- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਤਰ-ਮੰਤਰ ’ਤੇ ਜੈੱਨ-ਜ਼ੀ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ 23 ਜੁਲਾਈ ਨੂੰ ਵਿਨੀਤ ਜੋਸ਼ੀ ਨੂੰ ਉੱਚ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਹਟਾਉਂਦਿਆਂ ਉਨ੍ਹਾਂ ਦੀ ਥਾਂ ਤੱਤਕਾਲੀ ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਨਰੇਸ਼ ਪਾਲ ਗੰਗਵਾਰ ਨੂੰ ਤਾਇਨਾਤ ਕੀਤਾ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ ਪੇਪਰ ਲੀਕ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਸਿੱਖਿਆ ਮੰਤਰਾਲੇ ’ਚ ਕੇਂਦਰ ਸਰਕਾਰ ਨੇ 20 ਦਿਨਾਂ ਦੇ ਅੰਦਰ ਹੁਣ ਦੂਜੇ ਉੱਚ ਸਿੱਖਿਆ ਸਕੱਤਰ ਦੀ ਤਾਇਨਾਤੀ ਕੀਤੀ ਹੈ। ਇਸ ਤੋਂ ਪਹਿਲਾਂ ਇਸ ਅਹੁਦੇ ’ਤੇ ਤਾਇਨਾਤ ਕੀਤੇ ਗਏ ਨਰੇਸ਼ ਪਾਲ ਗੰਗਵਾਰ ਨੂੰ ਵਿਵਾਦਾਂ ਦੇ ਚੱਲਦਿਆਂ ਚਾਰਜ ਸੰਭਾਲਣ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਮੱਧ ਪ੍ਰਦੇਸ਼ ਕੈਡਰ ਦੀ 1993 ਬੈਚ ਦੀ ਅਧਿਕਾਰੀ ਦੀਪਤੀ ਗੌੜ ਮੁਖਰਜੀ ਨੂੰ ਨਵਾਂ ਉੱਚ ਸਿੱਖਿਆ ਸਕੱਤਰ ਬਣਾਇਆ ਗਿਆ ਹੈ।
ਜੰਤਰ-ਮੰਤਰ ’ਤੇ ਜੈੱਨ-ਜ਼ੀ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ 23 ਜੁਲਾਈ ਨੂੰ ਵਿਨੀਤ ਜੋਸ਼ੀ ਨੂੰ ਉੱਚ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਹਟਾਉਂਦਿਆਂ ਉਨ੍ਹਾਂ ਦੀ ਥਾਂ ਤੱਤਕਾਲੀ ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਨਰੇਸ਼ ਪਾਲ ਗੰਗਵਾਰ ਨੂੰ ਤਾਇਨਾਤ ਕੀਤਾ ਸੀ। ਗੰਗਵਾਰ 1994 ਬੈਚ ਦੇ ਰਾਜਸਥਾਨ ਕੈਡਰ ਦੇ ਆਈਏਐੱਸ ਅਧਿਕਾਰੀ ਹਨ।
ਪ੍ਰਸ਼ਾਸਨਿਕ ਹਲਕਿਆਂ ’ਚ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਆਮ ਤੌਰ ’ਤੇ ਆਮ ਪ੍ਰਕਿਰਿਆ ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਕਿਸੇ ਅਧਿਕਾਰੀ ਨੂੰ ਤਾਇਨਾਤੀ ਦੇਣ ਤੋਂ ਬਾਅਦ ਚਾਰਜ ਸੰਭਾਲਣ ਤੋਂ ਪਹਿਲਾਂ ਹੀ ਹਟਾਉਣ ਦਾ ਮਾਮਲਾ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਅਸਲ ’ਚ ਉੱਚ ਸਿੱਖਿਆ ਸਕੱਤਰ ਦੇ ਅਹੁਦੇ ’ਤੇ ਗੰਗਵਾਰ ਦੀ ਤਾਇਨਾਤੀ ਤੋਂ ਬਾਅਦ ਹੀ ਵਿਵਾਦ ਖੜ੍ਹਾ ਹੋ ਗਿਆ ਸੀ। ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਜੋ ਚਰਚਿਤ ਮਾਮਲਾ ਛਾਇਆ ਹੋਇਆ ਸੀ, ਉਹ ਰਾਸ਼ਟਰੀ ਬਾਗਬਾਨੀ ਬੋਰਡ ’ਚ ਤਾਇਨਾਤੀ ਦੌਰਾਨ ਆਪਣੇ ਪੁੱਤਰ, ਪਤਨੀ ਤੇ ਵਿਭਾਗ ਦੇ ਰਾਜ ਮੰਤਰੀ ਨੂੰ ਕਰੋੜਾਂ ਰੁਪਏ ਦੀ ਸਬਸਿਡੀ ਦੇਣ ਦਾ ਮੁੱਦਾ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਵਿਵਾਦ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਰੋਕ ਦਿੱਤਾ ਸੀ। 23 ਜੁਲਾਈ ਨੂੰ ਜਾਰੀ ਹੁਕਮ ਤਹਿਤ ਉਨ੍ਹਾਂ ਨੂੰ ਇਕ ਅਗਸਤ ਨੂੰ ਚਾਰਜ ਸੰਭਾਲਣਾ ਸੀ।
ਇਸੇ ਦਰਮਿਆਨ ਉੱਚ ਸਿੱਖਿਆ ਸਕੱਤਰ ਦੀ ਜ਼ਿੰਮੇਵਾਰੀ ਵਿਨੀਤ ਜੋਸ਼ੀ ਹੀ ਸੰਭਾਲ ਰਹੇ ਸਨ। ਹਾਲਾਂਕਿ ਸਰਕਾਰ ਨੇ ਗੰਗਵਾਰ ਨੂੰ ਉੱਚ ਸਿੱਖਿਆ ਸਕੱਤਰ ਨਿਯੁਕਤ ਕਰਦੇ ਸਮੇਂ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰਾਲੇ ’ਚ ਭੇਜ ਦਿੱਤਾ ਸੀ।
ਕੇਂਦਰ ਸਰਕਾਰ ਨੇ ਇਸ ਦਰਮਿਆਨ 10 ਅਗਸਤ ਨੂੰ ਦੇਰ ਰਾਤ ਇਕ ਹੋਰ ਤਬਾਦਲਾ ਹੁਕਮ ਜਾਰੀ ਕੀਤਾ, ਜਿਸ ’ਚ ਉੱਚ ਸਿੱਖਿਆ ਸਕੱਤਰ ਦੇ ਅਹੁਦੇ ’ਤੇ ਦੀਪਤੀ ਗੌੜ ਮੁਖਰਜੀ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਹੁਣ ਤੱਕ ਕਾਰਪੋਰੇਟ ਮਾਮਲਿਆਂ ਦੀ ਸਕੱਤਰ ਸਨ।