- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਵੱਧ ਮੀਂਹ ਵਾਲੇ ਮੇਘਾਲਿਆ ਵਿਚ ਇਸ ਵਾਰ ਆਮ ਨਾਲੋਂ 59 ਫੀਸਦੀ ਘੱਟ ਅਤੇ ਓਡੀਸ਼ਾ ਵਿਚ ਲਗਭਗ 19 ਫੀਸਦੀ ਵੱਧ ਮੀਂਹ ਪਿਆ ਹੈ। ਘੱਟ ਮੀਂਹ ਦਾ ਅਸਰ ਸਾਉਣੀ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ’ਤੇ ਵੀ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਰਲ ਵਿਚ ਤਿੰਨ ਜੂਨ ਨੂੰ ਦਸਤਕ ਦੇਣ ਵਾਲੇ ਮੌਨਸੂਨ ਦੀ ਵਿਦਾਈ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀ ਹੈ। ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਮੌਨਸੂਨ ਦੀ ਵਾਪਸੀ ਦੇ ਹਾਲਾਤ ਬਣ ਗਏ ਹਨ। ਹੁਣ ਤੱਕ ਦੇਸ਼ ਵਿਚ ਆਮ ਨਾਲੋਂ 15 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦੀ ਵੰਡ ਵੀ ਬਰਾਬਰ ਨਹੀਂ ਹੈ। ਸਭ ਤੋਂ ਵੱਧ ਮੀਂਹ ਵਾਲੇ ਮੇਘਾਲਿਆ ਵਿਚ ਇਸ ਵਾਰ ਆਮ ਨਾਲੋਂ 59 ਫੀਸਦੀ ਘੱਟ ਅਤੇ ਓਡੀਸ਼ਾ ਵਿਚ ਲਗਭਗ 19 ਫੀਸਦੀ ਵੱਧ ਮੀਂਹ ਪਿਆ ਹੈ। ਘੱਟ ਮੀਂਹ ਦਾ ਅਸਰ ਸਾਉਣੀ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ’ਤੇ ਵੀ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ ਇਕ ਜੂਨ ਤੋਂ 17 ਸਤੰਬਰ ਤੱਕ ਦੇਸ਼ ਵਿਚ 686.4 ਮਿਲੀਮੀਟਰ ਮੀਂਹ ਪਿਆ ਹੈ, ਜਦਕਿ ਇਸ ਸਮੇਂ ਦੌਰਾਨ ਆਮ ਮੀਂਹ 806.8 ਮਿਲੀਮੀਟਰ ਹੋਣਾ ਚਾਹੀਦਾ ਸੀ। ਮਤਲਬ ਦੇਸ਼ ਨੂੰ ਆਮ ਨਾਲੋਂ 120 ਮਿਲੀਮੀਟਰ ਘੱਟ ਪਾਣੀ ਮਿਲਿਆ ਹੈ। ਹੁਣ ਇਸ ਕਮੀ ਦੀ ਭਰਪਾਈ ਲਈ ਸਮਾਂ ਵੀ ਸੀਮਤ ਰਹਿ ਗਿਆ ਹੈ। ਹਾਲਾਂਕਿ ਆਮ ਨਾਲੋਂ ਘੱਟ ਮੀਂਹ ਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਵਿਚ ਸੋਕਾ ਪੈ ਗਿਆ ਹੈ। ਮੀਂਹ ਦੀ ਵੰਡ ਅਤੇ ਜਲ ਭੰਡਾਰਾਂ ਵਿਚ ਪਾਣੀ ਦੀ ਸਥਿਤੀ ਵੱਖ-ਵੱਖ ਹੈ ਪਰ ਜਿਨ੍ਹਾਂ ਇਲਾਕਿਆਂ ’ਚ ਲਗਾਤਾਰ ਘੱਟ ਮੀਂਹ ਦੇ ਨਾਲ ਮਿੱਟੀ ਵਿਚ ਨਮੀ ਅਤੇ ਪਾਣੀ ਦੇ ਭੰਡਾਰ ਦੋਵੇਂ ਘੱਟ ਹਨ, ਉੱਥੇ ਸੋਕੇ ਦਾ ਖ਼ਤਰਾ ਵੱਧ ਗਿਆ ਹੈ। ਅਜਿਹੇ ਵਿਚ ਅਸਲ ਚਿੰਤਾ ਮੀਂਹ ਦੀ ਅਸਮਾਨ ਵੰਡ ਅਤੇ ਮਾਨਸੂਨ ਦੀ ਵਿਦਾਈ ਤੋਂ ਬਾਅਦ ਪਾਣੀ ਦੀ ਉਪਲਬਧਤਾ ਨੂੰ ਲੈ ਕੇ ਹੈ। ਅਗਲੇ ਦੋ ਹਫ਼ਤੇ ਸਾਉਣੀ ਦੀ ਮੌਜੂਦਾ ਸਥਿਤੀ ਤੇ ਹਾੜ੍ਹੀ ਦੀਆਂ ਸੰਭਾਵਨਾਵਾਂ ਲਈ ਅਹਿਮ ਹੋਣਗੇ।
ਜੇ ਸਤੰਬਰ ਦੇ ਬਾਕੀ ਦਿਨਾਂ ਵਿਚ ਚੰਗਾ ਮੀਂਹ ਪਿਆ ਤਾਂ ਕਾਫੀ ਹੱਦ ਤੱਕ ਕਮੀ ਪੂਰੀ ਹੋ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਬੰਗਾਲ ਦੀ ਖਾੜੀ ਵਿਚ ਸਿਸਟਮ ਬਣਨ ਜਾ ਰਿਹਾ ਹੈ, ਜਿਸ ਕਾਰਨ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਪੂਰਬੀ ਹਿੱਸੇ ਵਿਚ ਵਾਹਵਾ ਮੀਂਹ ਪੈ ਸਕਦਾ ਹੈ। ਹਾਲਾਂਕਿ, ਹਨੇਰੀ-ਤੂਫ਼ਾਨ ਦੇ ਨਾਲ ਮੀਂਹ ਪੈਣ ਨਾਲ ਫਸਲਾਂ ਨੂੰ ਨੁਕਸਾਨ ਹੀ ਹੋਵੇਗਾ ਕਿਉਂਕਿ ਸਾਉਣੀ ਦੀਆਂ ਫਸਲਾਂ ਇਸ ਸਮੇਂ ਪੱਕਣ ਦੀ ਸਥਿਤੀ ਵਿਚ ਹਨ। ਫਿਰ ਵੀ ਝੋਨੇ, ਮੱਕੀ, ਦਾਲਾਂ ਅਤੇ ਤੇਲਬੀਜਾਂ ’ਚ ਇਸ ਸਮੇਂ ਪੈਣ ਵਾਲਾ ਹਲਕਾ ਮੀਂਹ ਦਾਣੇ ਭਰਨ ਅਤੇ ਫਸਲ ਦੇ ਅੰਤਿਮ ਵਾਧੇ ਲਈ ਮਹੱਤਵਪੂਰਨ ਹੁੰਦਾ ਹੈ।
ਜਿੱਥੇ ਮੀਂਹ ਦੀ ਕਮੀ ਰਹੀ ਹੈ, ਉੱਥੇ ਮਿੱਟੀ ਵਿਚ ਨਮੀ ਘੱਟ ਹੋਣ ਕਾਰਨ ਪੈਦਾਵਾਰ ’ਤੇ ਦਬਾਅ ਵਧੇਗਾ। ਬਿਹਾਰ, ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਉੱਤਰ-ਪੂਰਬੀ ਸੂਬਿਆਂ ’ਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਹਾਲਾਂਕਿ ਕੌਮੀ ਪੱਧਰ ’ਤੇ 15 ਫੀਸਦੀ ਦੀ ਕਮੀ ਪੂਰੇ ਖੇਤਰ ਵਿਚ ਇੱਕੋ ਜਿਹੀ ਨਹੀਂ ਹੈ। ਕਿਤੇ ਜ਼ਿਆਦਾ ਤਾਂ ਕਿਤੇ ਘੱਟ। ਹੁਣ ਵੱਡੀ ਚਿੰਤਾ ਹਾੜ੍ਹੀ ਦੀਆਂ ਫਸਲਾਂ ਨੂੰ ਲੈ ਕੇ ਵੀ ਹੈ। ਸਾਉਣੀ ਤੋਂ ਬਾਅਦ ਕਣਕ, ਛੋਲੇ, ਮਸਰ ਅਤੇ ਸਰ੍ਹੋਂ ਦੀ ਬਿਜਾਈ ਲਈ ਮਿੱਟੀ ਵਿਚ ਲੋੜੀਂਦੀ ਨਮੀ ਅਤੇ ਸਿੰਚਾਈ ਲਈ ਪਾਣੀ ਦੀ ਜ਼ਰੂਰਤ ਹੋਵੇਗੀ। ਜਿਨ੍ਹਾਂ ਸੂਬਿਆਂ ਵਿਚ ਮੀਂਹ ਦੀ ਕਮੀ ਰਹੀ ਹੈ, ਉੱਥੇ ਜੇ ਸਤੰਬਰ ਦੇ ਅੰਤ ਤੱਕ ਲੋੜੀਂਦਾ ਮੀਂਹ ਨਹੀਂ ਪੈਂਦਾ ਤਾਂ ਖੇਤਾਂ ਵਿਚ ਨਮੀ ਕਮਜ਼ੋਰ ਰਹਿ ਸਕਦੀ ਹੈ।
ਇਕ ਜੂਨ ਤੋਂ 17 ਸਤੰਬਰ ਤੱਕ ਮੀਂਹ ਦਾ ਹਾਲ
ਆਮ ਨਾਲੋਂ ਘੱਟ ਮੀਂਹ (ਫੀਸਦੀ ’ਚ)
ਮੇਘਾਲਿਆ - 59
ਅਰੁਣਾਚਲ ਪ੍ਰਦੇਸ਼ - 41
ਪੰਜਾਬ - 39
ਬਿਹਾਰ - 36
ਰਾਜਸਥਾਨ - 25
ਹਰਿਆਣਾ - 22
ਹਿਮਾਚਲ ਪ੍ਰਦੇਸ਼ - 09
ਝਾਰਖੰਡ - 08
ਮੱਧ ਪ੍ਰਦੇਸ਼ - 07
ਛੱਤੀਸਗੜ੍ਹ - 05
ਉੱਤਰ ਪ੍ਰਦੇਸ਼ - 04
ਆਮ ਨਾਲੋਂ ਵੱਧ ਮੀਂਹ
ਓਡੀਸ਼ਾ - 19
ਦਿੱਲੀ - 08
ਉੱਤਰਾਖੰਡ - 04
(ਸਰੋਤ - ਆਈਐੱਮਡੀ)