ਔਰਤਾਂ ਤੇ ਬਜ਼ੁਰਗਾਂ ਨੂੰ ਮਿਲੇਗਾ ਵੱਡਾ ਫਾਇਦਾ, ਬਦਲਣ ਜਾ ਰਹੇ ਹਨ ਪ੍ਰਾਪਰਟੀ ਟੈਕਸ ਦੇ ਨਿਯਮ; 23 ਅਕਤੂਬਰ ਤਕ ਮੰਗੇ ਸੁਝਾਅ
NDMC News : ਖਰੜੇ ਮੁਤਾਬਕ, ਜਾਇਦਾਦ ਦਾ ਟੈਕਸ ਉਸ ਦੀ ਵਰਤੋਂ, ਇਮਾਰਤ ਦੀ ਉਮਰ, ਉਸਾਰੀ ਦੀ ਬਣਤਰ, ਖ਼ੁਦ ਵਰਤੋਂ ਜਾਂ ਕਿਰਾਏ 'ਤੇ ਦਿੱਤੇ ਜਾਣ ਦੀ ਸਥਿਤੀ ਅਤੇ ਇਲਾਕੇ 'ਚ ਉਪਲਬਧ ਬੁਨਿਆਦੀ ਸਹੂਲਤਾਂ ਨੂੰ ਧਿਆਨ 'ਚ ਰੱਖ ਕੇ ਤੈਅ ਕੀਤਾ ਜਾਵੇਗਾ।
Publish Date: Sun, 18 Oct 2026 08:25 AM (IST)
Updated Date: Sun, 18 Oct 2026 08:29 AM (IST)
ਨਿਹਾਲ ਸਿੰਘ, ਜਾਗਰਣ : ਨਗਰ ਨਿਗਮ ਦਿੱਲੀ (MCD) ਦੀ ਤਰਜ਼ 'ਤੇ ਪ੍ਰਾਪਰਟੀ ਟੈਕਸ ਦੀ ਗਣਨਾ ਲਈ ਯੂਨਿਟ ਏਰੀਆ ਮੈਥਡ (UAM) ਲਾਗੂ ਕਰਨ ਵਾਸਤੇ ਨਵੀਂ ਦਿੱਲੀ ਨਗਰ ਕੌਂਸਲ (NDMC) ਨੇ ਇਸ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਲੋਕਾਂ ਤੋਂ ਸੁਝਾਅ ਮੰਗੇ ਹਨ। ਨਾਗਰਿਕ, ਵਪਾਰੀ ਅਤੇ ਹੋਰ ਲੋਕ 23 ਅਕਤੂਬਰ ਤੱਕ ਆਪਣੇ ਸੁਝਾਅ ਦੇ ਸਕਦੇ ਹਨ।
NDMC ਦੇ ਖਰੜੇ ਤਹਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼, ਕਿਸੇ ਵੀ ਉਮਰ ਦੀਆਂ ਔਰਤਾਂ ਅਤੇ ਦਿਵਿਆਂਗ ਵਿਅਕਤੀ ਆਪਣੀ ਖ਼ੁਦ ਦੇ ਇਸਤੇਮਾਲ ਵਾਲੀ ਇੱਕ ਰਿਹਾਇਸ਼ੀ ਜਾਇਦਾਦ 'ਤੇ ਪ੍ਰਾਪਰਟੀ ਟੈਕਸ 'ਚ 30 ਫ਼ੀਸਦੀ ਛੋਟ ਲੈਣ ਦੇ ਯੋਗ ਹੋਣਗੇ। ਹਾਲਾਂਕਿ, ਇਹ ਛੋਟ ਸਿਰਫ਼ 100 ਵਰਗ ਮੀਟਰ ਤੱਕ ਦੇ ਨਿਰਮਾਣ ਵਾਲੇ ਪਲਾਟ 'ਤੇ ਹੀ ਲਾਗੂ ਹੋਵੇਗੀ।
ਪ੍ਰਾਪਰਟੀ ਟੈਕਸ 'ਚ 30 ਫ਼ੀਸਦੀ ਤੱਕ ਛੋਟ ਦੇਣ ਦਾ ਪ੍ਰਸਤਾਵ
ਖਰੜੇ ਮੁਤਾਬਕ, ਜਾਇਦਾਦ ਦਾ ਟੈਕਸ ਉਸ ਦੀ ਵਰਤੋਂ, ਇਮਾਰਤ ਦੀ ਉਮਰ, ਉਸਾਰੀ ਦੀ ਬਣਤਰ, ਖ਼ੁਦ ਵਰਤੋਂ ਜਾਂ ਕਿਰਾਏ 'ਤੇ ਦਿੱਤੇ ਜਾਣ ਦੀ ਸਥਿਤੀ ਅਤੇ ਇਲਾਕੇ 'ਚ ਉਪਲਬਧ ਬੁਨਿਆਦੀ ਸਹੂਲਤਾਂ ਨੂੰ ਧਿਆਨ 'ਚ ਰੱਖ ਕੇ ਤੈਅ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸੜਕ ਦੀ ਚੌੜਾਈ ਦੇ ਆਧਾਰ 'ਤੇ ਵੀ ਪ੍ਰਾਪਰਟੀ ਟੈਕਸ ਦੀਆਂ ਦਰਾਂ ਵੱਖ-ਵੱਖ ਹੋਣਗੀਆਂ। ਉੱਥੇ ਹੀ, ਖਾਲੀ ਪਏ ਪਲਾਟ 'ਤੇ ਵਾਧੂ ਟੈਕਸ ਲਗਾਇਆ ਜਾਵੇਗਾ।
ਹਾਲਾਂਕਿ, ਜੇਕਰ ਪਲਾਟ ਦੇ 25 ਫ਼ੀਸਦੀ ਹਿੱਸੇ 'ਤੇ ਉਸਾਰੀ ਹੋਈ ਹੈ ਤਾਂ ਆਮ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਦਾ ਭੁਗਤਾਨ ਇੱਕੋ ਵਾਰ ਜਾਂ ਚਾਰ ਬਰਾਬਰ ਤਿਮਾਹੀ ਕਿਸ਼ਤਾਂ 'ਚ ਕੀਤਾ ਜਾ ਸਕੇਗਾ।
ਵਿੱਤੀ ਸਾਲ ਦੀ 30 ਜੂਨ ਤੱਕ ਇੱਕਮੁਸ਼ਤ ਭੁਗਤਾਨ ਕਰਨ 'ਤੇ ਕੌਂਸਲ ਵੱਲੋਂ ਨੋਟੀਫਾਈ ਕੀਤੀ ਦਰ ਅਨੁਸਾਰ 15 ਫ਼ੀਸਦੀ ਤੱਕ ਦੀ ਛੋਟ ਦੇਣ ਦੀ ਵਿਵਸਥਾ ਹੋਵੇਗੀ।
ਦੇਰੀ ਨਾਲ ਭੁਗਤਾਨ ਕਰਨ 'ਤੇ ਹਰ ਮਹੀਨੇ ਜਾਂ ਮਹੀਨੇ ਦੇ ਕਿਸੇ ਹਿੱਸੇ ਲਈ 1.5 ਫ਼ੀਸਦੀ ਸਾਧਾਰਨ ਵਿਆਜ ਲਗਾਉਣ ਦਾ ਪ੍ਰਸਤਾਵ ਹੈ। ਜ਼ਿਕਰਯੋਗ ਹੈ ਕਿ NDMC 'ਚ ਫਿਲਹਾਲ ਰੇਟੇਬਲ ਵੈਲਿਊ ਯਾਨੀ ਜਾਇਦਾਦ ਦੀ ਕੀਮਤ ਦੇ ਆਧਾਰ 'ਤੇ ਪ੍ਰਾਪਰਟੀ ਟੈਕਸ ਦੀ ਗਣਨਾ ਕੀਤੀ ਜਾਂਦੀ ਹੈ।