- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਸੂਤਰਾਂ ਅਨੁਸਾਰ ਇੰਦੂਸ਼ੇਖਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਰਿਵਾਰ ਦੇ ਸਾਰੇ ਸੱਤ ਜੀਆਂ ਦੀ ਹੱਤਿਆ ਕਰ ਦਿੱਤੀ ਹੈ। ਹਾਲਾਂਕਿ, ਜਾਂਚਕਰਤਾ ਅਜੇ ਵੀ ਉਸ ਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੇ ਹਨ। ਪੁਲਿਸ ਵੱਲੋਂ ਸਬੂਤ ਇਕੱਠੇ ਕਰਨ ਲਈ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

ਡਿਜੀਟਲ ਡੈਸਕ, ਬੈਂਗਲੁਰੂ : ਬੈਂਗਲੁਰੂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੱਤ ਸਾਲ ਦੇ ਬੱਚੇ ਸਮੇਤ ਇੱਕ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਕੈਬ ਡਰਾਈਵਰ ਇੰਦੂਸ਼ੇਖਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਰਿਵਾਰਕ ਵਿਵਾਦ ਤੋਂ ਬਾਅਦ ਆਪਣੀ ਪਤਨੀ ਸਮੇਤ ਸੱਤ ਲੋਕਾਂ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਸੱਤ ਸਾਲਾ ਬੱਚੇ ਪੁਨੀਤ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਬਾਕੀ ਲਾਸ਼ਾਂ ਦੀ ਭਾਲ ਅਜੇ ਵੀ ਜਾਰੀ ਹੈ।
ਘਰੇਲੂ ਵਿਵਾਦ ਕਾਰਨ ਕੀਤਾ ਕਤਲੇਆਮ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਰਿਵਾਰਕ ਵਿਵਾਦ ਦੇ ਚੱਲਦਿਆਂ ਇਹ ਹੱਤਿਆਵਾਂ ਕੀਤੀਆਂ। ਜਾਣਕਾਰੀ ਅਨੁਸਾਰ ਮੁਲਜ਼ਮ ਇੰਦੂਸ਼ੇਖਰ ਆਪਣੀ ਪਤਨੀ ਦੇ ਪੇਕੇ ਪਰਿਵਾਰ ਨਾਲ ਲਗਾਤਾਰ ਸੰਪਰਕ ਰੱਖਣ ਤੋਂ ਨਾਰਾਜ਼ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਮ੍ਰਿਤਕਾਂ ਦੀ ਕੀਤੀ ਪਛਾਣ
ਮ੍ਰਿਤਕਾਂ ਦੀ ਪਛਾਣ ਇੰਦੂਸ਼ੇਖਰ ਦੀ ਪਤਨੀ ਸੁਨੀਤਾ, ਸੱਸ ਰੂਪਵਤੀ, ਦੋ ਸਾਲੇ ਸ਼ਿਵਕੁਮਾਰ ਅਤੇ ਸ਼ੰਕਰ, ਦੋ ਸਾਲੀਆਂ ਦਿਵਿਆ ਅਤੇ ਨਲਿਨੀ ਅਤੇ ਸ਼ੰਕਰ ਦੇ ਸੱਤ ਸਾਲਾ ਪੁੱਤਰ ਵਜੋਂ ਹੋਈ ਹੈ।
ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਨੇ ਕਤਲ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਸੀ। ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਦੋਵਾਂ ਸਾਲਿਆਂ ਨੂੰ ਪਾਰਟੀ ਦੇਣ ਦੇ ਬਹਾਨੇ ਘਰ ਬੁਲਾਇਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਫਿਰ ਉਨ੍ਹਾਂ ਦੀਆਂ ਪਤਨੀਆਂ, ਆਪਣੀ ਸੱਸ ਅਤੇ ਸ਼ੰਕਰ ਦੇ ਛੋਟੇ ਪੁੱਤਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਜਾਂਚ ਵਿੱਚ ਜੁਟੀ
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼੍ਰੀਰਾਮਪੁਰਾ ਪੁਲਿਸ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਪੁੱਛਗਿੱਛ ਦੌਰਾਨ ਮੁਲਜ਼ਮ ਵੱਲੋਂ ਵਾਰ-ਵਾਰ ਬਿਆਨ ਬਦਲਣ ਕਾਰਨ ਪੁਲਿਸ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਜਾਂਚ ਅੱਗੇ ਵਧਾਈ ਗਈ ਤਾਂ ਸਮੂਹਿਕ ਕਤਲ ਦਾ ਸ਼ੱਕ ਸਾਹਮਣੇ ਆਇਆ।
ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਪੀੜਤਾਂ ਦੀ ਹੱਤਿਆ ਕਰਨ ਲਈ ਪੀਸਣ ਵਾਲੇ ਪੱਥਰ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਹ ਲਾਸ਼ਾਂ ਨੂੰ ਆਪਣੀ ਕਾਰ ਵਿੱਚ ਲਿਜਾ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਆਇਆ। ਜਾਂਚਕਰਤਾਵਾਂ ਨੂੰ ਇਹ ਵੀ ਸ਼ੱਕ ਹੈ ਕਿ ਉਸ ਨੇ ਖੂਨ ਦੇ ਧੱਬੇ ਸਾਫ਼ ਕਰਨ ਅਤੇ ਸਬੂਤ ਮਿਟਾਉਣ ਲਈ ਕੈਮੀਕਲ ਦੀ ਵਰਤੋਂ ਕੀਤੀ।
ਨੰਦੀ ਹਿਲਜ਼ ਨੇੜੇ ਮਿਲੀ ਬੱਚੇ ਦੀ ਲਾਸ਼
ਨੰਦੀ ਹਿਲਜ਼ ਦੀਆਂ ਪਹਾੜੀਆਂ ਦੇ ਹੇਠਲੇ ਇਲਾਕੇ ਵਿੱਚ ਚਾਰ ਘੰਟੇ ਤੱਕ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਸ਼ੰਕਰ ਦੇ ਸੱਤ ਸਾਲਾ ਪੁੱਤਰ ਦੀ ਲਾਸ਼ ਮਿਲੀ। ਹਾਲਾਂਕਿ, ਬਾਕੀ ਲਾਸ਼ਾਂ ਦੀ ਭਾਲ ਅਜੇ ਵੀ ਜਾਰੀ ਹੈ।
ਪੁਲਿਸ ਸੂਤਰਾਂ ਅਨੁਸਾਰ ਇੰਦੂਸ਼ੇਖਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਰਿਵਾਰ ਦੇ ਸਾਰੇ ਸੱਤ ਜੀਆਂ ਦੀ ਹੱਤਿਆ ਕਰ ਦਿੱਤੀ ਹੈ। ਹਾਲਾਂਕਿ, ਜਾਂਚਕਰਤਾ ਅਜੇ ਵੀ ਉਸ ਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੇ ਹਨ। ਪੁਲਿਸ ਵੱਲੋਂ ਸਬੂਤ ਇਕੱਠੇ ਕਰਨ ਲਈ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।