- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਤੋਂ ਯੂਨੀਵਰਸਿਟੀ ਤੱਕ ਡਿਗਰੀਆਂ ਹਾਸਲ ਕਰਦੇ ਹਾਂ, ਤਾਂ ਜੋ ਪੇਸ਼ੇਵਰ ਜ਼ਿੰਦਗੀ ’ਚ ਕਾਮਯਾਬ ਹੋ ਸਕੀਏ। ਪਰ ਜਿਸ ਹਮਸਫ਼ਰ ਨਾਲ ਜ਼ਿੰਦਗੀ ਦਾ ਸਭ ਤੋਂ ਲੰਮਾ ਤੇ ਖ਼ੂਬਸੂਰਤ ਸਫ਼ਰ ਤੈਅ ਕਰਨਾ ਹੁੰਦਾ ਹੈ, ਉਸ ਪਵਿੱਤਰ ਰਿਸ਼ਤੇ ਤੇ ਪਰਿਵਾਰ ਦੀਆਂ ਅਸਲ ਜ਼ਿੰਮੇਵਾਰੀਆਂ ਲਈ ਅਸੀਂ ਕਿੰਨਾ ਸਮਾਂ ਕੱਢਦੇ ਹਾਂ?

ਪਣਜੀ (ਪੀਟੀਆਈ) : ਆਪਣੇ ਭਵਿੱਖ ਤੇ ਕਰੀਅਰ ਨੂੰ ਸੰਵਾਰਨ ਲਈ ਅਸੀਂ ਜ਼ਿੰਦਗੀ ਦੇ ਸ਼ੁਰੂਆਤੀ 15 ਤੋਂ 20 ਸਾਲ ਸਖ਼ਤ ਮਿਹਨਤ, ਪੜ੍ਹਾਈ ਤੇ ਸਿਖਲਾਈ ’ਚ ਲਾ ਦਿੰਦੇ ਹਾਂ। ਸਕੂਲ ਤੋਂ ਯੂਨੀਵਰਸਿਟੀ ਤੱਕ ਡਿਗਰੀਆਂ ਹਾਸਲ ਕਰਦੇ ਹਾਂ, ਤਾਂ ਜੋ ਪੇਸ਼ੇਵਰ ਜ਼ਿੰਦਗੀ ’ਚ ਕਾਮਯਾਬ ਹੋ ਸਕੀਏ। ਪਰ ਜਿਸ ਹਮਸਫ਼ਰ ਨਾਲ ਜ਼ਿੰਦਗੀ ਦਾ ਸਭ ਤੋਂ ਲੰਮਾ ਤੇ ਖ਼ੂਬਸੂਰਤ ਸਫ਼ਰ ਤੈਅ ਕਰਨਾ ਹੁੰਦਾ ਹੈ, ਉਸ ਪਵਿੱਤਰ ਰਿਸ਼ਤੇ ਤੇ ਪਰਿਵਾਰ ਦੀਆਂ ਅਸਲ ਜ਼ਿੰਮੇਵਾਰੀਆਂ ਲਈ ਅਸੀਂ ਕਿੰਨਾ ਸਮਾਂ ਕੱਢਦੇ ਹਾਂ? ਇਸ ਗੰਭੀਰ ਤੇ ਸੋਚਣ ਲਈ ਮਜਬੂਰ ਕਰਨ ਵਾਲੇ ਸਵਾਲ ਨੂੰ ਧਿਆਨ ’ਚ ਰੱਖਦਿਆਂ ਗੋਆ ਦੇ ਇਕ ਕਾਲਜ ਨੇ ਨੌਜਵਾਨਾਂ ਨੂੰ ਜ਼ਿੰਦਗੀ ਦਾ ਅਹਿਮ ਸਬਕ ਸਿਖਾਉਣ ਲਈ ਨਿਵੇਕਲੀ ਪਹਿਲ ਕੀਤੀ ਹੈ।
ਪਣਜੀ ਸਥਿਤ ਗੋਆ ਕਾਲਜ ਆਫ ਹੋਮ ਸਾਇੰਸ ਦੇ ਮਨੁੱਖੀ ਵਿਕਾਸ ਤੇ ਪਰਿਵਾਰ ਅਧਿਐਨ ਵਿਭਾਗ ਨੇ ‘ਮੈਰਿਜ਼ ਰੈਡੀਨੈੱਸ: ਪ੍ਰਿਪੇਅਰਿੰਗ ਫਾਰ ਹੈਲਦੀ ਐਂਡ ਲਾਸਟਿੰਗ ਰਿਲੇਸ਼ਨਸ਼ਿਪਸ’ ਨਾਂ ਦਾ ਵਿਸ਼ੇਸ਼ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਮਹੇਸ਼ ਪਾਈ ਮੁਤਾਬਕ, ਇਹ 15 ਦਿਨਾਂ ਦਾ ਕੋਰਸ 2 ਤੋਂ 17 ਦਸੰਬਰ 2026 ਤੱਕ ਕਰਵਾਇਆ ਜਾਵੇਗਾ। ਇਹ ਕੋਰਸ ਸਿਰਫ਼ ਵਿਆਹ ਦੀਆਂ ਰਸਮਾਂ ਤੇ ਸਮਾਗਮਾਂ ਦੀ ਤਿਆਰੀ ਤੱਕ ਸੀਮਤ ਨਹੀਂ ਹੈ। ਇਸ ਦਾ ਮਕਸਦ ਦੋ ਜਣਿਆਂ ਵਿਚਾਲੇ ਆਪਸੀ ਸਮਝ, ਪੱਕੀ ਵਚਨਬੱਧਤਾ ਤੇ ਵਿਆਹੁਤਾ ਜੀਵਨ ਦੀਆਂ ਅਸਲ ਜ਼ਿੰਮੇਵਾਰੀਆਂ ਬਾਰੇ ਡੂੰਘੀ ਸਮਝ ਵਿਕਸਿਤ ਕਰਨਾ ਹੈ।
-----
ਤਲਾਕ ਦੇ ਵਧਦੇ ਮਾਮਲੇ ਤੇ ਸਰਕਾਰ ਦੀ ਸੋਚ
ਇਹ ਅਹਿਮ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਸਮਾਜ ’ਚ ਰਿਸ਼ਤਿਆਂ ਦੀ ਡੋਰ ਕਮਜ਼ੋਰ ਹੋ ਰਹੀ ਹੈ ਤੇ ਤਲਾਕ ਦੇ ਮਾਮਲਿਆਂ ’ਚ ਚਿੰਤਾਜਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗੋਆ ਦੇ ਕਾਨੂੰਨ ਵਿਭਾਗ ਦੇ ਅੰਕੜਿਆਂ ਮੁਤਾਬਕ, 2022 ਤੋਂ 2025 ਦਰਮਿਆਨ ਸੂਬੇ ਦੀਆਂ ਸਿਵਲ ਅਦਾਲਤਾਂ ’ਚ ਵਿਆਹ ਤੇ ਤਲਾਕ ਨਾਲ ਸਬੰਧਤ ਤਿੰਨ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚ ਇਕੱਲੇ 2024 ਦੇ 947 ਮਾਮਲੇ ਸ਼ਾਮਲ ਸਨ। ਹਾਲ ਹੀ ’ਚ ਪਣਜੀ ’ਚ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵੀ ਸੂਬੇ ’ਚ ਤਲਾਕ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ‘ਵਿਆਹ ਤੋਂ ਪਹਿਲਾਂ ਕਾਊਂਸਲਿੰਗ’ ਸ਼ੁਰੂ ਕਰਨ ਦੀ ਇੱਛਾ ਜਤਾਈ ਸੀ। ਇਸੇ ਸਮਾਜਿਕ ਲੋੜ ਨੂੰ ਸਮਝਦਿਆਂ ਕਾਲਜ ਨੇ ਇਹ ਵਿਹਾਰਕ ਕਦਮ ਚੁੱਕਿਆ ਹੈ।
----
ਕੋਰਸ ’ਚ ਕੀ ਸਿਖਾਇਆ ਜਾਵੇਗਾ?
ਕਾਲਜ ਦੇ ਬਰੋਸ਼ਰ ਮੁਤਾਬਕ, ਕੋਰਸ ਦੇ ਸੈਸ਼ਨਾਂ ਦੌਰਾਨ ਨੌਜਵਾਨਾਂ ਨੂੰ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਵਾਲੇ ਕਈ ਅਹਿਮ ਵਿਸ਼ਿਆਂ ਬਾਰੇ ਮਾਰਗਦਰਸ਼ਨ ਦਿੱਤਾ ਜਾਵੇਗਾ। ਇਨ੍ਹਾਂ ’ਚ ‘ਡੇਟਿੰਗ ਦੇ ਮਕਸਦ ਤੇ ਇਸ ਦੇ ਬਦਲਦੇ ਰੂਪ’, ‘ਆਤਮ-ਜਾਗਰੂਕਤਾ ਤੇ ਆਪਣੇਪਣ ਦੀ ਲੋੜ’, ‘ਰਿਸ਼ਤਿਆਂ ’ਤੇ ਮਰਦਾਨਗੀ ਤੇ ਇਸਤਰੀਪਣ ਦਾ ਅਸਰ’ ਤੇ ‘ਵਿਆਹ ਦੇ ਸਮਾਗਮ ਤੇ ਵਿਆਹੁਤਾ ਜੀਵਨ ਵਿਚਲਾ ਬੁਨਿਆਦੀ ਫ਼ਰਕ’ ਵਰਗੇ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ।
ਇਹ ਕੋਰਸ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਸਾਰੇ ਅਣ-ਵਿਆਹੇ ਨੌਜਵਾਨਾਂ ਲਈ ਖੁੱਲ੍ਹਾ ਹੈ, ਜੋ ਭਵਿੱਖ ’ਚ ਸਿਹਤਮੰਦ, ਮਜ਼ਬੂਤ ਤੇ ਖ਼ੁਸ਼ਹਾਲ ਰਿਸ਼ਤੇ ਦੀ ਨੀਂਹ ਰੱਖਣਾ ਚਾਹੁੰਦੇ ਹਨ। ਇਹ ਪਹਿਲ ਸਮਾਜ ਨੂੰ ਸੋਚਣ ਲਈ ਪ੍ਰੇਰਿਤ ਕਰਦੀ ਹੈ ਕਿ ਜਿਵੇਂ ਚੰਗੇ ਕਰੀਅਰ ਲਈ ਸਿੱਖਿਆ ਜ਼ਰੂਰੀ ਹੈ, ਉਸੇ ਤਰ੍ਹਾਂ ਖ਼ੁਸ਼ਹਾਲ, ਮਜ਼ਬੂਤ ਅਤੇ ਸੰਵੇਦਨਸ਼ੀਲ ਪਰਿਵਾਰਕ ਜੀਵਨ ਲਈ ਮਾਨਸਿਕ ਤੇ ਭਾਵਨਾਤਮਕ ਤਿਆਰੀ ਵੀ ਉਨੀ ਹੀ ਲਾਜ਼ਮੀ ਹੈ।