ਨੀਰਵ ਮੋਦੀ ਨੂੰ ਵੱਡਾ ਝਟਕਾ: ਲੰਡਨ ਹਾਈ ਕੋਰਟ ਨੇ ਖਾਰਜ ਕੀਤੀ ਪੁਨਰ ਵਿਚਾਰ ਪਟੀਸ਼ਨ, ਭਾਰਤ ਹਵਾਲਗੀ ਦਾ ਰਸਤਾ ਸਾਫ਼
ਉਸ ਨੇ ਕਿੰਗਜ਼ ਬੈਂਚ ਡਿਵੀਜ਼ਨ ਦੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਵਕੀਲ ਨੇ ਸੀਬੀਆਈ ਦੀ ਟੀਮ ਦੀ ਮਦਦ ਨਾਲ ਉਸ ਦੀ ਪਟੀਸ਼ਨ ਦੇ ਖ਼ਿਲਾਫ਼ ਮਜ਼ਬੂਤ ਤਰਕ ਪੇਸ਼ ਕੀਤੇ। ਸੀਬੀਆਈ ਦੇ ਜਾਂਚ ਅਧਿਕਾਰੀਆਂ ਸਮੇਤ ਇਕ ਟੀਮ ਸੁਣਵਾਈ ਲਈ ਲੰਡਨ ਗਈ ਸੀ।
Publish Date: Thu, 26 Mar 2026 08:08 AM (IST)
Updated Date: Thu, 26 Mar 2026 08:10 AM (IST)
ਨਵੀਂ ਦਿੱਲੀ (ਪੀਟੀਆਈ) : ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਬ੍ਰਿਟੇਨ ਤੋਂ ਭਾਰਤ ਹਵਾਲਗੀ ਦਾ ਰਸਤਾ ਤਕਰੀਬਨ ਸਾਫ਼ ਹੋ ਗਿਆ ਹੈ। ਲੰਡਨ ਹਾਈ ਕੋਰਟ ਨੇ ਬੁੱਧਵਾਰ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਉਸ ਨੇ ਭਾਰਤ ਵਿਚ ਹਵਾਲਗੀ ਵਿਰੁੱਧ ਆਪਣੇ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਸੀ। ਨੀਰਵ 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦਾ ਮੁੱਖ ਮੁਲਜ਼ਮ ਹੈ ਤੇ 19 ਮਾਰਚ 2019 ਤੋਂ ਲੰਡਨ ਦੀ ਜੇਲ੍ਹ ਵਿਚ ਬੰਦ ਹੈ।
ਉਸ ਨੇ ਕਿੰਗਜ਼ ਬੈਂਚ ਡਿਵੀਜ਼ਨ ਦੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਵਕੀਲ ਨੇ ਸੀਬੀਆਈ ਦੀ ਟੀਮ ਦੀ ਮਦਦ ਨਾਲ ਉਸ ਦੀ ਪਟੀਸ਼ਨ ਦੇ ਖ਼ਿਲਾਫ਼ ਮਜ਼ਬੂਤ ਤਰਕ ਪੇਸ਼ ਕੀਤੇ। ਸੀਬੀਆਈ ਦੇ ਜਾਂਚ ਅਧਿਕਾਰੀਆਂ ਸਮੇਤ ਇਕ ਟੀਮ ਸੁਣਵਾਈ ਲਈ ਲੰਡਨ ਗਈ ਸੀ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਮਾਮਲੇ ਨੂੰ ਦੁਬਾਰਾ ਖੋਲ੍ਹਣ ਸਬੰਧੀ ਪਟੀਸ਼ਨ ਅਤੇ ਇਸ ਨਾਲ ਜੁੜੀਆਂ ਹਾਲਤਾਂ ਏਨੀਆਂ ਗ਼ੈਰ-ਸਾਧਾਰਣ ਨਹੀਂ ਹਨ ਕਿ ਇਸ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ।
ਸੀਬੀਆਈ ਦੇ ਬੁਲਾਰੇ ਨੇ ਇੱਥੇ ਜਾਰੀ ਕੀਤੇ ਬਿਆਨ ਵਿਚ ਕਿਹਾ, "ਇਹ ਮੁੜ ਵਿਚਾਰ ਪਟੀਸ਼ਨ ਹਥਿਆਰ ਵਪਾਰੀ ਸੰਜੈ ਭੰਡਾਰੀ ਦੇ ਮਾਮਲੇ ਵਿਚ ਆਏ ਫੈਸਲੇ ਦੇ ਅਧਾਰ 'ਤੇ ਦਾਇਰ ਕੀਤੀ ਗਈ ਸੀ ਪਰ ਸੀਬੀਆਈ ਦੇ ਨਿਰੰਤਰ ਯਤਨਾਂ ਨਾਲ ਇਸ ਚੁਣੌਤੀ ਨੂੰ ਸਫਲਤਾਪੂਰਕ ਪਾਰ ਕਰ ਲਿਆ ਗਿਆ ਹੈ। ਸੀਬੀਆਈ ਪੀਐੱਨਬੀ ਘੋਟਾਲੇ ਵਿਚ 2018 ਤੋਂ ਨੀਰਵ ਦੀ ਹਵਾਲਗੀ ਸਬੰਧੀ ਮੰਗ ਕਰ ਰਹੀ ਹੈ। ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਇਕੱਲੇ ਹੀ 6,498.20 ਕਰੋੜ ਰੁਪਏ ਦੀ ਰਕਮ ਹੜੱਪ ਲਈ ਸੀ।