ਮੁੰਬਈ 'ਚ ਕੁਦਰਤ ਦਾ ਕਹਿਰ: ਭਾਰੀ ਬਾਰਿਸ਼ ਨਾਲ ਰੁਕੀ ਮਾਇਾਨਗਰੀ ਦੀ ਰਫ਼ਤਾਰ, ਹੇਠਲੇ ਇਲਾਕੇ ਬਣੇ ਤਾਲਾਬ
ਦੇਰ ਨਾਲ ਆਏ ਮੌਨਸੂਨ ਨੇ ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਪਾਣੀ-ਪਾਣੀ ਕਰ ਦਿੱਤਾ। ਮੰਗਲਵਾਰ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਨੇ ਬੁੱਧਵਾਰ ਨੂੰ ਮੁੰਬਈ ਤੇ ਉਸ ਦੇ ਉਪ ਨਗਰਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ। ਆਮ ਰੂਪ ਨਾਲ ਚਹਿਲ-ਪਹਿਲ ਭਰੀ ਜ਼ਿੰਦਗੀ ਲੀਹੋਂ ਲੱਥ ਗਈ, ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਭਿਆਨਕ ਸੋਕਾ ਸਹਿਣ ਕਰ ਰਹੇ ਮਰਾਠਵਾੜਾ ’ਚ ਵੀ ਮੰਗਲਵਾਰ ਤੋਂ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਪਿਆਜ ਮੰਡੀ ਦੇ ਰੂਪ ’ਚ ਮਸ਼ਹੂਰ ਨਾਸਿਕ ਦੇ ਲਾਸਲਗਾਓਂ ਤੋਂ ਲੈ ਕੇ ਕਪਾਹ ਉਤਪਾਦਕ ਖੇਤਰ ਬੁਲਢਾਣਾ ਅਤੇ ਜਾਲਣਾ ’ਚ ਹੋਈ ਚੰਗੀ ਬਾਰਿਸ਼ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ।
Publish Date: Thu, 25 Jun 2026 10:31 AM (IST)
Updated Date: Thu, 25 Jun 2026 10:33 AM (IST)

ਸਟੇਟ ਬਿਊਰੋ, ਮੁੰਬਈ : ਦੇਰ ਨਾਲ ਆਏ ਮੌਨਸੂਨ ਨੇ ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਪਾਣੀ-ਪਾਣੀ ਕਰ ਦਿੱਤਾ। ਮੰਗਲਵਾਰ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਨੇ ਬੁੱਧਵਾਰ ਨੂੰ ਮੁੰਬਈ ਤੇ ਉਸ ਦੇ ਉਪ ਨਗਰਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ। ਆਮ ਰੂਪ ਨਾਲ ਚਹਿਲ-ਪਹਿਲ ਭਰੀ ਜ਼ਿੰਦਗੀ ਲੀਹੋਂ ਲੱਥ ਗਈ, ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਭਿਆਨਕ ਸੋਕਾ ਸਹਿਣ ਕਰ ਰਹੇ ਮਰਾਠਵਾੜਾ ’ਚ ਵੀ ਮੰਗਲਵਾਰ ਤੋਂ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਪਿਆਜ ਮੰਡੀ ਦੇ ਰੂਪ ’ਚ ਮਸ਼ਹੂਰ ਨਾਸਿਕ ਦੇ ਲਾਸਲਗਾਓਂ ਤੋਂ ਲੈ ਕੇ ਕਪਾਹ ਉਤਪਾਦਕ ਖੇਤਰ ਬੁਲਢਾਣਾ ਅਤੇ ਜਾਲਣਾ ’ਚ ਹੋਈ ਚੰਗੀ ਬਾਰਿਸ਼ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ।
ਖੇਤਰੀ ਮੌਸਮ ਵਿਗਿਆਨ ਕੇਂਦਰ ਤੇ ਬ੍ਰਿਨਮੁੰਈ ਨਗਰ ਨਿਗਮ (ਬੀਐੱਮਸੀ) ਤੋਂ ਮਿਲੀ ਜਾਣਕਾਰੀ ਮੁਤਾਬਕ, ਮੁੰਬਈ ਦੇ ਕੁਝ ਹਿੱਸਿਆਂ ’ਚ 24 ਘੰਟੇ ਦੇ ਸਮੇਂ ’ਚ 200 ਤੋਂ 300 ਮਿ.ਮੀ. ਬਾਰਿਸ਼ ਹੋਈ ਹੈ। ਮੁੰਬਈ ਮਹਾਨਗਰ ਖੇਤਰ (ਐੱਮਐੱਮਆਰ) ਦੇ ਗੁਆਂਢੀ ਜ਼ਿਲਿ੍ਹਆਂ ਠਾਣੇ, ਪਾਲਘਰ ਤੇ ਰਾਇਗੜ੍ਹ ’ਚ ਵੀ ਭਾਰੀ ਬਾਰਿਸ਼ ਹੋਈ। ਬੀਐੱਮਸੀ ਮੁਤਾਬਕ, ਪਰੇਲ ’ਚ 334 ਮਿ.ਮੀ., ਮਾਲਵਣੀ ’ਚ 340 ਮਿ.ਮੀ., ਕੋਲਾਬਾ ’ਚ 248 ਮਿ.ਮੀ. ਤੇ ਸਾਂਤਾਕਰੂਜ ’ਚ 225 ਮਿ.ਮੀ. ਬਾਰਿਸ਼ ਦਰਜ ਕੀਤੀ ਗਈ। ਮੁੰਬਈ ਦੀ ਮੇਅਰ ਰਿਤੂ ਤਾਵੜੇ ਦੇ ਸਾਹਮਣੇ ਸ਼ਰਮਨਾਕ ਸਥਿਤੀ ਤਦ ਪੈਦਾ ਹੋ ਗਈ, ਜਦ ਉਹ ਕਿੰਗਜ਼ ਸਰਕਲ ’ਚ ਪਾਣੀ ਨਾਲ ਭਰੇ ਗਾਂਧੀ ਬਾਜ਼ਾਰ ਦਾ ਨਿਰੀਖਣ ਕਰ ਰਹੀ ਸੀ। ਉਨ੍ਹਾਂ ਦੇ ਸਾਹਮਣੇ ਹੀ ਬੀਐੱਮਸੀ ਦਾ ਇਕ ਮੁਲਾਜ਼ਮ ਖੁੱਲ੍ਹੇ ਮੈਨਹੋਲ ’ਚ ਡਿੱਗ ਗਿਆ। ਹਾਲਾਂਕਿ, ਉਸ ਮੁਲਾਜ਼ਮ ਨੂੰ ਤੁਰੰਤ ਬਚਾ ਲਿਆ ਗਿਆ। ਇਸ ਸ਼ਰਮਨਾਕ ਘਟਨਾ ਦੇ ਕਾਰਨ ਮੇਅਰ ਨੇ ਘਟਨਾ ਵਾਲੀ ਥਾਂ ’ਤੇ ਮੌਜੂਦ ਅਧਿਕਾਰੀਆਂ ਦੇ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਇਸ ਘਟਨਾ ਦੇ ਕਾਰਨ ਮਹਾਰਾਸ਼ਟਰ ਸਰਕਾਰ ਤੇ ਬੀਐੱਮਸੀ ਦੀ ਸਖ਼ਤ ਨਿੰਦਾ ਹੋ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਵਰਸ਼ਾ ਗਾਇਕਵਾੜ ਨੇ ਆਪਣੇ ਐਕਸ ਅਕਾਊਂਟ ’ਤੇ ਘਟਨਾ ਦਾ ਵੀਡੀਓ ਸਾਂਝਾ ਕੀਤਾ ਤੇ ਮੇਅਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਵਿਅਕਤੀ ਆਪਣੇ ਨਕਾਰਾਪਣ ਤੇ ਭ੍ਰਿਸ਼ਟਾਚਾਰ ਦੇ ਟੋਏ ’ਚ ਡਿੱਗ ਗਿਆ। ਇਹ ਕੋਈ ਹਾਦਸਾ ਨਹੀਂ ਹੈ, ਤੁਹਾਡਾ ਭ੍ਰਿਸ਼ਟਾਚਾਰ ਰੰਗੇ ਹੱਥੀਂ ਫੜਿਆ ਗਿਆ ਹੈ। ਪਰ ਮੇਅਰ ਤਾਵੜੇ ਦਾ ਕਹਿਣਾ ਹੈ ਕਿ ਅੰਧੇਰੀ ਸਬਵੇ ਨੂੰ ਛੱਡ ਕੇ ਪੂਰੇ ਮਹਾਨਗਰ ’ਚ ਸਥਿਤੀ ਠੀਕ ਹੈ। ਕਿਤੇ ਵੀ ਪਾਣੀ ਨਹੀਂ ਭਰਿਆ। ਜਿੱਥੇ ਵੀ ਪਾਣੀ ਹੈ, ਬੀਐੱਮਸੀ ਪ੍ਰਸ਼ਾਸਨ ਤੇ ਜਨ ਨੁਮਾਇੰਦੇ ਉਸ ਨੂੰ ਕੱਢਣ ਲਈ ਕੰਮ ਕਰ ਰਹੇ ਹਨ।
ਨਗਰਪਾਲਿਕਾ ਕਮਿਸ਼ਨਰ ਅਸ਼ਵਿਨੀ ਭਿੜੇ ਨੇ ਲੋਕਾਂ ਨੂੰ ਮੌਸਮ ਸਬੰਧੀ ਸਲਾਹਾਂ ਦੀ ਪਾਲਣਾ ਕਰਨ ਤੇ ਹੰਗਾਮੀ ਸਥਿਤੀ ’ਚ ਨਾਗਰਿਕ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਭਿੜੇ ਨੇ ਕਿਹਾ ਕਿ ਮੁੰਬਈ ’ਚ ਭਾਰੀ ਬਾਰਿਸ਼ ਦੌਰਾਨ ਵੀ ਨਗਰ ਨਿਗਮ ਦੀਆਂ ਵਿਵਸਥਾਵਾਂ ਤਿਆਰ ਰਹੀਆਂ ਹਨ ਤੇ ਹੇਠਲੇ ਇਲਾਕਿਆਂ ਤੋਂ ਪਾਣੀ ਤੇਜ਼ੀ ਨਾਲ ਨਿਕਲ ਜਾਂਦਾ ਹੈ। ਪਿਛਲੇ ਕੁਝ ਘੰਟਿਆਂ ’ਚ ਮੁੰਬਈ ਸ਼ਹਿਰ ਤੇ ਉਪਨਗਰਾਂ ’ਚ 300 ਮਿ.ਮੀ. ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਬੀਐੱਮਸੀ ਦੀ ਹੰਗਾਮੀ ਪ੍ਰਣਾਲੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ। ਸੱਤ ਹਜ਼ਾਰ ਤੋਂ ਵੱਧ ਅਧਿਕਾਰੀ ਤੇ ਮੁਲਾਜ਼ਮ ਵੱਖ-ਵੱਖ ਸਥਾਨਾਂ ’ਤੇ ਤਾਇਨਾਤ ਹਨ।
ਅਰੁਣਾਚਲ ’ਚ ਭਾਰੀ ਬਾਰਿਸ਼ ਤੇ ਹੜ੍ਹ, ਇਕ ਦੀ ਮੌਤ
ਪੀਟੀਆਈ ਮੁਤਾਬਕ, ਅਰੁਣਾਚਲ ਪ੍ਰਦੇਸ਼ ਦੇ ਕੇਈ ਪੈਨਯੋਰ ਜ਼ਿਲ੍ਹੇ ’ਚ ਲਗਾਤਾਰ ਬਾਰਿਸ਼ ਕਾਰਨ ਬੁੱਧਵਾਰ ਨੂੰ ਹੜ੍ਹ ਆ ਗਿਆ, ਜਿਸ ਨਾਲ ਵਿਵੇਕਾਨੰਦ ਕੇਂਦਰੀ ਸਕੂਲ ਦੀ ਅਧਿਆਪਕ ਨਿਰਮਲਾ ਗੁਪਤਾ ਦੀ ਮੌਤ ਹੋ ਗਈ। ਚਾਰ ਲੋਕ ਲਾਪਤਾ ਹੋ ਗਏ ਤੇ 17 ਹੋਰ ਜ਼ਖ਼ਮੀ ਹੋ ਗਏ। ਹੇਠਲੇ ਇਲਾਕਿਆਂ ’ਚ ਪਾਣੀ ਭਰਨ ਨਾਲ ਘੱਟੋ-ਘੱਟ 18 ਮਕਾਨ ਨੁਕਸਾਨੇ ਗਏ। ਜ਼ਮੀਨ ਖਿਸਕਣ ਕਾਰਨ ਸੜਕ ਸੰਪਰਕ ਟੁੱਟ ਗਿਆ ਜਿਸ ਕਾਰਨ ਕਈ ਯਾਤਰੀ ਫਸੇ ਹੋਏ ਹਨ। ਲਾਪਤਾ ਲੋਕਾਂ ਦੀ ਪਛਾਣ ਏਲੇਸ਼ ਮਾਰਕ, ਬਲਾਰੀ ਮਾਰਕ, ਤਾਓ ਅੰਜੀਨਾ ਤੇ ਸੌਰਵ ਕੁਮਾਰ ਦੇ ਰੂਪ ’ਚ ਕੀਤੀ ਗਈ ਹੈ। ਬਚਾਅ ਮੁਲਾਜ਼ਮਾਂ ਨੇ ਜਿਓਲਾਜੀਕਲ ਸਰਵੇ ਆਫ ਇੰਡੀਆ ਦੇ ਇਕ ਵਿਗਿਆਨੀ ਨੂੰ ਰਾਸ਼ਟਰੀ ਰਾਜਮਾਰਗ 13 ਤੋਂ ਬਚਾਅ ਲਿਆ।