ਹੈਰਾਨਕੁਨ ਅੰਕੜੇ : ਭਾਰਤ ਦੇ ਕਰੀਬ ਦੋ-ਤਿਹਾਈ ਅੱਲ੍ਹੜਾਂ 'ਚ ਵਿਟਾਮਿਨ B12 ਦੀ ਘਾਟ, ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵੀ ਪ੍ਰਭਾਵਿਤ
ਸਰਵੇਖਣ ਨੇ ਅਨੀਮੀਆ ਅਤੇ ਵਿਟਾਮਿਨ B12 ਦੀ ਕਮੀ ਵਿਚਕਾਰ ਅੰਤਰ ਨੂੰ ਵੀ ਉਜਾਗਰ ਕੀਤਾ। ਕਿਸ਼ੋਰ ਕੁੜੀਆਂ 'ਚ ਅਨੀਮੀਆ ਦੀ ਦਰ 46.3 ਫ਼ੀਸਦੀ ਸੀ, ਜਦਕਿ 65.4 ਫ਼ੀਸਦੀ 'ਚ ਵਿਟਾਮਿਨ B12 ਦੀ ਕਮੀ ਮਿਲੀ। ਸੰਸਥਾਨ ਅਨੁਸਾਰ, ਇਹ ਅੰਕੜੇ ਦੇਸ਼ 'ਚ ਪੋਸ਼ਣ ਸਬੰਧੀ ਕਮੀਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਟੀਚਾਬੱਧ ਸਿਹਤ ਯੋਜਨਾਵਾਂ ਬਣਾਉਣ 'ਚ ਮਦਦਗਾਰ ਸਾਬਤ ਹੋਣਗੇ।
Publish Date: Sat, 28 Nov 2026 08:52 AM (IST)
Updated Date: Sat, 28 Nov 2026 08:54 AM (IST)
ਪੀਟੀਆਈ, ਨਵੀਂ ਦਿੱਲੀ : ਭਾਰਤੀ ਕਿਸ਼ੋਰਾਂ 'ਚ ਵਿਟਾਮਿਨ B12 ਦੀ ਕਮੀ ਪੋਸ਼ਣ ਨਾਲ ਜੁੜੀ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ICMR) ਦੇ ਰਾਸ਼ਟਰੀ ਪੋਸ਼ਣ ਸੰਸਥਾਨ (NIN) ਦੇ ਇਕ ਸਰਵੇਖਣ ਅਨੁਸਾਰ, ਦੇਸ਼ ਦੇ ਕਰੀਬ ਦੋ-ਤਿਹਾਈ ਕਿਸ਼ੋਰਾਂ 'ਚ ਇਸ ਮਹੱਤਵਪੂਰਨ ਵਿਟਾਮਿਨ ਦੀ ਕਮੀ ਪਾਈ ਗਈ ਹੈ। ਮੁੰਡਿਆਂ 'ਚ ਇਸ ਦੀ ਸਮੱਸਿਆ ਕੁੜੀਆਂ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ।
ICMR-NIN ਦੇ ਸਰਵੇਖਣ ਅਨੁਸਾਰ, 10 ਤੋਂ 19 ਸਾਲ ਦੀ ਉਮਰ ਦੇ 66.1 ਫ਼ੀਸਦੀ ਮੁੰਡਿਆਂ ਅਤੇ 65.4 ਫ਼ੀਸਦੀ ਕੁੜੀਆਂ 'ਚ ਵਿਟਾਮਿਨ B12 ਦਾ ਪੱਧਰ ਨਿਰਧਾਰਤ ਮਾਪਦੰਡ ਤੋਂ ਘੱਟ ਪਾਇਆ ਗਿਆ।
ਸਰਵੇਖਣ 'ਚ 203 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਘੱਟ ਸੀਰਮ ਵਿਟਾਮਿਨ B12 ਦੇ ਪੱਧਰ ਨੂੰ ਇਸ ਦੀ ਕਮੀ ਮੰਨਿਆ ਗਿਆ ਹੈ। ਇਹ ਨਤੀਜੇ 2023 ਤੋਂ 2025 ਦੌਰਾਨ ਕੀਤੇ ਗਏ ਸੰਪਦਾ ਸਰਵੇਖਣ ਦਾ ਹਿੱਸਾ ਹਨ। ਇਸ ਦਾ ਉਦੇਸ਼ ਦੇਸ਼ 'ਚ ਅਨੀਮੀਆ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਦਾ ਮੁਲਾਂਕਣ ਕਰਨਾ ਸੀ।
ਸਰਵੇਖਣ 'ਚ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 183 ਜ਼ਿਲ੍ਹਿਆਂ ਦੇ ਦੋ ਲੱਖ ਤੋਂ ਵੱਧ ਲੋਕਾਂ ਅਤੇ 81 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ 1.7 ਲੱਖ ਤੋਂ ਵੱਧ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਸਰਵੇਖਣ ਅਨੁਸਾਰ, ਕਿਸ਼ੋਰ ਕੁੜੀਆਂ 'ਚੋਂ 36.3 ਫ਼ੀਸਦੀ 'ਚ ਆਇਰਨ ਅਤੇ 8.6 ਫ਼ੀਸਦੀ 'ਚ ਫੋਲੇਟ ਦੀ ਕਮੀ ਸੀ। ਉੱਥੇ ਹੀ ਕਿਸ਼ੋਰ ਮੁੰਡਿਆਂ 'ਚ ਆਇਰਨ ਦੀ ਕਮੀ 10 ਫ਼ੀਸਦੀ ਅਤੇ ਫੋਲੇਟ ਦੀ ਕਮੀ 6.3 ਫ਼ੀਸਦੀ ਦਰਜ ਕੀਤੀ ਗਈ।
ਇਹ ਸਮੱਸਿਆ ਸਿਰਫ਼ ਕਿਸ਼ੋਰਾਂ ਤੱਕ ਸੀਮਤ ਨਹੀਂ ਹੈ। 20 ਤੋਂ 59 ਸਾਲ ਦੀ ਉਮਰ ਦੇ 60.4 ਫ਼ੀਸਦੀ ਪੁਰਸ਼ਾਂ ਅਤੇ 55.2 ਫ਼ੀਸਦੀ ਗੈਰ-ਗਰਭਵਤੀ ਅਤੇ ਗੈਰ-ਦੁੱਧ ਪਿਲਾਉਣ ਵਾਲੀਆਂ ਔਰਤਾਂ 'ਚ ਵੀ ਵਿਟਾਮਿਨ B12 ਦੀ ਕਮੀ ਮਿਲੀ।
ਗਰਭਵਤੀ ਔਰਤਾਂ 'ਚ ਇਹ ਅੰਕੜਾ 63.1 ਫ਼ੀਸਦੀ ਰਿਹਾ। ਬੱਚਿਆਂ 'ਚ ਵੀ ਇਸ ਦੀ ਕਮੀ ਦੇਖੀ ਗਈ। ਪੰਜ ਤੋਂ ਨੌਂ ਸਾਲ ਦੀ ਉਮਰ ਦੇ 46.5 ਫ਼ੀਸਦੀ ਬੱਚਿਆਂ ਅਤੇ 12 ਤੋਂ 59 ਮਹੀਨਿਆਂ ਦੇ 37.3 ਫ਼ੀਸਦੀ ਬੱਚਿਆਂ 'ਚ ਵਿਟਾਮਿਨ B12 ਦਾ ਪੱਧਰ ਘੱਟ ਪਾਇਆ ਗਿਆ।
ਸਰਵੇਖਣ ਨੇ ਅਨੀਮੀਆ ਅਤੇ ਵਿਟਾਮਿਨ B12 ਦੀ ਕਮੀ ਵਿਚਕਾਰ ਅੰਤਰ ਨੂੰ ਵੀ ਉਜਾਗਰ ਕੀਤਾ। ਕਿਸ਼ੋਰ ਕੁੜੀਆਂ 'ਚ ਅਨੀਮੀਆ ਦੀ ਦਰ 46.3 ਫ਼ੀਸਦੀ ਸੀ, ਜਦਕਿ 65.4 ਫ਼ੀਸਦੀ 'ਚ ਵਿਟਾਮਿਨ B12 ਦੀ ਕਮੀ ਮਿਲੀ। ਸੰਸਥਾਨ ਅਨੁਸਾਰ, ਇਹ ਅੰਕੜੇ ਦੇਸ਼ 'ਚ ਪੋਸ਼ਣ ਸਬੰਧੀ ਕਮੀਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਟੀਚਾਬੱਧ ਸਿਹਤ ਯੋਜਨਾਵਾਂ ਬਣਾਉਣ 'ਚ ਮਦਦਗਾਰ ਸਾਬਤ ਹੋਣਗੇ।