- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰੁਣ ਗਵਲੀ ’ਤੇ ਵੀ ਜੇਲ੍ਹ ਵਿਚ ਰਹਿੰਦਿਆਂ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੇ ਕਰੀਬੀ ਜਯੰਤ ਜਾਧਵ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਿਆ ਸੀ। ਦੱਸਿਆ ਜਾਂਦਾ ਹੈ ਕਿ ਗਵਲੀ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿਚ ਤਬਦੀਲ ਕਰਵਾਉਣ ਵਿਚ ਜਯੰਤ ਜਾਧਵ ਦੀ ਭੂਮਿਕਾ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਜੇਲ੍ਹ ਬਾਰੇ ਸੋਚ ਕੇ ਹੀ ਆਮ ਇਨਸਾਨ ਪਰੇਸ਼ਾਨ ਹੋ ਜਾਂਦਾ ਹੈ ਕਿ ਆਖ਼ਰ ਇਸ ਦੇ ਅੰਦਰ ਦੀ ਦੁਨੀਆ ਕਿਹੋ ਜਿਹੀ ਹੋਵੇਗੀ। ਪਰ ਗੈਂਗਸਟਰਾਂ ਲਈ ਜੇਲ੍ਹਾਂ ਸਭ ਤੋਂ ਸੁਰੱਖਿਅਤ ਅਤੇ ਢੁੱਕਵਾਂ ਟਿਕਾਣਾ ਬਣਦੀਆਂ ਜਾ ਰਹੀਆਂ ਹਨ, ਜਿੱਥੋਂ ਉਹ ਆਪਣੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ।
1990 ਦੇ ਦਹਾਕੇ ਵਿਚ ਜੇਲ੍ਹਾਂ ਅੰਦਰੋਂ ਗੈਂਗਸਟਰਾਂ ਵੱਲੋਂ ਵਪਾਰੀਆਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਆਮ ਗੱਲ ਸੀ, ਪਰ ਸਮੇਂ ਦੇ ਨਾਲ ਇਨ੍ਹਾਂ ਗਤੀਵਿਧੀਆਂ ’ਤੇ ਕਾਫ਼ੀ ਹੱਦ ਤੱਕ ਰੋਕ ਲੱਗੀ। ਟਾਈਗਰ ਸ਼ਰਾਫ ’ਤੇ ਹੋਏ ਹਮਲੇ ਤੋਂ ਬਾਅਦ ਇਕ ਵਾਰ ਫਿਰ ਇਹ ਸਵਾਲ ਉੱਠਣ ਲੱਗਾ ਹੈ ਕਿ ਆਖ਼ਰ ਜੇਲ੍ਹਾਂ ਕੈਦੀਆਂ ਨੂੰ ਸਜ਼ਾ ਦੇਣ ਲਈ ਹਨ ਜਾਂ ਫਿਰ ਉਨ੍ਹਾਂ ਲਈ ਕੰਮਕਾਜ ਚਲਾਉਣ ਦੀਆਂ ਆਰਾਮਦਾਇਕ ਥਾਵਾਂ ਬਣ ਗਈਆਂ ਹਨ।
ਜੇਲ੍ਹ ਅੰਦਰੋਂ ਹੀ ਦਿੰਦੇ ਹਨ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਹੁਕਮ
ਹਾਲ ਹੀ ਦੇ ਕੁਝ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੈਦੀ ਜੇਲ੍ਹਾਂ ਵਿਚ ਬੈਠ ਕੇ ਹੀ ਆਪਣੀ ਮਰਜ਼ੀ ਮੁਤਾਬਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ। ਜੇਲ੍ਹ ਵਿਚ ਰਹਿਣ ਕਾਰਨ ਉਹ ਆਪਣੇ ਦੁਸ਼ਮਣਾਂ ਅਤੇ ਹੋਰ ਲੋਕਾਂ ਦੇ ਸਿੱਧੇ ਨਿਸ਼ਾਨੇ ’ਤੇ ਆਉਣ ਤੋਂ ਵੀ ਬਚੇ ਰਹਿੰਦੇ ਹਨ। ਕੁੱਲ ਮਿਲਾ ਕੇ ਜੇਲ੍ਹਾਂ ਉਨ੍ਹਾਂ ਲਈ ਕਮਾਂਡ ਸੈਂਟਰ ਵਾਂਗ ਕੰਮ ਕਰਦੀਆਂ ਹਨ।
ਟਾਈਗਰ ਸ਼ਰਾਫ ’ਤੇ ਹਮਲੇ ’ਚ ਬਿਸ਼ਨੋਈ ਗੈਂਗ ਦੀ ਭੂਮਿਕਾ ਆਈ ਸਾਹਮਣੇ
ਟਾਈਗਰ ਸ਼ਰਾਫ ’ਤੇ ਹੋਏ ਹਮਲੇ ਵਿਚ ਬਿਸ਼ਨੋਈ ਗੈਂਗ ਦੀ ਕਥਿਤ ਭੂਮਿਕਾ ਸਾਹਮਣੇ ਆਈ ਹੈ, ਜਦਕਿ ਇਸ ਗੈਂਗ ਦਾ ਮੁਖੀ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਭਰਾ ਅਨਮੋਲ ਦੋਵੇਂ ਹੀ ਜੇਲ੍ਹ ਵਿਚ ਬੰਦ ਹਨ। ਵੱਖ-ਵੱਖ ਜੇਲ੍ਹਾਂ ਵਿਚ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਦੇ ਨਾਂ ’ਤੇ ਅਪਰਾਧਕ ਵਾਰਦਾਤਾਂ ਹੋ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਮੁੰਬਈ ਵਿਚ ਹੋਈਆਂ ਕੁਝ ਵੱਡੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵੀ ਇਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿਚ ਬੰਦ ਹੈ, ਜਦਕਿ ਉਸ ਦਾ ਭਰਾ ਅਨਮੋਲ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੈਦ ਹੈ।
ਇਸ ਤੋਂ ਪਹਿਲਾਂ ਦਾਊਦ ਇਬਰਾਹਿਮ, ਛੋਟਾ ਰਾਜਨ ਅਤੇ ਅਬੂ ਸਲੇਮ ਵਿਦੇਸ਼ਾਂ ਵਿਚ ਬੈਠ ਕੇ ਮੁੰਬਈ ਵਿਚ ਹਮਲੇ ਕਰਨ ਦੇ ਹੁਕਮ ਦਿੰਦੇ ਸਨ। ਉੱਥੇ ਹੀ ਅਰੁਣ ਗਵਲੀ ਅਤੇ ਅਸ਼ਵਿਨ ਨਾਇਕ ਵਰਗੇ ਗੈਂਗਸਟਰ ਦੇਸ਼ ਦੀਆਂ ਜੇਲ੍ਹਾਂ ਵਿਚੋਂ ਹੀ ਆਪਣੇ ਗਿਰੋਹ ਚਲਾਉਂਦੇ ਰਹੇ ਹਨ।
ਜਬਰੀ ਵਸੂਲੀ ਅਤੇ ਕਤਲ ਦੇ ਲੱਗੇ ਦੋਸ਼
ਮੁੰਬਈ, ਪੁਣੇ, ਠਾਣੇ ਅਤੇ ਨਾਸਿਕ ਦੀਆਂ ਜੇਲ੍ਹਾਂ ਵਿਚੋਂ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਸ਼ੂਟਰਾਂ ਦੀ ਭਰਤੀ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਜਬਰੀ ਵਸੂਲੀ ਅਤੇ ਕਤਲ ਦੀਆਂ ਵਾਰਦਾਤਾਂ ਦੇ ਹੁਕਮ ਵੀ ਦਿੱਤੇ ਜਾਂਦੇ ਸਨ। ਨਾਇਕ ’ਤੇ ਤਾਂ ਜੇਲ੍ਹ ਵਿਚ ਰਹਿੰਦਿਆਂ ਆਪਣੀ ਹੀ ਪਤਨੀ ਨੀਤਾ ਨਾਇਕ ਦੇ ਕਤਲ ਦਾ ਹੁਕਮ ਦੇਣ ਦਾ ਵੀ ਦੋਸ਼ ਲੱਗਿਆ ਸੀ।
ਜੇਲ੍ਹ ਤਬਦੀਲ ਕੀਤੇ ਜਾਣ ਤੋਂ ਨਾਰਾਜ਼ ਹੋ ਗਿਆ ਸੀ ਅਰੁਣ ਗਵਲੀ
ਅਰੁਣ ਗਵਲੀ ’ਤੇ ਵੀ ਜੇਲ੍ਹ ਵਿਚ ਰਹਿੰਦਿਆਂ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੇ ਕਰੀਬੀ ਜਯੰਤ ਜਾਧਵ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਿਆ ਸੀ। ਦੱਸਿਆ ਜਾਂਦਾ ਹੈ ਕਿ ਗਵਲੀ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿਚ ਤਬਦੀਲ ਕਰਵਾਉਣ ਵਿਚ ਜਯੰਤ ਜਾਧਵ ਦੀ ਭੂਮਿਕਾ ਸੀ। ਇਸ ਤਬਾਦਲੇ ਤੋਂ ਨਾਰਾਜ਼ ਹੋ ਕੇ ਗਵਲੀ ਨੇ ਕਥਿਤ ਤੌਰ ’ਤੇ ਉਸ ਦੇ ਕਤਲ ਦਾ ਹੁਕਮ ਦਿੱਤਾ ਸੀ।
ਜੇਲ੍ਹ ਅੰਦਰ ਗੈਂਗਸਟਰਾਂ ਨੂੰ ਕਿਵੇਂ ਮਿਲਦੀ ਹੈ ਮਦਦ?
ਜੇਲ੍ਹਾਂ ਦੇ ਅੰਦਰੋਂ ਗੈਂਗਾਂ ਨੂੰ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਦੀ ਮਦਦ ਮਿਲਦੀ ਹੈ। ਪੈਸੇ ਜਾਂ ਹੋਰ ਲਾਲਚ ਦੇ ਕੇ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ। ਕਈ ਵਾਰ ਫ਼ੋਨ ਜਾਂ ਸੁਨੇਹੇ ਬਾਹਰ ਪਹੁੰਚਾਉਣ ਲਈ ਵੀ ਇਨ੍ਹਾਂ ਦੀ ਮਦਦ ਲਈ ਜਾਂਦੀ ਹੈ। ਇਸ ਤੋਂ ਇਲਾਵਾ ਗੈਂਗ ਦੇ ਮੁਖੀ ਆਪਣੇ ਵਕੀਲਾਂ ਅਤੇ ਹੋਰ ਲੋਕਾਂ ਨਾਲ ਮੁਲਾਕਾਤਾਂ ਰਾਹੀਂ ਵੀ ਨਿਰਦੇਸ਼ ਭੇਜਦੇ ਹਨ। ਇਸ ਤਰ੍ਹਾਂ ਗੈਂਗਸਟਰ ਜੇਲ੍ਹ ਅੰਦਰ ਬੰਦ ਰਹਿ ਕੇ ਵੀ ਆਪਣੇ ਗਿਰੋਹ ਦੀਆਂ ਗਤੀਵਿਧੀਆਂ ਚਲਾਉਂਦੇ ਰਹਿੰਦੇ ਹਨ।