- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਇਟਰ ਅਨੁਸਾਰ, ਨੌਂ ਜ਼ਿਲ੍ਹਿਆਂ ਵਿਚ ਫਲੈਸ਼ ਫਲੱਡ ਕਾਰਨ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ 121 ਲੋਕਾਂ ਦੇ ਅਜੇ ਵੀ ਫਸੇ ਹੋਣ ਦੀ ਸੰਭਾਵਨਾ ਹੈ। ਰਸੁਵਾ ਜ਼ਿਲ੍ਹੇ ਦੇ ਚਿਲਿਮੇ ਹਾਈਡ੍ਰੋਪਾਵਰ ਪ੍ਰਾਜੈਕਟ ਵਿਚ ਛੇ ਮੁਲਾਜ਼ਮ ਗਾਇਬ ਹਨ। ਸੰਸਦ ਮੈਂਬਰ ਸ੍ਰੀਰਾਮ ਨੇਉਪਾਨੇ ਅਨੁਸਾਰ, ਇਨ੍ਹਾਂ ਵਿੱਚੋਂ ਚਾਰ ਦੇ ਜੀਵਿਤ ਹੋਣ ਦੀ ਉਮੀਦ ਹੈ। ਸੁਰੰਗਾਂ ਵਿਚ ਹਵਾ ਲਈ ਛੋਟੇ ਵੈਂਟੀਲੇਸ਼ਨ ਸਿਸਟਮ, ਆਰਾਮ ਕਰਨ ਦੇ ਕਮਰੇ ਅਤੇ ਕੁਝ ਥਾਵਾਂ ’ਤੇ ਰਸੋਈਆਂ ਵੀ ਬਣੀਆਂ ਹੁੰਦੀਆਂ ਹਨ। ਇਸ ਲਈ ਬਚਾਅ ਦਲ ਅਜੇ ਵੀ ਉਮੀਦ ਨਹੀਂ ਛੱਡ ਰਹੇ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨੇਪਾਲ ਵਿਚ ਤਬਾਹਕੁੰਨ ਹੜ੍ਹ ਅਤੇ ਜ਼ਮੀਨ ਖਿਸਕਣ ਦੇ 12 ਦਿਨਾਂ ਬਾਅਦ ਵੀ ਲਗਪਗ 5,500 ਲੋਕ ਗਾਇਬ ਹਨ। ਹਰ ਗੁਜ਼ਰਦੇ ਦਿਨ ਦੇ ਨਾਲ ਉਨ੍ਹਾਂ ਦੇ ਜਿਊਂਦੇ ਮਿਲਣ ਦੀ ਉਮੀਦ ਕਮਜ਼ੋਰ ਹੋ ਰਹੀ ਹੈ। ਇਸ ਆਫ਼ਤ ਵਿਚ ਹੁਣ ਤੱਕ 1,356 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਭੂਮੀਗਤ ਸੁਰੰਗਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਹੈ।
ਰਾਇਟਰ ਅਨੁਸਾਰ, ਨੌਂ ਜ਼ਿਲ੍ਹਿਆਂ ਵਿਚ ਫਲੈਸ਼ ਫਲੱਡ ਕਾਰਨ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ 121 ਲੋਕਾਂ ਦੇ ਅਜੇ ਵੀ ਫਸੇ ਹੋਣ ਦੀ ਸੰਭਾਵਨਾ ਹੈ। ਰਸੁਵਾ ਜ਼ਿਲ੍ਹੇ ਦੇ ਚਿਲਿਮੇ ਹਾਈਡ੍ਰੋਪਾਵਰ ਪ੍ਰਾਜੈਕਟ ਵਿਚ ਛੇ ਮੁਲਾਜ਼ਮ ਗਾਇਬ ਹਨ। ਸੰਸਦ ਮੈਂਬਰ ਸ੍ਰੀਰਾਮ ਨੇਉਪਾਨੇ ਅਨੁਸਾਰ, ਇਨ੍ਹਾਂ ਵਿੱਚੋਂ ਚਾਰ ਦੇ ਜੀਵਿਤ ਹੋਣ ਦੀ ਉਮੀਦ ਹੈ। ਸੁਰੰਗਾਂ ਵਿਚ ਹਵਾ ਲਈ ਛੋਟੇ ਵੈਂਟੀਲੇਸ਼ਨ ਸਿਸਟਮ, ਆਰਾਮ ਕਰਨ ਦੇ ਕਮਰੇ ਅਤੇ ਕੁਝ ਥਾਵਾਂ ’ਤੇ ਰਸੋਈਆਂ ਵੀ ਬਣੀਆਂ ਹੁੰਦੀਆਂ ਹਨ। ਇਸ ਲਈ ਬਚਾਅ ਦਲ ਅਜੇ ਵੀ ਉਮੀਦ ਨਹੀਂ ਛੱਡ ਰਹੇ ਹਨ।
ਪੀਟੀਆਈ ਅਨੁਸਾਰ ਕਰਮਚਾਰੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਵਿਚ ਭਾਰਤੀ ਸੁਰੰਗ ਮਾਹਰਾਂ ਦੀ ਟੀਮ ਵੀ ਜੁਟੀ ਹੋਈ ਹੈ। ਆਸਟ੍ਰੇਲਿਆਈ ਸੁਰੰਗ ਮਾਹਰ ਅਰਨੋਲਡ ਡਿਕਸ ਵੀ ਮੁਹਿੰਮ ਵਿਚ ਮਦਦ ਕਰ ਰਹੇ ਹਨ। ਡਿਕਸ ਨੇ 2023 ਵਿਚ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਇਸ ਦੌਰਾਨ ਧਾਦਿੰਗ ਜ਼ਿਲ੍ਹੇ ਵਿਚ ਹੜ੍ਹ ਨਾਲ ਨੁਕਸਾਨੇ ਪ੍ਰਿਥਵੀ ਹਾਈਵੇ ਦੇ ਹਿੱਸੇ ਨੂੰ ਦੁਬਾਰਾ ਬਣਾਉਣ ਲਈ 252 ਮੀਟਰ ਲੰਬਾ ਅਸਥਾਈ ਟਰੈਕ ਤਿਆਰ ਕੀਤਾ ਗਿਆ ਹੈ। ਇਹ ਮਾਰਗ ਕਾਠਮੰਡੂ ਨੂੰ ਪੱਛਮੀ ਨੇਪਾਲ ਨਾਲ ਜੋੜਦਾ ਹੈ।
13ਵੇਂ ਦਿਨ ਮਨਾਇਆ ਗਿਆ ਸੋਗ
ਆਫ਼ਤ ਵਿਚ ਮਾਰੇ ਗਏ ਲੋਕਾਂ ਦੇ ਸਨਮਾਨ ਵਿਚ ਸੋਮਵਾਰ ਨੂੰ ਨੇਪਾਲ ਵਿਚ 13ਵੇਂ ਦਿਨ ਦਾ ਸੋਗ ਮਨਾਇਆ ਗਿਆ। ਹਿੰਦੂ ਪਰੰਪਰਾਵਾਂ ਵਿਚ ਮੌਤ ਦੇ 13ਵੇਂ ਦਿਨ ਨੂੰ ਸੋਗ ਦੀ ਮਿਆਦ ਦਾ ਆਖ਼ਰੀ ਦਿਨ ਮੰਨਿਆ ਜਾਂਦਾ ਹੈ। ਇਸ ਮੌਕੇ ’ਤੇ ਨੇਪਾਲ ਅਤੇ ਵਿਦੇਸ਼ਾਂ ਵਿਚ ਸਥਿਤ ਨੇਪਾਲੀ ਦੂਤਘਰਾਂ ਵਿਚ ਸੋਗ ਮਨਾਇਆ ਗਿਆ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਗਿਆ।
ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਸਮੁਦਾਇ ਤੋਂ ਤੁਰੰਤ ਰਾਹਤ ਸਮੱਗਰੀ ਉਪਲਬਧ ਕਰਨ ਦੀ ਅਪੀਲ ਕੀਤੀ ਹੈ। ਇਸ ਵਿਚ ਵੱਡੇ ਡ੍ਰੋਨ, ਬੇਲੀ ਬ੍ਰਿਜ, ਡੀਐੱਨਏ ਜਾਂਚ ਕਿੱਟਾਂ, ਸੁਰੰਗ ਬਚਾਅ ਸੂਟ ਅਤੇ ਮਹਾਮਾਰੀ ਤੋਂ ਬਚਾਅ ਦੇ ਉਪਕਰਨ ਸ਼ਾਮਲ ਹਨ। ਲਗਪਗ 3,500 ਪ੍ਰਭਾਵਿਤ ਲੋਕਾਂ ਨੂੰ ਰਸੁਵਾ, ਨੁਵਾਕੋਟ ਅਤੇ ਧਾਦਿੰਗ ਦੇ ਵੱਖ-ਵੱਖ ਆਸਰਾ ਕੇਂਦਰਾਂ ਵਿਚ ਰੱਖਿਆ ਗਿਆ ਹੈ।
ਰਾਸ਼ਟਰਪਤੀ ਨੇ ਮੰਗਿਆ ਜਲਵਾਯੂ ਮੁਆਵਜ਼ਾ
ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਆਫ਼ਤ ਪ੍ਰਭਾਵਿਤ ਰਸੁਵਾ ਅਤੇ ਨੁਵਾਕੋਟ ਦਾ ਦੌਰਾ ਕਰ ਕੇ ਕਿਹਾ ਕਿ ਨੇਪਾਲ ਨੂੰ ਜਲਵਾਯੂ ਬਦਲਾਅ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਤੋਂ ਨੇਪਾਲ ਵਰਗੇ ਜਲਵਾਯੂ-ਸੰਵੇਦਨਸ਼ੀਲ ਦੇਸ਼ਾਂ ਲਈ ‘ਜਲਵਾਯੂ ਨਿਆਂ’ ਯਕੀਨੀ ਬਣਾਉਣ ਅਤੇ ਜਲਵਾਯੂ ਬਦਲਾਅ ਲਈ ਜ਼ਿੰਮੇਵਾਰ ਦੇਸ਼ਾਂ ਤੋਂ ਮੁਆਵਜ਼ੇ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸਿਆਸੀ ਪਾਰਟੀਆਂ ਅਤੇ ਨਾਗਰਿਕਾਂ ਨੂੰ ਇਕ-ਦੂਜੇ ’ਤੇ ਇਲਜ਼ਾਮਤਰਾਸ਼ੀ ਤੋਂ ਬਚ ਕੇ ਰਾਹਤ ਅਤੇ ਬਚਾਅ ਮੁਹਿੰਮ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ।
ਸੈਲਾਨੀਆਂ ਲਈ ਖੁੱਲ੍ਹਿਆ ਨੇਪਾਲ
ਆਫ਼ਤ ਦੇ ਵਿਚਕਾਰ ਨੇਪਾਲ ਨੇ ਸੈਲਾਨੀਆਂ ਨੂੰ ਦੇਸ਼ ਆਉਣ ਦਾ ਸੁਨੇਹਾ ਦਿੱਤਾ ਹੈ। ਸੈਰ-ਸਪਾਟਾ ਮੰਤਰੀ ਖਡਕ ਰਾਜ ਪੌਡੇਲ ਨੇ ਕਿਹਾ ਕਿ ਦੇਸ਼ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਟੂਰਿਜ਼ਮ ਨੂੰ ਹੁਰਲਾਰਾ ਦੇਣ ਲਈ ‘ਨੇਪਾਲ ਕਾਲਿੰਗ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨੇਪਾਲ ਦੀ ਅਰਥਵਿਵਸਥਾ ਵਿਚ ਸੈਰ-ਸਪਾਟੇ ਦੀ ਹਿੱਸੇਦਾਰੀ ਲਗਪਗ 6.7 ਪ੍ਰਤੀਸ਼ਤ ਹੈ। ਇਸ ਲਈ, ਸੈਲਾਨੀਆਂ ਦੀ ਕਮੀ ਆਰਥਿਕ ਸੰਕਟ ਨੂੰ ਹੋਰ ਗੰਭੀਰ ਕਰ ਸਕਦੀ ਹੈ।
ਆਫ਼ਤ ਪੀੜਤਾਂ ਦਾ ਮਜ਼ਾਕ ਉਡਾਉਣ ਵਾਲਿਆਂ ’ਤੇ ਕਾਰਵਾਈ
ਨੇਪਾਲ ਦੇ ਸਾਈਬਰ ਬਿਊਰੋ ਨੇ ਆਫ਼ਤ ਪੀੜਤਾਂ ਖ਼ਿਲਾਫ਼ ਇੰਟਰਨੈੱਟ ਮੀਡੀਆ ’ਤੇ ਅਪਮਾਨਜਨਕ ਅਤੇ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਵਾਲਿਆਂ ਦੀ ਜਾਂਚ ਲਈ 10 ਮੈਂਬਰੀ ਟੀਮ ਬਣਾਈ ਹੈ। ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਸੰਕਟ ਵਿਚ ਫਸੇ ਲੋਕਾਂ ਦਾ ਮਜ਼ਾਕ ਉਡਾਉਣ ਜਾਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ, ਗਾਇਬ ਜੀਆਂ ਦੀ ਭਾਲ ਵਿਚ ਮਦਦ ਮੰਗ ਰਹੇ ਪਰਿਵਾਰਾਂ ’ਤੇ ਇੰਟਰਨੈੱਟ ਮੀਡੀਆ ’ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ।
ਤਿੱਬਤ ਵਿਚ ਵੀ ਸੈਂਕੜੇ ਲੋਕ ਗਾਇਬ
ਓਧਰ, ਚੀਨ ਦੇ ਤਿੱਬਤ ਖੇਤਰ ਵਿਚ ਵੀ ਆਫ਼ਤ ਦਾ ਅਸਰ ਜਾਰੀ ਹੈ। ਏਐੱਨਆਈ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 43 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 500 ਤੋਂ ਵੱਧ ਲੋਕ ਗਾਇਬ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਭਾਰਤੀਆਂ ਜਾਂ ਭਾਰਤੀ ਮੂਲ ਦੇ ਉਨ੍ਹਾਂ ਤੀਰਥ ਯਾਤਰੀਆਂ ਦੀ ਹੈ, ਜੋ ਕੈਲਾਸ਼ ਪਹਾੜ ਅਤੇ ਮਾਨਸਰੋਵਰ ਦੀ ਯਾਤਰਾ ’ਤੇ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਲ ਅਤੇ ਬਚਾਅ ਮੁਹਿੰਮ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹਾਲਾਂਕਿ, ਆਪਦਾ ਬਾਰੇ ਸਮੇਂ ਸਿਰ ਜਾਣਕਾਰੀ ਉਪਲਬਧ ਨਾ ਕਰਨ ’ਤੇ ਚੀਨ ਦੀ ਆਲੋਚਨਾ ਵੀ ਹੋਈ ਹੈ।
ਆਈਏਐੱਨਐੱਸ ਅਨੁਸਾਰ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਤਿੱਬਤ ਵਿਚ ਗਾਇਬ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਡੀਐੱਨਏ ਨਮੂਨੇ ਜਮ੍ਹਾ ਕਰਨ ਦੀ ਅਪੀਲ ਕੀਤੀ ਹੈ। ਦੂਤਘਰ ਮੁਤਾਬਕ, ਚੀਨ ਦੇ ਅਧਿਕਾਰੀਆਂ ਨੇ ਡੀਐੱਨਏ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਨਮੂਨਿਆਂ ਦੇ ਮਿਲਾਨ ਤੋਂ ਬਾਅਦ ਸਬੰਧਤ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਦੂਤਘਰ ਨੇ ਮਦਦ ਲਈ ਹਾਟਲਾਈਨ ਨੰਬਰ 0086-891-6817165 ਅਤੇ 0086-183-0802-6705 ਵੀ ਜਾਰੀ ਕੀਤੇ ਹਨ।