ਆਈਐੱਮਡੀ ਮੁਤਾਬਕ ਇਸ ਵਾਰ ਮੌਨਸੂਨੀ ਬਾਰਿਸ਼ ਲੰਬਚਿਰੀ ਔਸਤ 87 ਸੈਂਟੀਮੀਟਰ ਤੋਂ ਸਿਰਫ਼ 90 ਫ਼ੀਸਦ ਦੇ ਬਰਾਬਰ ਰਹਿ ਸਕਦੀ ਹੈ। ਪਹਿਲੀ ਪੇਸ਼ੀਨਗੋਈ ’ਚ ਇਹ ਅੰਕੜਾ 92 ਫ਼ੀਸਦ ਦੱਸਿਆ ਗਿਆ। ਜੇਕਰ ਬਾਰਿਸ਼ 90 ਫ਼ੀਸਦ ਤੋਂ ਹੇਠਾਂ ਆਉਂਦੀ ਹੈ ਤਾਂ ਉਸ ਨੂੰ ਕਮਜ਼ੋਰ ਮੌਨਸੂਨ ਮੰਨਿਆ ਜਾਂਦਾ ਹੈ।

ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (ਆਈਐੱਮਡੀ)ਨੇ ਇਸ ਸਾਲ ਮੌਨਸੂਨ ਬਾਰੇ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਵਿਭਾਗ ਦਾ ਕਹਿਣਾ ਕਿ ਅਲ ਨੀਨੋ ਦੇ ਅਸਰ ਕਾਰਨ ਇਸ ਸਾਲ ਮੌਨਸੂਨ ਪਿਛਲੇ 11 ਸਾਲਾਂ ’ਚ ਸਭ ਤੋਂ ਕਮਜ਼ੋਰ ਰਹਿ ਸਕਦਾ ਹੈ। ਵਿਭਾਗ ਨੇ ਆਪਣੇ ਦੂਜੀ ਪੇਸ਼ੀਨਗੋਈ ’ਚ ਜੂਨ ਤੋਂ ਸਤੰਬਰ ਦੌਰਾਨ ਦੇਸ਼ ’ਚ ਆਮ ਤੋਂ ਘੱਟ ਬਾਰਿਸ਼ ਹੋਣ ਦਾ ਅਨੁਮਾਨ ਪ੍ਰਗਟਾਇਆ ਹੈ। ਆਈਐੱਮਡੀ ਮੁਤਾਬਕ ਇਸ ਵਾਰ ਮੌਨਸੂਨੀ ਬਾਰਿਸ਼ ਲੰਬਚਿਰੀ ਔਸਤ 87 ਸੈਂਟੀਮੀਟਰ ਤੋਂ ਸਿਰਫ਼ 90 ਫ਼ੀਸਦ ਦੇ ਬਰਾਬਰ ਰਹਿ ਸਕਦੀ ਹੈ। ਪਹਿਲੀ ਪੇਸ਼ੀਨਗੋਈ ’ਚ ਇਹ ਅੰਕੜਾ 92 ਫ਼ੀਸਦ ਦੱਸਿਆ ਗਿਆ। ਜੇਕਰ ਬਾਰਿਸ਼ 90 ਫ਼ੀਸਦ ਤੋਂ ਹੇਠਾਂ ਆਉਂਦੀ ਹੈ ਤਾਂ ਉਸ ਨੂੰ ਕਮਜ਼ੋਰ ਮੌਨਸੂਨ ਮੰਨਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਅਲਨੀਨੋ ਦੀ ਸਥਿਤੀ ਉਦੋਂ ਬਣਦੀ ਹੈ, ਜਦੋਂ ਮੱਧ ਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ। ਇਸ ਦਾ ਅਸਰ ਦੱਖਣੀ ਏਸ਼ੀਆ ’ਚ ਗਮਰ ਤੇ ਖ਼ੁਸ਼ਕ ਮੌਸਮ ਦੇ ਰੂਪ ’ਚ ਦਿਖਾਈ ਦਿੰਦਾ ਹੈ। ਰਾਇਟਰ ਮੁਤਾਬਕ ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਤੇ ਮੌਸਮ ਵਿਗਿਆਨੀ ਐੱਮ. ਰਵੀਚੰਦਰਨ ਨੇ ਕਿਹਾ ਕਿ ਪ੍ਰਸ਼ਾਂਤ ਮਹਾਸਾਗਰ ਦੇ ਹਾਲਾਤ ਹੌਲੀ-ਹੌਲੀ ਅਲਨੀਨੋ ਵੱਲ ਵਧ ਰਹੇ ਹਨ। ਜੂਨ ’ਚ ਅਸਰ ਸ਼ੁਰੂ ਹੋ ਸਕਦਾ ਹੈ ਤੇ ਸਤੰਬਰ ਤੱਕ ਮਜ਼ਬੂਤ ਅਲਨੀਨੋ ਬਣਨ ਦਾ ਖ਼ਦਸ਼ਾ ਹੈ। ਇਸ ਦਾ ਸਿੱਧਾ ਅਸਰ ਮੌਨਸੂਨੀ ਬਾਰਿਸ਼ ’ਤੇ ਪੈਂਦਾ ਹੈ। ਇਸ ਕਾਰਨ ਕੁਝ ਇਲਾਕਿਆਂ ’ਚ ਸੋਕੇ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।
ਅਲ ਨੀਨੋ ਤੋਂ ਪ੍ਰਭਾਵਿਤ ਸਾਲਾਂ ਦੌਰਾਨ ਭਾਰਤ ’ਚ ਔਸਤਨ ਬਹੁਤ ਘੱਟ ਬਾਰਿਸ਼ ਦੇਖੀ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ 2015 ’ਚ ਦੇਖਿਆ ਗਿਆ ਸੀ। ਉਸ ਸਾਲ ਔਸਤਨ ਮੌਨਸੂਨੀ ਬਾਰਿਸ਼ ਸਭ ਤੋਂ ਘੱਟ 87 ਫ਼ੀਸਦ ਰਿਕਾਰਡ ਕੀਤੀ ਗਈ ਸੀ। ਮੌਸਮ ਵਿਭਾਗ ਮੁਤਾਬਕ 1971 ਤੋਂ 2020 ਦੇ ਅੰਕੜਿਆਂ ਦੇ ਆਧਾਰ ’ਤੇ ਮੌਨਸੂਨ ਦੀ ਔਸਤ ਬਾਰਿਸ਼ 87 ਸੈਂਟੀਮੀਟਰ ਹੈ। ਇਸ ਵਾਰ 10 ਫ਼ੀਸਦ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੀਟੀਆਈ ਮੁਤਾਬਕ ਆਈਐੱਮਡੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਵੀ ਕਮਜ਼ੋਰ ਨਜ਼ਰ ਆ ਰਹੀ ਹੈ। ਮੌਨਸੂਨ ਫਿਲਹਾਲ ਕੇਰਲਮ ਤੱਟ ਤੋਂ 30-35 ਕਿਲੋਮੀਟਰ ਦੂਰ ਰੁਕਿਆ ਹੋਇਆ ਹੈ। ਸ੍ਰੀਲੰਕਾ ਦੇ ਉੱਪਰ ਬਣੇ ਘੱਟ ਦਬਾਅ ਤੇ ਤੇਜ਼ ਹਵਾਵਾਂ ਕਾਰਨ ਇਸ ਦੀ ਰਫ਼ਤਾਰ ਪਿਛਲੇ ਪੰਜ ਦਿਨਾਂ ਤੋਂ ਮੱਠੀ ਚੱਲ ਰਹੀ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਤਿਊਂਜੈ ਮਹਾਪਾਤਰਾ ਨੇ ਦੱਸਿਆ ਕਿ ਅਗਲੇ ਸੱਤ ਦਿਨਾਂ ’ਚ ਮੌਨਸੂਨ ਅੱਗੇ ਵਧੇਗਾ ਤੇ ਦੱਖਣੀ ਭਾਰਤ ਤੇ ਪੂਰਬ ਉੱਤਰ ਦੇ ਕੁਝ ਹਿੱਸਿਆਂ ਨੂੰ ਕਵਰ ਕਰੇਗਾ। ਆਮ ਤੌਰ ’ਤੇ ਮੌਨਸੂਨ ਇਕ ਜੂਨ ਤੱਕ ਕੇਰਲਮ ਪੁੱਜ ਜਾਂਦਾ ਹੈ। ਇਸ ਵਾਰ 26 ਮਈ ਤੱਕ ਪੁੱਜਣ ਦਾ ਅਨੁਮਾਨ ਸੀ।
ਘਟ ਸਕਦਾ ਹੈ ਖੇਤੀ ਉਤਪਾਦਨ, ਵਧੇਗੀ ਮਹਿੰਗਾਈ
ਸਭ ਤੋਂ ਵੱਧ ਚਿੰਤਾ ਮੌਨਸੂਨ ਦੇ ਕੋਰ ਖੇਤੀ ਖੇਤਰਾਂ ਬਾਰੇ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਧੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ ਤੇ ਤੇਲੰਗਾਨਾ ਵਰਗੇ ਸੂਬਿਆਂ ’ਚ ਆਮ ਨਾਲੋਂ ਘੱਟ ਬਾਰਿਸ਼ ਦਾ ਅਨੁਮਾਨ ਹੈ। ਇਹੀ ਖੇਤਰ ਸਾਊਣੀ ਦੀਆਂ ਫ਼ਸਲਾਂ ਲਈ ਮੌਨਸੂਨ ’ਤੇ ਸਭ ਤੋਂ ਵੱਧ ਨਿਰਭਰ ਹਨ।
ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਜੁਲਾਈ ਤੇ ਅਗਸਤ ’ਚ ਵੀ ਬਾਰਿਸ਼ ਕਮਜ਼ੋਰ ਰਹੀ ਤਾਂ ਇਸ ਦਾ ਅਸਰ ਖੇਤੀ ਉਤਪਾਦਨ, ਜਲਗਾਹਾਂ ’ਚ ਪਾਣੀ ਦੇ ਪੱਧਰ ਤੇ ਖ਼ੁਰਾਕੀ ਕੀਮਤਾਂ ’ਤੇ ਪੈ ਸਕਦਾ ਹੈ। ਦਾਲ, ਚੌਲ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਆਉਣ ਨਾਲ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ। ਪਹਿਲਾਂ ਤੋਂ ਵਧਦੀਆਂ ਆਲਮੀ ਬੇਯਕੀਨੀਆਂ ਤੇ ਈੰਧਨ ਕੀਮਤਾਂ ਦੇ ਦਬਾਅ ਦੌਰਾਨ ਕਮਜ਼ੋਰ ਮੌਨਸੂਨ ਆਮ ਲੋਕਾਂ ਦੀ ਚਿੰਤਾ ਵਧਾ ਸਕਦਾ ਹੈ।