ਪੁਤਿਨ ਨਾਲ ਚੀਨ 'ਚ ਨਜ਼ਰ ਆਇਆ ਰਹੱਸਮਈ 'ਨਿਊਕਲੀਅਰ ਬ੍ਰੀਫਕੇਸ', ਕੀ ਇਸ 'ਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ? ਜਾਣੋ ਕਿਵੇਂ ਕਰਦਾ ਹੈ ਕੰਮ
ਨਿਊਕਲੀਅਰ ਬ੍ਰੀਫਕੇਸ ਇਕ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ ਗਿਆ ਬ੍ਰੀਫਕੇਸ ਹੁੰਦਾ ਹੈ, ਜੋ ਫ਼ੌਜੀ ਕਮਾਂਡ ਸਿਸਟਮ ਨਾਲ ਜੁੜਿਆ ਹੁੰਦਾ ਹੈ। ਇਸ ਰਾਹੀਂ ਕੋਈ ਵੀ ਆਗੂ ਪਰਮਾਣੂ ਹਮਲੇ ਦਾ ਹੁਕਮ ਦੇ ਸਕਦਾ ਹੈ। ਸਿਧਾਂਤਕ ਤੌਰ 'ਤੇ ਪਰਮਾਣੂ ਹਮਲਾ ਉਸ ਸਮੇਂ ਵੀ ਕੀਤਾ ਜਾ ਸਕਦਾ ਹੈ, ਜਦੋਂ ਰਾਸ਼ਟਰਪਤੀ ਜਹਾਜ਼ 'ਚ ਹੋਣ, ਕਿਸੇ ਸਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹੋਣ ਜਾਂ ਹੋਟਲ 'ਚ ਸੌਂ ਰਹੇ ਹੋਣ।
Publish Date: Fri, 20 Nov 2026 03:24 PM (IST)
Updated Date: Fri, 20 Nov 2026 03:27 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਏਸ਼ੀਆ-ਪੈਸੀਫਿਕ ਆਰਥਿਕ ਸਹਿਯੋਗ (APEC) ਸਿਖਰ ਸੰਮੇਲਨ ਦੀ ਬੈਠਕ ਵੀਰਵਾਰ, 19 ਨਵੰਬਰ ਨੂੰ ਹੋਈ। ਇਸ ਬੈਠਕ 'ਚ ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਅਮਰੀਕਾ, ਰੂਸ ਅਤੇ ਚੀਨ ਦੇ ਰਾਸ਼ਟਰਪਤੀ ਇਕੱਠੇ ਇਕ ਮੇਜ਼ 'ਤੇ ਬੈਠੇ। ਇਸ ਗੱਲਬਾਤ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਬੈਠਕ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਕੱਠੇ ਮੌਜੂਦ ਰਹੇ। ਇਨ੍ਹਾਂ ਤਿੰਨਾਂ ਆਗੂਆਂ ਨੇ ਰੂਸ-ਯੂਕਰੇਨ ਜੰਗ ਤੋਂ ਲੈ ਕੇ ਮੱਧ ਪੂਰਬ 'ਚ ਛਿੜੀ ਜੰਗ ਅਤੇ ਈਰਾਨ ਦੀ ਪਰਮਾਣੂ ਤਾਕਤ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਸਿਖਰ ਸੰਮੇਲਨ ਦੌਰਾਨ ਇਕ ਹੋਰ ਚੀਜ਼ ਲੋਕਾਂ ਦੀ ਨਜ਼ਰ 'ਚ ਆਈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਰੂਸੀ ਫ਼ੌਜੀ ਵਰਦੀ ਪਹਿਨੇ ਇਕ ਵਿਅਕਤੀ ਨੂੰ ਰਹੱਸਮਈ ਕਾਲਾ ਬ੍ਰੀਫਕੇਸ ਲਿਜਾਂਦੇ ਦੇਖਿਆ ਗਿਆ।
ਰਹੱਸਮਈ ਕਾਲੇ ਬ੍ਰੀਫਕੇਸ ਦਾ ਕੀ ਹੈ ਰਾਜ਼?
ਰੂਸੀ ਸਰਕਾਰੀ ਟੈਲੀਵਿਜ਼ਨ ਦੇ ਕੈਮਰੇ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਚੱਲ ਰਹੇ ਇਕ ਜਲ ਸੈਨਾ ਦੇ ਅਧਿਕਾਰੀ 'ਤੇ ਜ਼ੂਮ ਕੀਤਾ। ਇਸ ਦੌਰਾਨ ਰਿਪੋਰਟਰ ਯੇਵਗੇਨੀ ਪੋਪੋਵ ਨੇ ਬ੍ਰੀਫਕੇਸ ਵੱਲ ਇਸ਼ਾਰਾ ਕਰਦਿਆਂ ਦਰਸ਼ਕਾਂ ਨੂੰ ਦੱਸਿਆ, 'ਇਹ ਨਿਊਕਲੀਅਰ ਬ੍ਰੀਫਕੇਸ ਹੈ।' ਟੈਲੀਵਿਜ਼ਨ ਸ਼ੋਅ 'ਚ ਮੌਜੂਦ ਅਧਿਕਾਰੀ ਨੇ ਵੀ ਰਿਪੋਰਟਰ ਦੀ ਗੱਲ ਦੀ ਪੁਸ਼ਟੀ ਕੀਤੀ। ਅਧਿਕਾਰੀ ਨੇ ਮੁਸਕਰਾਉਂਦਿਆਂ ਦੱਸਿਆ ਕਿ ਇਹ ਉਹੀ ਬੈਗ ਹੈ, ਜਿਸ ਰਾਹੀਂ ਰੂਸੀ ਰਾਸ਼ਟਰਪਤੀ ਆਪਣੇ ਦੇਸ਼ ਦੇ ਪਰਮਾਣੂ ਹਥਿਆਰਾਂ ਤੱਕ ਸਿੱਧੀ ਪਹੁੰਚ ਹਾਸਲ ਕਰ ਸਕਦੇ ਹਨ। ਇਸ ਨੂੰ 'ਚੇਗੇਟ (Cheget)' ਕਿਹਾ ਜਾਂਦਾ ਹੈ।
ਅਮਰੀਕੀ ਰਾਸ਼ਟਰਪਤੀ ਕੋਲ ਵੀ ਅਜਿਹਾ ਹੀ ਇਕ ਬੈਗ ਹੁੰਦਾ ਹੈ, ਜਿਸ ਨੂੰ 'ਨਿਊਕਲੀਅਰ ਫੁੱਟਬਾਲ (Nuclear Football)' ਕਿਹਾ ਜਾਂਦਾ ਹੈ। ਇਹ ਹਮੇਸ਼ਾ ਰਾਸ਼ਟਰਪਤੀ ਦੇ ਨਾਲ ਰਹਿੰਦਾ ਹੈ। ਹਾਲਾਂਕਿ, ਸ਼ੇਨਜ਼ੇਨ 'ਚ ਹੋ ਰਹੇ ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਨਾਲ ਅਜੇ ਤੱਕ ਅਜਿਹਾ ਕੋਈ ਬੈਗ ਨਜ਼ਰ ਨਹੀਂ ਆਇਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੇ ਨਾਲ ਅਜਿਹਾ ਕੋਈ ਬ੍ਰੀਫਕੇਸ ਰੱਖਦੇ ਹਨ ਜਾਂ ਨਹੀਂ, ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਕੀ ਕਾਲਾ ਬ੍ਰੀਫਕੇਸ ਪਰਮਾਣੂ ਬੰਬ ਦਾ ਰਿਮੋਟ ਕੰਟਰੋਲ ਹੈ?
ਰੂਸ ਦੇ ਰਾਸ਼ਟਰਪਤੀ ਦੇ ਨਾਲ ਨਜ਼ਰ ਆਇਆ ਇਹ ਬ੍ਰੀਫਕੇਸ ਸਿਰਫ਼ ਆਪਣੀ ਤਾਕਤ ਦਿਖਾਉਣ ਦਾ ਇਕ ਤਰੀਕਾ ਹੈ ਜਾਂ ਸੱਚਮੁੱਚ ਇਸ ਰਾਹੀਂ ਆਗੂ ਕਿਸੇ ਵੀ ਸਮੇਂ ਪਰਮਾਣੂ ਹਮਲੇ ਦਾ ਹੁਕਮ ਦੇ ਸਕਦੇ ਹਨ? ਆਓ ਜਾਣਦੇ ਹਾਂ ਇਸ ਕਾਲੇ ਬ੍ਰੀਫਕੇਸ ਦੀ ਪੂਰੀ ਕਹਾਣੀ। ਨਿਊਕਲੀਅਰ ਬ੍ਰੀਫਕੇਸ ਇਕ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ ਗਿਆ ਬ੍ਰੀਫਕੇਸ ਹੁੰਦਾ ਹੈ, ਜੋ ਫ਼ੌਜੀ ਕਮਾਂਡ ਸਿਸਟਮ ਨਾਲ ਜੁੜਿਆ ਹੁੰਦਾ ਹੈ। ਇਸ ਰਾਹੀਂ ਕੋਈ ਵੀ ਆਗੂ ਪਰਮਾਣੂ ਹਮਲੇ ਦਾ ਹੁਕਮ ਦੇ ਸਕਦਾ ਹੈ। ਸਿਧਾਂਤਕ ਤੌਰ 'ਤੇ ਪਰਮਾਣੂ ਹਮਲਾ ਉਸ ਸਮੇਂ ਵੀ ਕੀਤਾ ਜਾ ਸਕਦਾ ਹੈ, ਜਦੋਂ ਰਾਸ਼ਟਰਪਤੀ ਜਹਾਜ਼ 'ਚ ਹੋਣ, ਕਿਸੇ ਸਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹੋਣ ਜਾਂ ਹੋਟਲ 'ਚ ਸੌਂ ਰਹੇ ਹੋਣ।
ਇਨ੍ਹਾਂ ਪਰਮਾਣੂ ਬ੍ਰੀਫਕੇਸ ਦੀ ਮਦਦ ਨਾਲ ਆਗੂ ਦੁਨੀਆ 'ਚ ਕਿਤੇ ਵੀ ਹੋਣ, ਹਮਲਾ ਕਰਨ ਜਾਂ ਜਵਾਬੀ ਹਮਲਾ ਕਰਨ ਦਾ ਹੁਕਮ ਦੇ ਸਕਦੇ ਹਨ। ਇਹ 'ਡਿਟਰੈਂਸ' ਯਾਨੀ ਦੁਸ਼ਮਣ ਨੂੰ ਹਮਲਾ ਕਰਨ ਤੋਂ ਰੋਕਣ ਦੀ ਰਣਨੀਤੀ ਦੇ ਲਿਹਾਜ਼ ਨਾਲ ਅਹਿਮ ਹਨ। ਜੇਕਰ ਦੁਸ਼ਮਣ ਨੂੰ ਲੱਗੇ ਕਿ ਦੂਜਾ ਪੱਖ ਜਵਾਬੀ ਹਮਲਾ ਕਰ ਸਕਦਾ ਹੈ, ਤਾਂ ਉਹ ਹਮਲਾ ਕਰਨ ਦਾ ਵਿਚਾਰ ਛੱਡ ਸਕਦਾ ਹੈ।
ਕਿਉਂ ਬਣਾਏ ਗਏ ਇਹ ਨਿਊਕਲੀਅਰ ਬ੍ਰੀਫਕੇਸ?
ਅਮਰੀਕਾ ਅਤੇ ਰੂਸ (ਉਸ ਸਮੇਂ ਦੇ ਸੋਵੀਅਤ ਸੰਘ) ਦੇ ਇਹ ਸਿਸਟਮ 'ਸ਼ੀਤ ਯੁੱਧ' (Cold War) ਦੌਰਾਨ ਬਣਾਏ ਗਏ ਸਨ। ਉਸ ਸਮੇਂ ਦੋਵਾਂ ਮਹਾਸ਼ਕਤੀਆਂ ਦੇ ਆਗੂਆਂ ਸਾਹਮਣੇ ਅਜਿਹੀ ਸਥਿਤੀ ਆ ਸਕਦੀ ਸੀ, ਜਦੋਂ ਉਨ੍ਹਾਂ ਨੂੰ ਬਹੁਤ ਘੱਟ ਸਮੇਂ ਦੀ ਚਿਤਾਵਨੀ ਮਿਲਣ 'ਤੇ ਪਰਮਾਣੂ ਹਮਲੇ ਦਾ ਫ਼ੈਸਲਾ ਲੈਣਾ ਪੈ ਸਕਦਾ ਸੀ। ਹਾਲਾਂਕਿ, ਲਾਲ ਬਟਨ 'ਤੇ ਉਂਗਲ ਰੱਖਣ ਵਾਲੀ ਤਸਵੀਰ ਅਸਲ 'ਚ ਇੰਨੀ ਸੱਚਾਈ ਨਹੀਂ ਦਰਸਾਉਂਦੀ। ਕਿਸੇ ਆਗੂ ਦੇ ਹੁਕਮ ਨੂੰ ਲਾਗੂ ਕਰਨ ਲਈ ਫ਼ੌਜੀ ਕਰਮਚਾਰੀਆਂ ਅਤੇ ਇਕ ਬਹੁਤ ਵੱਡੇ ਸੰਚਾਰ ਨੈੱਟਵਰਕ ਦੀ ਲੋੜ ਹੁੰਦੀ ਹੈ। ਹਾਲਾਂਕਿ, ਆਖ਼ਰੀ ਫ਼ੈਸਲਾ ਰਾਸ਼ਟਰਪਤੀ ਦਾ ਹੀ ਹੁੰਦਾ ਹੈ। ਪਰਮਾਣੂ ਬੰਬ ਦੀ ਵਰਤੋਂ ਕਰਨਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਇਸ ਦਾ ਅਸਰ ਇਕ ਵੱਡੇ ਖੇਤਰ 'ਤੇ ਪੈਂਦਾ ਹੈ ਅਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੇ ਨੁਕਸਾਨ ਦਾ ਸ਼ਿਕਾਰ ਹੋ ਸਕਦੀਆਂ ਹਨ।
ਕਿਹੜੇ-ਕਿਹੜੇ ਦੇਸ਼ਾਂ ਕੋਲ ਹਨ ਪਰਮਾਣੂ ਬ੍ਰੀਫਕੇਸ?
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਅਨੁਸਾਰ, ਦੁਨੀਆ 'ਚ 9 ਅਜਿਹੇ ਦੇਸ਼ ਹਨ, ਜਿਨ੍ਹਾਂ ਕੋਲ ਪਰਮਾਣੂ ਹਥਿਆਰ ਹਨ। ਇਨ੍ਹਾਂ 'ਚੋਂ ਅਮਰੀਕਾ ਅਤੇ ਰੂਸ ਦੇ ਪਰਮਾਣੂ ਬ੍ਰੀਫਕੇਸ ਬਾਰੇ ਸਭ ਤੋਂ ਵੱਧ ਜਾਣਕਾਰੀ ਉਪਲਬਧ ਹੈ। ਇਸ ਤੋਂ ਇਲਾਵਾ ਭਾਰਤ, ਫਰਾਂਸ ਅਤੇ ਯੂਨਾਈਟਿਡ ਕਿੰਗਡਮ ਕੋਲ ਵੀ ਪਰਮਾਣੂ ਹਥਿਆਰ ਹਨ।
ਹਾਲਾਂਕਿ, ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਤਾਂ ਦੱਸਿਆ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਕੌਣ ਦੇ ਸਕਦਾ ਹੈ, ਪਰ ਉਨ੍ਹਾਂ ਦੇ ਆਗੂਆਂ ਦੇ ਨਾਲ ਕਿਹੜਾ ਉਪਕਰਨ ਰਹਿੰਦਾ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਭਾਰਤ (India) : ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸਿਰਫ਼ 'ਨਿਊਕਲੀਅਰ ਕਮਾਂਡ ਅਥਾਰਟੀ' ਦੀ 'ਪੋਲੀਟੀਕਲ ਕੌਂਸਲ' ਹੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਦੇ ਸਕਦੀ ਹੈ। ਇਸ ਕੌਂਸਲ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦੇ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਨਾਲ ਕੋਈ ਵਿਸ਼ੇਸ਼ ਉਪਕਰਨ ਰਹਿੰਦਾ ਹੈ ਜਾਂ ਨਹੀਂ।
ਚੀਨ (China) : ਚੀਨ ਦੀ ਨੀਤੀ 'ਪਹਿਲਾਂ ਵਰਤੋਂ ਨਾ ਕਰਨ' (No First Use) ਦੀ ਹੈ। ਇਸ ਦਾ ਮਤਲਬ ਹੈ ਕਿ ਬੀਜਿੰਗ ਅਨੁਸਾਰ, ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਉਦੋਂ ਹੀ ਕਰੇਗਾ, ਜਦੋਂ ਕੋਈ ਦੂਜਾ ਦੇਸ਼ ਉਸ 'ਤੇ ਪਰਮਾਣੂ ਹਮਲਾ ਕਰੇਗਾ। ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਨਾਲ ਕੋਈ ਵਿਸ਼ੇਸ਼ ਪਰਮਾਣੂ ਬ੍ਰੀਫਕੇਸ ਲੈ ਕੇ ਚੱਲਦੇ ਹਨ ਜਾਂ ਨਹੀਂ।
ਫਰਾਂਸ (France) : ਫਰਾਂਸ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੁੰਦਾ ਹੈ। ਫਰਾਂਸੀਸੀ ਅਖ਼ਬਾਰ 'ਲੇ ਮੋਂਦੇ' ਦੀ ਰਿਪੋਰਟ ਅਨੁਸਾਰ, 2012 'ਚ ਜਦੋਂ ਨਿਕੋਲਸ ਸਰਕੋਜ਼ੀ ਨੇ ਆਪਣਾ ਅਹੁਦਾ ਛੱਡਿਆ ਸੀ, ਤਾਂ ਉਨ੍ਹਾਂ ਨੇ ਪਰਮਾਣੂ ਕੋਡ ਫਰਾਂਸਵਾ ਓਲਾਂਦ ਨੂੰ ਸੌਂਪ ਦਿੱਤੇ ਸਨ।
ਯੂਨਾਈਟਿਡ ਕਿੰਗਡਮ (United Kingdom) : 'ਹਾਊਸ ਆਫ਼ ਕਾਮਨਜ਼ ਲਾਇਬ੍ਰੇਰੀ' ਅਨੁਸਾਰ, ਯੂਨਾਈਟਿਡ ਕਿੰਗਡਮ 'ਚ ਸਿਰਫ਼ ਪ੍ਰਧਾਨ ਮੰਤਰੀ ਹੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਦੇ ਸਕਦੇ ਹਨ। ਹਰ ਨਵੇਂ ਪ੍ਰਧਾਨ ਮੰਤਰੀ ਨੂੰ ਹੱਥ ਨਾਲ ਲਿਖੇ ਚਾਰ 'ਲੈਟਰਜ਼ ਆਫ਼ ਲਾਸਟ ਰਿਜ਼ੋਰਟ' (Letters of Last Resort) ਤਿਆਰ ਕਰਨੇ ਪੈਂਦੇ ਹਨ। ਹਰ ਪਰਮਾਣੂ ਸਮਰੱਥਾ ਵਾਲੀ ਪਣਡੁੱਬੀ ਦੇ ਕਮਾਂਡਰ ਲਈ ਇਕ-ਇਕ ਪੱਤਰ ਹੁੰਦਾ ਹੈ। ਇਨ੍ਹਾਂ 'ਚ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਜੇਕਰ ਕਿਸੇ ਪਰਮਾਣੂ ਹਮਲੇ 'ਚ ਸਰਕਾਰ ਖ਼ਤਮ ਹੋ ਜਾਵੇ, ਤਾਂ ਅੱਗੇ ਕੀ ਕਰਨਾ ਹੈ।
ਪਾਕਿਸਤਾਨ ਅਤੇ ਉੱਤਰੀ ਕੋਰੀਆ ਕੋਲ ਵੀ ਪਰਮਾਣੂ ਹਥਿਆਰ ਹਨ। ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਕੋਲ ਵੀ ਇਹ ਹਥਿਆਰ ਮੌਜੂਦ ਹਨ। ਪਰ ਇਸ ਬਾਰੇ ਕੋਈ ਪੁਖ਼ਤਾ ਜਨਤਕ ਜਾਣਕਾਰੀ ਨਹੀਂ ਹੈ ਕਿ ਕੀ ਇਨ੍ਹਾਂ ਦੇਸ਼ਾਂ ਦੇ ਆਗੂ ਵੀ ਆਪਣੇ ਨਾਲ ਅਜਿਹੇ ਬ੍ਰੀਫਕੇਸ ਲੈ ਕੇ ਚੱਲਦੇ ਹਨ ਜਾਂ ਨਹੀਂ।