- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਲ ਸਰਕਲਜ਼ ਦੇ ਦੇਸ਼ਵਿਆਪੀ ਸਰਵੇ ਵਿਚ ਇਹ ਖਤਰਨਾਕ ਤਸਵੀਰ ਸਾਹਮਣੇ ਆਈ ਹੈ। ਸਰਵੇ ਅਨੁਸਾਰ, ਦੋ ਤਿਹਾਈ ਭਾਰਤੀਆਂ ਨੂੰ ਉਨ੍ਹਾਂ ਫਲ ਅਤੇ ਸਬਜ਼ੀ ਵਿਕਰੇਤਿਆਂ ’ਤੇ ਭਰੋਸਾ ਨਹੀਂ ਹੈ ਜੋ ਰਸਾਇਣਾਂ ਦੇ ਜ਼ਰੀਏ ਪੱਕੇ ਫਲ ਜਾਂ ਰੰਗੇ ਹੋਏ ਉਤਪਾਦ ਨਹੀਂ ਵੇਚ ਰਹੇ ਹਨ।

ਜੇਐੱਨਐੱਨ, ਨਵੀਂ ਦਿੱਲੀ : ਜ਼ਿਆਦਾਤਰ ਲੋਕ ਫਲ ਅਤੇ ਸਬਜ਼ੀਆਂ ਖਰੀਦਦਿਆਂ ਕੀਮਤਾਂ ’ਤੇ ਤਾਂ ਤੋਲਮੋਲ ਕਰਦੇ ਹਨ, ਪਰ ਇਹ ਗੱਲ ਕਦੇ ਵੀ ਨਹੀਂ ਸੋਚਦੇ ਕਿ ਇਹ ਸਿਹਤ ਲਈ ਸੁਰੱਖਿਅਤ ਹਨ ਜਾਂ ਨਹੀਂ, ਜਾਂ ਕੀ ਇਨ੍ਹਾਂ ਵਿਚ ਖਤਰਨਾਕ ਰਸਾਇਣ ਮੌਜੂਦ ਹਨ। ਇਸੇ ਕਾਰਨ, ਚਾਰ ਵਿੱਚੋਂ ਤਿੰਨ ਭਾਰਤੀਆਂ ਨੂੰ ਇਹ ਪਤਾ ਨਹੀਂ ਹੈ ਕਿ ਜੋ ਫਲ ਅਤੇ ਸਬਜ਼ੀਆਂ ਉਹ ਖਾ ਰਹੇ ਹਨ, ਉਹ ਕਿੰਨੀਆਂ ਸ਼ੁੱਧ ਹਨ। ਲੋਕਲ ਸਰਕਲਜ਼ ਦੇ ਦੇਸ਼ਵਿਆਪੀ ਸਰਵੇ ਵਿਚ ਇਹ ਖਤਰਨਾਕ ਤਸਵੀਰ ਸਾਹਮਣੇ ਆਈ ਹੈ। ਸਰਵੇ ਅਨੁਸਾਰ, ਦੋ ਤਿਹਾਈ ਭਾਰਤੀਆਂ ਨੂੰ ਉਨ੍ਹਾਂ ਫਲ ਅਤੇ ਸਬਜ਼ੀ ਵਿਕਰੇਤਿਆਂ ’ਤੇ ਭਰੋਸਾ ਨਹੀਂ ਹੈ ਜੋ ਰਸਾਇਣਾਂ ਦੇ ਜ਼ਰੀਏ ਪੱਕੇ ਫਲ ਜਾਂ ਰੰਗੇ ਹੋਏ ਉਤਪਾਦ ਨਹੀਂ ਵੇਚ ਰਹੇ ਹਨ। ਫਿਰ ਵੀ, ਜ਼ਿਆਦਾਤਰ ਪਰਿਵਾਰ ਫਲ ਅਤੇ ਸਬਜ਼ੀਆਂ ਦੀ ਖਰੀਦਾਰੀ ਸਥਾਨਕ ਬਾਜ਼ਾਰ ਜਾਂ ਸਟੋਰ ਤੋਂ ਕਰਦੇ ਹਨ। ਸਰਵੇ ਅਨੁਸਾਰ, ਜੇਕਰ ਉਨ੍ਹਾਂ ਨੂੰ ਕੁਦਰਤੀ ਤੌਰ ’ਤੇ ਪੱਕੇ ਫਲ ਅਤੇ ਬਿਨਾਂ ਰੰਗ ਦੇ ਉਤਪਾਦ ਮਿਲਣ, ਤਾਂ 72 ਫੀਸਦ ਲੋਕ ਇਸ ਲਈ ਵੱਧ ਕੀਮਤ ਦੇਣ ਲਈ ਤਿਆਰ ਹਨ। ਸਰਵੇ ਦੌਰਾਨ 80 ਫੀਸਦ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸੰਗਠਿਤ ਖੇਤਰ ਦੇ ਰਿਟੇਲ ਸਟੋਰ ਅਤੇ ਆਨਲਾਈਨ ਪਲੇਟਫਾਰਮ ਲਈ ਇਹ ਲਾਜ਼ਮੀ ਬਣਾਏ ਕਿ ਉਹ ਆਪਣੇ ਇੱਥੇ ਕੁਦਰਤੀ ਤੌਰ ’ਤੇ ਪੱਕੇ ਫਲ ਅਤੇ ਬਿਨਾਂ ਮਿਲਾਵਟ ਵਾਲੇ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ।
ਵੱਡੇ ਪੈਮਾਨੇ ’ਤੇ ਜ਼ਬਤ ਕੀਤੇ ਗਏ ਹਨ ਸ਼ੱਕੀ ਫਲ
ਦੇਸ਼ ਵਿਚ ਰਸਾਇਣਾਂ ਦੇ ਜ਼ਰੀਏ ਫਲਾਂ ਨੂੰ ਪਕਾਉਣ ਕਰਨ ਅਤੇ ਉਨ੍ਹਾਂ ਨੂੰ ਰੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਗਸਤ ਵਿੱਚ, ਕਰਨਾਟਕ ਦੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੇ ਉਡੂਪੀ ਜ਼ਿਲ੍ਹੇ ਵਿਚ 10,890 ਕਿਲੋਗ੍ਰਾਮ ਕੇਲਾ ਜ਼ਬਤ ਕੀਤਾ ਸੀ। ਇਨ੍ਹਾਂ ’ਤੇ ਦੋਸ਼ ਹੈ ਕਿ ਇਸ ਕੇਲੇ ਨੂੰ ਰਸਾਇਣਾਂ ਦੀ ਵਰਤੋਂ ਕਰ ਕੇ ਪਕਾਇਆ ਗਿਆ ਸੀ ਅਤੇ ਇਸ ਨੂੰ ਰੰਗਿਆ ਵੀ ਗਿਆ ਸੀ। ਛਾਪੇ ਦੌਰਾਨ ਰਸਾਇਣ ਵੀ ਬਰਾਮਦ ਕੀਤੇ ਗਏ ਸਨ। ਇਹ ਇਕੱਲਾ ਮਾਮਲਾ ਨਹੀਂ ਹੈ। ਪਿਛਲੇ ਅੰਬ ਦੇ ਸੀਜ਼ਨ ਵਿਚ ਪੂਰੇ ਦੇਸ਼ ਵਿਚ ਵੱਡੀ ਮਾਤਰਾ ਵਿਚ ਬਨਾਉਟੀ ਤੌਰ ’ਤੇ ਪੱਕੇ ਫਲ ਬਰਾਮਦ ਕੀਤੇ ਗਏ ਸਨ। ਅਪ੍ਰੈਲ 2026 ਵਿਚ ਹੈਦਰਾਬਾਦ ਵਿਚ ਖੁਰਾਕ ਸੁਰੱਖਿਆ ਟੀਮਾਂ ਨੇ ਕਰੀਬ ਸੱਤ ਟਨ ਸ਼ੱਕੀ ਅੰਬ ਜ਼ਬਤ ਕੀਤੇ ਅਤੇ ਦੋ ਥੋਕ ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਕਰਨਾਟਕ ਵਿਚ ਵੀ ਇਸ ਤਰ੍ਹਾਂ ਦੇ ਛਾਪੇ ਮਾਰੇ ਗਏ ਸਨ।
ਐੱਫਐੱਸਐੱਸਏਆਈ ਦੀ ਅਡਵਾਈਜ਼ਰੀ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੇ ਅਪ੍ਰੈਲ 2016 ਵਿਚ ਇਕ ਅਡਵਾਈਜ਼ਰੀ ਜਾਰੀ ਕਰਕੇ ਫਲਾਂ ਨੂੰ ਰਸਾਇਣਾਂ ਦੇ ਜ਼ਰੀਏ ਬਨਾਉਟੀ ਤੌਰ ’ਤੇ ਪਕਾਉਣ ਦੇ ਮਾਮਲਿਆਂ ਦੀ ਨਿਗਰਾਨੀ ਤੇਜ਼ ਕਰਨ ਦਾ ਹੁਕਮ ਦਿੱਤਾ ਸੀ। ਅਡਵਾਈਜ਼ਰੀ ਵਿਚ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਫਲਾਂ ਦੇ ਬਾਜ਼ਾਰ, ਗੋਦਾਮਾਂ ਅਤੇ ਸਟੋਰੇਜ ਵਿਚ ਐਸੀਟਾਈਲਿਨ ਗੈਸ ਦਾ ਪਤਾ ਲਗਾਉਣ ਲਈ ਸਟ੍ਰਿਪ ਪੇਪਰ ਟੈਸਟ ਦੀ ਵਰਤੋਂ ਕਰਨ। ਜੇਕਰ ਫਲਾਂ ਦੇ ਕ੍ਰੇਟ ਦੇ ਨੇੜੇ ਕੈਲਸ਼ੀਅਮ ਕਾਰਬਾਈਡ ਦੀ ਮੌਜੂਦਗੀ ਮਿਲਦੀ ਹੈ, ਤਾਂ ਇਸਨੂੰ ਕਾਨੂੰਨੀ ਕਾਰਵਾਈ ਲਈ ਸਬੂਤ ਮੰਨਿਆ ਜਾ ਸਕਦਾ ਹੈ।
ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਹੈ ਬੈਨ
ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਆਮ ਤੌਰ ’ਤੇ ਅੰਬ, ਕੇਲਾ, ਪਪੀਤਾ ਆਦਿ ਫਲਾਂ ਨੂੰ ਤੇਜ਼ੀ ਨਾਲ ਪਕਾਉਣ ਲਈ ਇਕ ਸਸਤੇ ਰਸਾਇਣਕ ਏਜੰਟ ਵਜੋਂ ਕੀਤੀ ਜਾਂਦੀ ਹੈ। ਭਾਰਤ ਵਿਚ ਫਲਾਂ ਨੂੰ ਪਕਾਉਣ ਲਈ ਇਸਦੀ ਵਰਤੋਂ ’ਤੇ ਰੋਕ ਹੈ। ਕੈਲਸ਼ੀਅਮ ਕਾਰਬਾਈਡ ਜਦੋਂ ਹਵਾ ਵਿਚ ਮੌਜੂਦ ਨਮੀ ਜਾਂ ਫਲ ਦੇ ਕੁਦਰਤੀ ਪਾਣੀ ਦੇ ਸੰਪਰਕ ਵਿਚ ਆਉਂਦਾ ਹੈ, ਤਾਂ ਇਕ ਰਸਾਇਣਕ ਪ੍ਰਤੀਕਿਰਿਆ ਹੁੰਦੀ ਹੈ। ਇਸ ਨਾਲ ਐਸੀਟਾਈਲਿਨ ਗੈਸ ਬਣਦੀ ਹੈ। ਐਸੀਟਾਈਲਿਨ ਗੈਸ ਦੀ ਪ੍ਰਭਾਵਸ਼ੀਲਤਾ ਕੁਦਰਤੀ ਤੌਰ 'ਤੇ ਫਲ ਪੱਕਾਉਣ ਵਾਲੇ ਹਾਰਮੋਨ ਐਥੀਲੀਨ ਵਰਗੀ ਹੁੰਦੀ ਹੈ। ਜਦੋਂ ਕੱਚੇ ਫਲਾਂ ਨੂੰ ਅਖਬਾਰ ਜਾਂ ਕਾਗਜ਼ ਦੀ ਪੁੜੀਆਂ ਵਿਚ ਕੈਲਸ਼ੀਅਮ ਕਾਰਬਾਈਡ ਰੱਖ ਕੇ ਬੰਦ ਕਮਰਿਆਂ ਜਾਂ ਪੇਟੀਆਂ ਵਿਚ ਰੱਖਿਆ ਜਾਂਦਾ ਹੈ, ਤਾਂ ਨਿਕਲਣ ਵਾਲੀ ਗੈਸ ਫਲਾਂ ਦਾ ਰੰਗ ਤੇਜ਼ੀ ਨਾਲ ਬਦਲ ਦਿੰਦੀ ਹੈ ਅਤੇ ਉਹ ਬਾਹਰੋਂ ਪੱਕੇ ਹੋਏ ਦਿਖਾਈ ਦਿੰਦੇ ਹਨ। ਕੈਲਸ਼ੀਅਮ ਕਾਰਬਾਈਡ ਖ਼ੁਦ ਤਾਂ ਸਿਹਤ ਲਈ ਹਾਨੀਕਾਰਕ ਹੈ ਹੀ, ਨਾਲ ਹੀ ਇਸ ਵਿਚ ਆਰਸੇਨਿਕ ਅਤੇ ਫਾਸਫੋਰਸ ਵਰਗੇ ਬਹੁਤ ਹੀ ਜਹਰੀਲੇ ਰਸਾਇਣਾਂ ਦੇ ਅੰਸ਼ ਵੀ ਪਾਏ ਜਾਂਦੇ ਹਨ।