ਡਰਾਉਣੇ ਹਾਦਸੇ ਤੇ ਡੂੰਘੇ ਸਦਮੇ ਦਿਮਾਗ 'ਤੇ ਛੱਡ ਜਾਂਦੇ ਹਨ ਡੂੰਘੇ ਨਿਸ਼ਾਨ! PTSD ਬਾਰੇ ਨਵੀਂ ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ
ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੀ ਸੰਪਰਕ ਲੇਖਕ ਫ੍ਰਾਂਸਿਸ ਸ਼ੈਂਪੇਨ ਨੇ ਕਿਹਾ ਕਿ ਸਾਡੀ ਖੋਜ ਇਸ ਸਵਾਲ ਦਾ ਜਵਾਬ ਲੱਭਦੀ ਹੈ ਕਿ PTSD ਤੋਂ ਪ੍ਰਭਾਵਿਤ ਦਿਮਾਗ 'ਚ ਅਸਲ 'ਚ ਕੀ ਵੱਖਰਾ ਹੁੰਦਾ ਹੈ?
Publish Date: Tue, 24 Nov 2026 01:31 PM (IST)
Updated Date: Tue, 24 Nov 2026 03:14 PM (IST)
PTSD Research, Brain Changes: ਡਰਾਉਣੇ ਹਾਦਸੇ ਅਤੇ ਡੂੰਘੇ ਮਾਨਸਿਕ ਸਦਮੇ ਦਿਮਾਗ 'ਤੇ ਅਜਿਹੇ ਨਿਸ਼ਾਨ ਛੱਡ ਸਕਦੇ ਹਨ, ਜੋ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ। ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਪੋਸਟ ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (PTSD) ਦਿਮਾਗ 'ਚ ਸਿਰਫ਼ ਆਮ ਤਣਾਅ ਹੀ ਨਹੀਂ, ਸਗੋਂ ਵਿਸ਼ੇਸ਼ ਅਣੂ, ਸੈੱਲ ਅਤੇ ਸੰਰਚਨਾਤਮਕ ਬਦਲਾਅ ਵੀ ਪੈਦਾ ਕਰਦਾ ਹੈ। ਇਸ ਦੌਰਾਨ ਡੀਐੱਨਏ ਮਿਥਾਈਲੇਸ਼ਨ ਇਕ ਕੁਦਰਤੀ ਪ੍ਰਕਿਰਿਆ ਹੈ, ਜੋ ਡਿਮਰ ਸਵਿੱਚ ਵਾਂਗ ਜੀਨਾਂ ਦੀ ਸਰਗਰਮੀ ਘਟਾ ਸਕਦੀ ਹੈ ਜਾਂ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ। PTSD ਨਾਲ ਜੁੜੇ ਜੀਨਾਂ 'ਚ ਦਿਮਾਗ ਦੇ ਵੱਖ-ਵੱਖ ਹਿੱਸਿਆਂ 'ਚ ਉਮੀਦ ਨਾਲੋਂ ਜ਼ਿਆਦਾ ਅੰਤਰ ਪਾਇਆ ਗਿਆ ਹੈ।
ਤਣਾਅ ਅਤੇ ਸਦਮੇ ਦਿਮਾਗ 'ਚ ਅਣੂ ਪੱਧਰ 'ਤੇ ਨਿਸ਼ਾਨ ਛੱਡ ਸਕਦੇ ਹਨ। ਇਹ ਨਿਸ਼ਾਨ ਪੋਸਟ ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (PTSD) ਨੂੰ ਸਮਝਣ 'ਚ ਮਦਦ ਕਰ ਸਕਦੇ ਹਨ। ਇਹ ਮਾਨਸਿਕ ਸਿਹਤ ਨਾਲ ਜੁੜਿਆ ਇਕ ਵਿਗਾੜ ਹੈ, ਜਿਸ 'ਚ ਵਿਅਕਤੀ ਕਿਸੇ ਭਿਆਨਕ ਜਾਂ ਜਾਨਲੇਵਾ ਘਟਨਾ ਦੀਆਂ ਯਾਦਾਂ ਵਾਰ-ਵਾਰ ਸਾਹਮਣੇ ਆਉਣ (ਫਲੈਸ਼ਬੈਕ) ਜਾਂ ਡਰਾਉਣੇ ਸੁਪਨਿਆਂ ਦਾ ਅਨੁਭਵ ਕਰਦਾ ਹੈ।
ਅਣੂ ਪੱਧਰ ਦੇ ਬਦਲਾਅ ਕਈ ਕਾਰਕਾਂ 'ਤੇ ਨਿਰਭਰ
ਇਹ ਅਧਿਐਨ 'ਸੈੱਲ ਰਿਪੋਰਟਸ' (Cell Reports) ਰਸਾਲੇ 'ਚ ਪ੍ਰਕਾਸ਼ਿਤ ਹੋਇਆ। ਇਸ 'ਚ ਪਾਇਆ ਗਿਆ ਕਿ PTSD ਤੋਂ ਪ੍ਰਭਾਵਿਤ ਲੋਕਾਂ 'ਚ ਅਣੂ ਪੱਧਰ 'ਤੇ ਹੋਣ ਵਾਲੇ ਬਦਲਾਅ ਪਿੱਛੇ ਕਈ ਕਾਰਕ ਹੋ ਸਕਦੇ ਹਨ। ਇਨ੍ਹਾਂ 'ਚ ਵਿਅਕਤੀ ਦਾ ਲਿੰਗ ਅਤੇ ਨਸਲ ਦੇ ਨਾਲ-ਨਾਲ ਇਹ ਗੱਲ ਵੀ ਸ਼ਾਮਲ ਹੈ ਕਿ ਸਦਮੇ ਦਾ ਸਾਹਮਣਾ ਬਚਪਨ 'ਚ ਹੋਇਆ ਸੀ ਜਾਂ ਬਾਲਗ ਹੋਣ ਤੋਂ ਬਾਅਦ।
ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਦੀ ਸੰਪਰਕ ਲੇਖਕ ਫ੍ਰਾਂਸਿਸ ਸ਼ੈਂਪੇਨ ਨੇ ਕਿਹਾ ਕਿ ਸਾਡੀ ਖੋਜ ਇਸ ਸਵਾਲ ਦਾ ਜਵਾਬ ਲੱਭਦੀ ਹੈ ਕਿ PTSD ਤੋਂ ਪ੍ਰਭਾਵਿਤ ਦਿਮਾਗ 'ਚ ਅਸਲ 'ਚ ਕੀ ਵੱਖਰਾ ਹੁੰਦਾ ਹੈ?
ਸ਼ੈਂਪੇਨ ਨੇ ਕਿਹਾ ਕਿ ਅਧਿਐਨ 'ਚ ਪਾਇਆ ਗਿਆ ਕਿ PTSD ਤੋਂ ਪੀੜਤ ਲੋਕਾਂ ਦੇ ਦਿਮਾਗ ਦੇ ਵੱਖ-ਵੱਖ ਹਿੱਸਿਆਂ 'ਚ ਡੀਐੱਨਏ ਮਿਥਾਈਲੇਸ਼ਨ ਦੇ ਪੈਟਰਨਾਂ 'ਚ ਪ੍ਰਮੁੱਖ ਡਿਪਰੈਸ਼ਨ (Major Depressive Disorder) ਤੋਂ ਪੀੜਤ ਲੋਕਾਂ ਦੇ ਮੁਕਾਬਲੇ ਜ਼ਿਆਦਾ ਅੰਤਰ ਸੀ। ਇਸ 'ਚ PTSD ਤੋਂ ਪੀੜਤ ਲੋਕਾਂ ਵਿਚਕਾਰ ਵੀ ਕਾਫ਼ੀ ਫ਼ਰਕ ਸਾਹਮਣੇ ਆਇਆ।
ਖੋਜਕਰਤਾਵਾਂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਭਵਿੱਖ 'ਚ PTSD ਤੋਂ ਪੀੜਤ ਲੋਕਾਂ ਲਈ ਵਧੇਰੇ ਵਿਅਕਤੀਗਤ ਇਲਾਜ ਦੇ ਵਿਕਲਪਾਂ ਦਾ ਰਾਹ ਖੁੱਲ੍ਹ ਸਕਦਾ ਹੈ।
ਖੋਜਕਰਤਾਵਾਂ ਨੇ 302 ਲੋਕਾਂ ਦੇ ਮੌਤ ਤੋਂ ਬਾਅਦ ਪ੍ਰਾਪਤ ਕੀਤੇ ਦਿਮਾਗਾਂ 'ਚ ਮਿਥਾਈਲੇਸ਼ਨ ਦੀ ਵਿਸਤ੍ਰਿਤ ਪ੍ਰੋਫਾਈਲਿੰਗ ਕੀਤੀ। ਇਨ੍ਹਾਂ 'ਚ 101 ਲੋਕ PTSD ਤੋਂ ਪੀੜਤ ਸਨ, 100 ਨੂੰ ਕੋਈ ਮਾਨਸਿਕ ਰੋਗ ਨਹੀਂ ਸੀ ਅਤੇ 101 ਲੋਕ ਪ੍ਰਮੁੱਖ ਡਿਪਰੈਸ਼ਨ ਡਿਸਆਰਡਰ ਤੋਂ ਪੀੜਤ ਸਨ।
ਦਿਮਾਗ ਦੇ ਤਿੰਨ ਵੱਖ-ਵੱਖ ਹਿੱਸਿਆਂ ਦਾ ਕੀਤਾ ਵਿਸ਼ਲੇਸ਼ਣ
ਹਰੇਕ ਨਮੂਨੇ 'ਚ ਦਿਮਾਗ ਦੇ ਤਿੰਨ ਵੱਖ-ਵੱਖ ਹਿੱਸਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ:
- ਪ੍ਰੀਫ੍ਰੰਟਲ ਕਾਰਟੈਕਸ: ਇਹ ਦਿਮਾਗ ਦਾ ਉਹ ਹਿੱਸਾ ਹੈ, ਜੋ ਫ਼ੈਸਲੇ ਲੈਣ ਸਮੇਤ ਉੱਚ ਪੱਧਰੀ ਕੰਮਾਂ 'ਚ ਸ਼ਾਮਲ ਹੁੰਦਾ ਹੈ।
- ਐਮੀਗਡਾਲਾ: ਇਹ ਦਿਮਾਗ ਦਾ ਭਾਵਨਾਤਮਕ ਕੇਂਦਰ ਹੈ।
- ਹਿਪੋਕੈਂਪਸ: ਇਹ ਯਾਦਦਾਸ਼ਤ ਨੂੰ ਸੰਭਾਲਣ ਅਤੇ ਪ੍ਰਬੰਧਨ ਕਰਨ 'ਚ ਮਦਦ ਕਰਦਾ ਹੈ।
ਅਧਿਐਨ 'ਚ PTSD ਨਾਲ ਜੁੜੇ ਦਿਮਾਗੀ ਬਦਲਾਅ ਸਾਹਮਣੇ ਆਏ। ਇਨ੍ਹਾਂ 'ਚ PTSD ਤੋਂ ਪੀੜਤ ਲੋਕਾਂ ਦੇ ਐਮੀਗਡਾਲਾ 'ਚ ਓਲੀਗੋਡੈਂਡਰੋਸਾਈਟਸ (Oligodendrocytes) ਦੀ ਤੁਲਨਾਤਮਕ ਤੌਰ 'ਤੇ ਘੱਟ ਗਿਣਤੀ ਸ਼ਾਮਲ ਸੀ। ਇਹ ਸੈੱਲ ਨਿਊਰਾਨਾਂ ਦੇ ਆਲੇ-ਦੁਆਲੇ ਸੁਰੱਖਿਆ ਪਰਤ ਬਣਾਉਂਦੇ ਹਨ।
ਇਹ ਕਮੀ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ 'ਚ ਦੇਖੀ ਗਈ, ਜਿਨ੍ਹਾਂ ਨੇ ਬਾਲਗ ਹੋਣ ਤੋਂ ਬਾਅਦ ਕਿਸੇ ਸਦਮੇ ਦਾ ਸਾਹਮਣਾ ਕੀਤਾ ਸੀ।
ਡੀਐੱਨਏ ਮਿਥਾਈਲੇਸ਼ਨ 'ਚ ਮਿਲਿਆ ਵਧੇਰੇ ਸਪੱਸ਼ਟ ਅੰਤਰ
PTSD ਦਾ ਸਬੰਧ ਪ੍ਰੀਫ੍ਰੰਟਲ ਕਾਰਟੈਕਸ 'ਚ ਡੀਐੱਨਏ ਮਿਥਾਈਲੇਸ਼ਨ ਦੇ ਵਧੇਰੇ ਸਪੱਸ਼ਟ ਅੰਤਰ ਨਾਲ ਵੀ ਪਾਇਆ ਗਿਆ, ਜਦਕਿ ਪ੍ਰਮੁੱਖ ਡਿਪਰੈਸ਼ਨ ਡਿਸਆਰਡਰ ਦਾ ਸਬੰਧ ਐਮੀਗਡਾਲਾ 'ਚ ਮਿਥਾਈਲੇਸ਼ਨ ਦੇ ਅੰਤਰ ਨਾਲ ਸੀ। ਇਹ ਅਣੂ ਪੱਧਰ ਦੇ ਪੈਟਰਨ ਦਿਮਾਗ 'ਚ ਵੱਖ-ਵੱਖ ਕਿਸਮਾਂ ਦੇ ਸੈੱਲਾਂ ਦੀ ਬਣਤਰ 'ਚ ਅੰਤਰ ਨਾਲ ਜੁੜੇ ਹੋਏ ਸਨ। ਮੌਤ ਤੋਂ ਬਾਅਦ ਪ੍ਰਾਪਤ ਕੀਤੇ ਦਿਮਾਗੀ ਟਿਸ਼ੂ ਦਾ ਵਿਸ਼ਲੇਸ਼ਣ ਕਰਨ ਕਾਰਨ ਖੋਜਕਰਤਾ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਮਿਥਾਈਲੇਸ਼ਨ ਦੇ ਇਨ੍ਹਾਂ ਅੰਤਰਾਂ ਨੇ PTSD 'ਚ ਯੋਗਦਾਨ ਪਾਇਆ ਸੀ ਜਾਂ ਨਹੀਂ। ਲੇਖਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਰੇਕ ਵਿਅਕਤੀ ਦੇ ਲੱਛਣਾਂ ਦੀ ਕਿਸਮ ਅਤੇ ਗੰਭੀਰਤਾ ਬਾਰੇ ਜਾਣਕਾਰੀ ਨਹੀਂ ਸੀ। ਇਹ ਜਾਣਕਾਰੀ PTSD ਦੀ ਪਛਾਣ ਕਰਨ ਦੇ ਵਿਅਕਤੀਗਤ ਤਰੀਕੇ ਵਿਕਸਿਤ ਕਰਨ ਲਈ ਮਹੱਤਵਪੂਰਨ ਹੁੰਦੀ ਹੈ।