡ ਰਿਹਾ ਸੀ। ਸ਼ੁੱਕਰਵਾਰ 13 ਨਵੰਬਰ ਨੂੰ ਅਮਰੀਕਾ ਨੇ 'ਗਰਾਊਂਡ ਸਟਾਪ' (ਉਡਾਣਾਂ ਨੂੰ ਜ਼ਮੀਨ ’ਤੇ ਹੀ ਰੋਕਣ) ਦਾ ਹੁਕਮ ਜਾਰੀ ਕਰ ਦਿੱਤਾ ਸੀ।
ਫੇਲ੍ਹ ਹੋਣ ਲੱਗਾ ਸੀ ਅਮਰੀਕਾ ਦਾ ਏਟੀਸੀ ਸਿਸਟਮ
ਅਮਰੀਕਾ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਦਾ ਪੁਰਾਣਾ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਕੰਮ ਕਰਨਾ ਬੰਦ ਕਰਨ ਲੱਗਾ ਸੀ। ਏਅਰ ਇੰਡੀਆ ਦੀਆਂ ਚਾਰ ਹੋਰ ਨਾਨ-ਸਟਾਪ ਉਡਾਣਾਂ ਵੀ ਐਟਲਾਂਟਿਕ ਰੂਟ ਰਾਹੀਂ ਨਿਊਯਾਰਕ ਜਾ ਰਹੀਆਂ ਸਨ, ਪਰ ਉਹ ਆਪਣੀ ਮੰਜ਼ਿਲ ਤੋਂ ਕਾਫ਼ੀ ਦੂਰ ਸਨ।
ਅਮਰੀਕੀ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਕਮਾਂਡ ਸੈਂਟਰ (ATCSCC) ਨੇ 14 ਨਵੰਬਰ ਨੂੰ ਸਵੇਰੇ 2:24 ਵਜੇ (ਭਾਰਤੀ ਸਮੇਂ) ਐਡਵਾਈਜ਼ਰੀ ਜਾਰੀ ਕਰ ਕੇ 'ਗਰਾਊਂਡ ਸਟਾਪ' ਦਾ ਐਲਾਨ ਕੀਤਾ ਸੀ।
ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੱਖੀ ਗਈ ਨਜ਼ਰ
ਹਾਲਾਂਕਿ, ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੌਮਾਂਤਰੀ ਉਡਾਣਾਂ ਨੂੰ ਹਰ ਮਾਮਲੇ ਦੀ ਸਥਿਤੀ ਦੇ ਆਧਾਰ ’ਤੇ ਸੰਭਾਲਿਆ ਜਾਵੇਗਾ, ਜਦਕਿ ਉਡਾਣ ਭਰਨ ਵਾਲੇ ਸਾਰੇ ਜਹਾਜ਼ਾਂ ਨੂੰ ਜ਼ਮੀਨ ’ਤੇ ਹੀ ਰੋਕਣ ਲਈ ਕਿਹਾ ਗਿਆ ਸੀ।
ਹਾਲਾਤ ਉਸ ਸਮੇਂ ਕਾਬੂ ਵਿੱਚ ਆ ਗਏ ਜਦੋਂ ਜਹਾਜ਼ਾਂ ਨੂੰ ਆਪਣਾ ਰੂਟ ਬਦਲਣ ਦੀ ਬਜਾਏ ਸਮੇਂ ਸਿਰ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਹ ਰੁਕਾਵਟ ਲਗਪਗ ਪੰਜ ਘੰਟੇ ਤੱਕ ਰਹੀ ਅਤੇ ਸਾਰੀਆਂ ਉਡਾਣਾਂ ਆਪਣੀ ਮੰਜ਼ਿਲ ’ਤੇ ਪਹੁੰਚ ਗਈਆਂ।
(ਸਮਾਚਾਰ ਏਜੰਸੀ ਆਈਏਐੱਨਐੱਸ ਦੇ ਇਨਪੁਟ ਨਾਲ)