- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤਾ ਦੇ ਬਿਆਨ ਵਿਚ ਕਈ ਵਿਰੋਧਾਭਾਸ ਪਾਏ ਗਏ ਅਤੇ ਜਿਨਸੀ ਹਮਲੇ ਦੀ ਪੁਸ਼ਟੀ ਕਰਨ ਵਾਲਾ ਕੋਈ ਮੈਡੀਕਲ ਸਬੂਤ ਵੀ ਨਹੀਂ ਮਿਲਿਆ। ਇਸ ਕਾਰਨ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ। ਕੋਰਟ ਨੇ ਇਹ ਵੀ ਕਿਹਾ ਕਿ ਸਿਰਫ਼ ਪੀੜਤਾ ਦਾ ਬਿਆਨ ਦੋਸ਼ਸਿੱਧੀ ਨੂੰ ਬਰਕਰਾਰ ਰੱਖਣ ਲਈ ਭਰੋਸੇਯੋਗ ਨਹੀਂ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜਬਰ-ਜਨਾਹ ਦੇ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਏ ਗਏ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਸਾਬਤ ਕਰਨ ਵਿਚ ਇਸਤਗਾਸਾ ਪੱਖ ਅਸਫਲ ਰਿਹਾ ਹੈ।
ਪੀੜਤਾ ਦੇ ਬਿਆਨ ਵਿਚ ਕਈ ਵਿਰੋਧਾਭਾਸ ਪਾਏ ਗਏ ਅਤੇ ਜਿਨਸੀ ਹਮਲੇ ਦੀ ਪੁਸ਼ਟੀ ਕਰਨ ਵਾਲਾ ਕੋਈ ਮੈਡੀਕਲ ਸਬੂਤ ਵੀ ਨਹੀਂ ਮਿਲਿਆ। ਇਸ ਕਾਰਨ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ। ਕੋਰਟ ਨੇ ਇਹ ਵੀ ਕਿਹਾ ਕਿ ਸਿਰਫ਼ ਪੀੜਤਾ ਦਾ ਬਿਆਨ ਦੋਸ਼ਸਿੱਧੀ ਨੂੰ ਬਰਕਰਾਰ ਰੱਖਣ ਲਈ ਭਰੋਸੇਯੋਗ ਨਹੀਂ ਸੀ।
ਕੁੱਟਮਾਰ ਤੇ ਜਬਰ-ਜਨਾਹ ਦੇ ਨਹੀਂ ਮਿਲੇ ਸਬੂਤ
ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਕਿ ਪੀੜਤਾ ਨੇ ਦੋਸ਼ ਲਾਇਆ ਸੀ ਕਿ ਕਾਰ ਵਿਚ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਹਾਲਾਂਕਿ, ਮੈਡੀਕਲ ਜਾਂਚ ਦੌਰਾਨ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ।
ਇਸ ਤੋਂ ਇਲਾਵਾ ਕਾਰ ਦੇ ਅੰਦਰ ਵੀ ਅਜਿਹੀ ਕੋਈ ਜਾਂਚ ਨਹੀਂ ਕੀਤੀ ਗਈ, ਜਿਸ ਨਾਲ ਕੁੱਟਮਾਰ ਜਾਂ ਕਥਿਤ ਜਿਨਸੀ ਹਮਲੇ ਦੇ ਸਬੂਤ ਮਿਲ ਸਕਦੇ ਸਨ।
ਪੀੜਤਾ ਦੇ ਬਿਆਨ ’ਤੇ ਨਹੀਂ ਕੀਤਾ ਭਰੋਸਾ
ਅਦਾਲਤ ਨੇ ਕਿਹਾ ਕਿ ਪੀੜਤਾ ਦੇ ਬਿਆਨ ਵਿਚ ਕਈ ਅਸੰਗਤੀਆਂ ਹਨ। ਇਸ ਲਈ ਮੁਲਜ਼ਮ ਨੂੰ ਲਾਏ ਗਏ ਦੋਸ਼ਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪੀੜਤਾ ਦੇ ਬਿਆਨ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਕੋਈ ਅਜਿਹਾ ਸਬੂਤ ਨਹੀਂ ਹੈ, ਜੋ ਉਸ ਦਾ ਅਪਰਾਧ ਸਾਬਤ ਕਰ ਸਕੇ।
ਕਾਰ ਵਿਚੋਂ ਵੀ ਨਹੀਂ ਮਿਲੇ ਕੋਈ ਸਬੂਤ
ਸੁਪਰੀਮ ਕੋਰਟ ਨੇ ਜਾਂਚ ਅਧਿਕਾਰੀ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ ਕਾਰ ਜ਼ਬਤ ਕਰਨ ਬਾਰੇ ਕੁਝ ਨਹੀਂ ਦੱਸਿਆ ਅਤੇ ਨਾ ਹੀ ਕਾਰ ਦੇ ਅੰਦਰ ਅਜਿਹੀ ਕੋਈ ਜਾਂਚ ਕੀਤੀ ਗਈ, ਜਿਸ ਨਾਲ ਕੁੱਟਮਾਰ ਜਾਂ ਕਥਿਤ ਜਿਨਸੀ ਸਬੰਧਾਂ ਦੇ ਨਿਸ਼ਾਨ ਮਿਲ ਸਕਦੇ ਸਨ।
ਕੋਰਟ ਅਨੁਸਾਰ, ਸਿਰਫ਼ ਪੀੜਤਾ ਦੇ ਬਿਆਨ ਦੇ ਆਧਾਰ ’ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਉਸ ਦਾ ਬਿਆਨ ਇੰਨਾ ਠੋਸ ਨਹੀਂ ਸੀ ਕਿ ਉਸ ’ਤੇ ਭਰੋਸਾ ਕਰ ਕੇ ਸਜ਼ਾ ਬਰਕਰਾਰ ਰੱਖੀ ਜਾ ਸਕੇ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 17 ਅਗਸਤ 2019 ਦੀ ਘਟਨਾ ਨਾਲ ਸਬੰਧਤ ਹੈ। ਦੋਸ਼ ਸੀ ਕਿ ਮੁਲਜ਼ਮ ਨੇ ਪੀੜਤਾ ਨੂੰ ਆਪਣੀ ਕਾਰ ਵਿਚ ਲਿਫ਼ਟ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਚਿਪਸ ਤੇ ਸਾਫਟ ਡਰਿੰਕ ਦਿੱਤੀ। ਇਹ ਖਾਣ-ਪੀਣ ਤੋਂ ਬਾਅਦ ਪੀੜਤਾ ਬੇਹੋਸ਼ ਹੋ ਗਈ ਅਤੇ ਫਿਰ ਦੋ ਵੱਖ-ਵੱਖ ਥਾਵਾਂ ’ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਟ੍ਰਾਇਲ ਕੋਰਟ ਨੇ ਮੁਲਜ਼ਮ ਨੂੰ ਆਈਪੀਸੀ ਦੀ ਧਾਰਾ 376(1) ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਗੁਹਾਟੀ ਹਾਈ ਕੋਰਟ ਨੇ ਉਮਰ ਦਾ ਸਬੂਤ ਨਾ ਹੋਣ ਕਾਰਨ ਪੋਕਸੋ ਐਕਟ ਤਹਿਤ ਲੱਗੇ ਦੋਸ਼ ਤਾਂ ਹਟਾ ਦਿੱਤੇ ਸਨ, ਪਰ ਜਬਰ-ਜਨਾਹ ਦੇ ਮਾਮਲੇ ਵਿਚ ਦੋਸ਼ਸਿੱਧੀ ਬਰਕਰਾਰ ਰੱਖੀ ਸੀ। ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਸੀ।