- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਕੰਪਨੀਆਂ ਦੇ ਖੁਰਾਕੀ ਉਤਪਾਦ ਅਸੁਰੱਖਿਅਤ ਜਾਂ ਘਟੀਆ ਗੁਣਵੱਤਾ ਵਾਲੇ ਪਾਏ ਗਏ ਸਨ। ਇਸ ਤੋਂ ਇਲਾਵਾ, ਖੁਰਾਕ ਸੁਰੱਖਿਆ ਅਤੇ ਸਫ਼ਾਈ ਨਾਲ ਜੁੜੇ ਗੰਭੀਰ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਦੋ ਹੋਰ ਖੁਰਾਕ ਕਾਰੋਬਾਰਾਂ ਦੇ ਲਾਇਸੈਂਸ ਵੀ ਮੁਅੱਤਲ ਕਰ ਦਿੱਤੇ ਗਏ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਸਮੇਤ ਪੰਜ ਖੁਰਾਕ ਕਾਰੋਬਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਨ੍ਹਾਂ ਕੰਪਨੀਆਂ ਦੇ ਖੁਰਾਕੀ ਉਤਪਾਦ ਅਸੁਰੱਖਿਅਤ ਜਾਂ ਘਟੀਆ ਗੁਣਵੱਤਾ ਵਾਲੇ ਪਾਏ ਗਏ ਸਨ। ਇਸ ਤੋਂ ਇਲਾਵਾ, ਖੁਰਾਕ ਸੁਰੱਖਿਆ ਅਤੇ ਸਫ਼ਾਈ ਨਾਲ ਜੁੜੇ ਗੰਭੀਰ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਦੋ ਹੋਰ ਖੁਰਾਕ ਕਾਰੋਬਾਰਾਂ ਦੇ ਲਾਇਸੈਂਸ ਵੀ ਮੁਅੱਤਲ ਕਰ ਦਿੱਤੇ ਗਏ ਹਨ।
ਬਿਸਲੇਰੀ ਦੇ ਪਾਣੀ ’ਚ ਬ੍ਰੋਮੇਟ ਦੀ ਮਾਤਰਾ ਵੱਧ
FSSAI ਨੇ ਬਿਸਲੇਰੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ, ਕਿਉਂਕਿ ਕੰਪਨੀ ਦੇ ਪੈਕਡ ਪੀਣ ਵਾਲੇ ਪਾਣੀ ਦੇ ਇਕ ਸੈਂਪਲ ਵਿਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਹੈ। ਖੁਰਾਕ ਸੁਰੱਖਿਆ ਅਤੇ ਮਿਆਰ ਐਕਟ, 2006 ਤਹਿਤ ਇਸ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ।
ਰੈਫਰਲ ਫੂਡ ਲੈਬਾਰਟਰੀ ਨੇ ਵੀ ਇਸ ਵਿਚ 'ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ' ਪਾਏ ਜਾਣ ਤੋਂ ਬਾਅਦ ਇਸ ਨੂੰ ਅਸੁਰੱਖਿਅਤ ਕਰਾਰ ਦਿੱਤਾ ਹੈ। ਇਹ ਰਿਪੋਰਟ ਲਿਖੇ ਜਾਣ ਤੱਕ ਬਿਸਲੇਰੀ ਇੰਟਰਨੈਸ਼ਨਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਚਾਰ ਹੋਰ ਕੰਪਨੀਆਂ ਖ਼ਿਲਾਫ਼ ਵੀ ਕਾਰਵਾਈ
ਬਿਸਲੇਰੀ ਦੇ ਨਾਲ ਹੀ ਵਸੰਤ ਮਸਾਲਾ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਕੰਪਨੀ ਦੇ ਮਿਰਚ ਪਾਊਡਰ ਵਿਚ ਡਿਫੇਨੋਕੋਨਾਜ਼ੋਲ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਸੀ।
ਟਿਟ-ਬਿਟ ਫੂਡਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਵੀ ਮੁਕੱਦਮਾ ਚਲਾਇਆ ਜਾ ਰਿਹਾ ਹੈ। ਕੰਪਨੀ ਦੇ ਮਿਰਚ ਪਾਊਡਰ ਵਿਚ ਕੀਟਨਾਸ਼ਕਾਂ ਦੇ ਅਵਸ਼ੇਸ਼ ਅਤੇ ਹਲਦੀ ਪਾਊਡਰ ਵਿਚ ਟਿਨ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਸੀ।
ਮੀਮਾਂਸਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਕੰਪਨੀ ਦੇ ਅਖਰੋਟ ਦੀ ਗਿਰੀ ਘਟੀਆ ਗੁਣਵੱਤਾ ਵਾਲੀ ਅਤੇ ਅਸੁਰੱਖਿਅਤ ਪਾਈ ਗਈ।
ਆਸ਼ਾ ਕਨਫੈਕਸ਼ਨਰੀ ਖ਼ਿਲਾਫ਼ ਵੀ ਮੁਕੱਦਮਾ ਚਲਾਇਆ ਜਾ ਰਿਹਾ ਹੈ। ਕੰਪਨੀ ਦੀਆਂ ਚਾਕਲੇਟ ਨਾਲ ਭਰੀਆਂ ਕੁਕੀਜ਼ ਦੇ ਲੇਬਲ ’ਤੇ ਗਲਤ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਗੁਣਵੱਤਾ ਵੀ ਘਟੀਆ ਤੇ ਅਸੁਰੱਖਿਅਤ ਪਾਈ ਗਈ। ਇਨ੍ਹਾਂ ਵਿਚ ਦਰਸਾਈ ਗਈ ਖੰਡ ਦੀ ਮਾਤਰਾ ਅਤੇ ਅਸਲ ਮਾਤਰਾ ਵਿਚ ਫ਼ਰਕ ਸੀ।
ਇਸ ਤੋਂ ਇਲਾਵਾ, FSSAI ਨੇ ਖ਼ਰਾਬ ਸਫ਼ਾਈ ਅਤੇ ਸਾਮਾਨ ਨੂੰ ਮੁੜ ਪੈਕ ਕਰਨ ਨਾਲ ਜੁੜੀਆਂ ਸਮੱਸਿਆਵਾਂ ਕਾਰਨ 'ਉਰਮੀ ਲਾਈਫਸਾਇੰਸਿਜ਼ LLP' ਅਤੇ 'ਗੌਰ ਆਯੁਰਵੈਦਿਕ ਸਟੋਰ' ਦੇ ਲਾਇਸੈਂਸ ਵੀ ਮੁਅੱਤਲ ਕਰ ਦਿੱਤੇ ਹਨ।
ਲੇਬਲ ਦੀ ਵਰਤੋਂ ’ਤੇ ਇਤਰਾਜ਼
ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਜੂਨ ਵਿਚ FSSAI ਨੇ ਐਨਰਜੀ ਡਰਿੰਕ ਦੇ ਲੇਬਲ ਦੀ ਵਰਤੋਂ ’ਤੇ ਇਤਰਾਜ਼ ਜਤਾਇਆ ਸੀ। ਰੈਗੂਲੇਟਰ ਦਾ ਤਰਕ ਹੈ ਕਿ ਕੁਝ ਪੀਣ ਵਾਲੇ ਪਦਾਰਥਾਂ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਖੰਡ ਮਿਲਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਇਸ ਸ਼੍ਰੇਣੀ ਵਿਚ ਰੱਖਣ ਨਾਲ ਖਪਤਕਾਰ ਗੁੰਮਰਾਹ ਹੋ ਸਕਦੇ ਹਨ। ਇਸ ਕਾਰਨ ਉਹ ਇਨ੍ਹਾਂ ਦਾ ਵੱਧ ਸੇਵਨ ਕਰ ਸਕਦੇ ਹਨ।
ਰੈੱਡ ਬੁੱਲ, ਪੈਪਸੀਕੋ, ਮੌਨਸਟਰ ਬੇਵਰੇਜ ਅਤੇ ਰਿਲਾਇੰਸ ਕੰਜ਼ਿਊਮਰ ਨੇ ਰੈਗੂਲੇਟਰ ਦੇ ਇਸ ਹੁਕਮ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਇਨ੍ਹਾਂ ਕੰਪਨੀਆਂ ਦਾ ਤਰਕ ਹੈ ਕਿ ਪਾਬੰਦੀਆਂ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਲਗਾਈਆਂ ਗਈਆਂ ਸਨ।
ਰੈੱਡ ਬੁੱਲ ਨੂੰ ਅਦਾਲਤ ਤੋਂ ਮਿਲੀ ਰਾਹਤ
ਰੈੱਡ ਬੁੱਲ ਨੂੰ ਅਦਾਲਤ ਤੋਂ ਸਟੇਅ ਮਿਲ ਗਿਆ ਹੈ, ਜਿਸ ਕਾਰਨ ਉਸ ਨੂੰ ਐਨਰਜੀ ਡਰਿੰਕ ਵਾਲੇ ਲੇਬਲ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਉੱਥੇ ਹੀ, ਹੋਰ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣਾ ਮੌਜੂਦਾ ਸਟਾਕ ਖ਼ਤਮ ਹੋਣ ਤੋਂ ਬਾਅਦ ਇਸ ਸ਼੍ਰੇਣੀ ਦੀ ਵਰਤੋਂ ਬੰਦ ਕਰ ਦੇਣ।
FSSAI ਨੇ ਰੈੱਡ ਬੁੱਲ ਨੂੰ ਮਿਲੀ ਇਸ ਰਾਹਤ ਨੂੰ ਚੁਣੌਤੀ ਦਿੱਤੀ ਹੈ। ਰੈਗੂਲੇਟਰ ਦਾ ਤਰਕ ਹੈ ਕਿ ਇਸ ਨਾਲ ਕੰਪਨੀ ਨੂੰ ਆਪਣੇ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਗਲਤ ਵਪਾਰਕ ਫ਼ਾਇਦਾ ਮਿਲਦਾ ਹੈ। ਇਸ ਮਾਮਲੇ ਦੀ ਸੁਣਵਾਈ ਜਨਵਰੀ ਵਿਚ ਹੋਣੀ ਹੈ।