- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਨੇ ਦੱਸਿਆ ਕਿ ਇਨ੍ਹਾਂ 25 ਮੋਬਾਈਲ ਨੰਬਰਾਂ ਦੀ ਜਾਂਚ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ (ਡੀਆਈਪੀ) ਰਾਹੀਂ ਕੀਤੀ ਗਈ, ਜਿਸ ਨੂੰ ਡੀਓਟੀ ਵੱਲੋਂ ਸ਼ੱਕੀ ਦੂਰਸੰਚਾਰ ਸਰਗਰਮੀਆਂ ਦਾ ਪਤਾ ਲਾਉਣ ਲਈ ਵਿਕਸਤ ਕੀਤਾ ਗਿਆ ਹੈ। ਸੰਭਾਵਤ ਧੋਖਾਧੜੀ ਵਜੋਂ ਪਛਾਣੇ ਗਏ ਮੋਬਾਈਲ ਕਨੈਕਸ਼ਨਾਂ ਨੂੰ ਮੁੜ ਤਸਦੀਕ ਲਈ ਰੱਖਿਆ ਗਿਆ। ਪਰ ਇਹ ਨੰਬਰ ਤਸਦੀਕ ਪ੍ਰਕਿਰਿਆ ’ਚ ਅਸਫਲ ਰਹੇ। ਇਸ ਦੇ ਚਲਦਿਆਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ।

ਨਵੀਂ ਦਿੱਲੀ (ਏਜੰਸੀ) : ਜੇ ਮੋਬਾਈਲ ਸਿਮ ਕਾਰਡ ਦੀ ਦੁਰਵਰਤੋਂ ਕੀਤੀ ਤਾਂ ਖ਼ੈਰ ਨਹੀਂ। ਇਸ ਲਈ ਨਾ ਸਿਰਫ਼ ਤਿੰਨ ਸਾਲ ਦੀ ਸਖ਼ਤ ਸਜ਼ਾ ਭੁਗਤਣੀ ਪੈ ਸਕਦੀ ਹੈ, ਸਗੋਂ 50 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਹਾਲ ਹੀ ’ਚ ਛੱਤੀਸਗੜ੍ਹ ’ਚ ਫ਼ਰਜ਼ੀ ਸਿਮ ਕਾਰਡ ਮਿਲਣ ਤੋਂ ਬਾਅਦ ਦੂਰਸੰਚਾਰ ਵਿਭਾਗ (ਡੀਓਟੀ) ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਉੱਥੇ ਲੋਕਾਂ ਦੀਆਂ ਆਈਡੀ ਨਾਲ ਜੁੜੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ, ਭਾਵ ਧੋਖਾਧੜੀ ਨਾਲ ਮੋਬਾਈਲ ਕਨੈਕਸ਼ਨ ਜਾਰੀ ਕੀਤੇ ਗਏ ਸਨ।
ਦੂਰਸੰਚਾਰ ਵਿਭਾਗ ਮੁਤਾਬਕ, ਸੂਬੇ ’ਚ ਇਕ ਪੁਆਇੰਟ ਆਫ਼ ਸੇਲ (ਪੀਓਐੱਸ) ਏਜੰਟ ਨੇ ਨਾਗਰਿਕਾਂ ਦੇ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ 25 ਸਿਮ ਕਾਰਡ ਐਕਟਿਵ ਕਰ ਦਿੱਤੇ। ਵਿਭਾਗ ਨੇ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਨਾਲ ਮਿਲ ਕੇ ਪੀਓਐੱਸ ਏਜੰਟ ਨੂੰ ਬਲੈਕਲਿਸਟ ਕਰ ਦਿੱਤਾ। ਉਸ ਆਊਟਲੈਟ ਨੂੰ ਭਵਿੱਖ ’ਚ ਮੋਬਾਈਲ ਕਨੈਕਸ਼ਨ ਜਾਰੀ ਕਰਨ ਤੋਂ ਹਮੇਸ਼ਾ ਲਈ ਰੋਕ ਦਿੱਤਾ ਗਿਆ।
ਵਿਭਾਗ ਨੇ ਦੱਸਿਆ ਕਿ ਇਨ੍ਹਾਂ 25 ਮੋਬਾਈਲ ਨੰਬਰਾਂ ਦੀ ਜਾਂਚ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ (ਡੀਆਈਪੀ) ਰਾਹੀਂ ਕੀਤੀ ਗਈ, ਜਿਸ ਨੂੰ ਡੀਓਟੀ ਵੱਲੋਂ ਸ਼ੱਕੀ ਦੂਰਸੰਚਾਰ ਸਰਗਰਮੀਆਂ ਦਾ ਪਤਾ ਲਾਉਣ ਲਈ ਵਿਕਸਤ ਕੀਤਾ ਗਿਆ ਹੈ। ਸੰਭਾਵਤ ਧੋਖਾਧੜੀ ਵਜੋਂ ਪਛਾਣੇ ਗਏ ਮੋਬਾਈਲ ਕਨੈਕਸ਼ਨਾਂ ਨੂੰ ਮੁੜ ਤਸਦੀਕ ਲਈ ਰੱਖਿਆ ਗਿਆ। ਪਰ ਇਹ ਨੰਬਰ ਤਸਦੀਕ ਪ੍ਰਕਿਰਿਆ ’ਚ ਅਸਫਲ ਰਹੇ। ਇਸ ਦੇ ਚਲਦਿਆਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ।
ਡੀਓਟੀ ਨੇ ਜਨਤਕ ਸਲਾਹ ਜਾਰੀ ਕਰਦਿਆਂ ਦੁਹਰਾਇਆ ਕਿ ਧੋਖਾਧੜੀ ਨਾਲ ਸਿਮ ਕਾਰਡ ਜਾਰੀ ਕਰਨਾ, ਟੈਲੀਕਾਮ ਆਈਡੈਂਟੀਫਾਇਰ ਦੀ ਦੁਰਵਰਤੋਂ ਤੇ ਇੰਟਰਨੈਸ਼ਨਲ ਮੋਬਾਈਲ ਇਕੁਇਪਮੈਂਟ ਆਈਡੈਂਟੀਟੀ (ਆਈਐੱਮਈਆਈ) ਨੰਬਰਾਂ ਨਾਲ ਛੇੜਛਾੜ ਕਰਨਾ ਦੂਰਸੰਚਾਰ ਐਕਟ, 2023 ਤਹਿਤ ਗੰਭੀਰ ਅਪਰਾਧ ਹਨ। ਵਿਭਾਗ ਨੇ ਕਿਹਾ ਕਿ ਅਜਿਹੀਆਂ ਉਲੰਘਣਾਵਾਂ ਲਈ ਤਿੰਨ ਸਾਲ ਤੱਕ ਦੀ ਜੇਲ੍ਹ ਅਤੇ 50 ਲੱਖ ਰੁਪਏ ਤੱਕ ਦਾ ਵਿੱਤੀ ਜੁਰਮਾਨਾ ਹੋ ਸਕਦਾ ਹੈ।
ਵਧਦੇ ਸਾਈਬਰ ਅਪਰਾਧਾਂ ਤੇ ਡਿਜੀਟਲ ਧੋਖਾਧੜੀ ਵਿਚਾਲੇ ਆਈ ਐਡਵਾਈਜ਼ਰੀ
ਦੂਰਸੰਚਾਰ ਵਿਭਾਗ ਦੀ ਇਹ ਐਡਵਾਈਜ਼ਰੀ ਸਾਈਬਰ ਅਪਰਾਧ, ਡਿਜੀਟਲ ਧੋਖਾਧੜੀ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਟੈਲੀਕਾਮ ਸਰੋਤਾਂ ਦੀ ਗ਼ਲਤ ਵਰਤੋਂ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਵਿਚਾਲੇ ਜਾਰੀ ਕੀਤੀ ਗਈ ਹੈ। ਦੇਸ਼ ਭਰ ’ਚ ਮੋਬਾਈਲ ਕਨੈਕਟੀਵਿਟੀ ਤੇ ਡਿਜੀਟਲ ਸੇਵਾਵਾਂ ਦੇ ਤੇਜ਼ੀ ਨਾਲ ਪਸਾਰ ਦੇ ਨਾਲ ਅਧਿਕਾਰੀਆਂ ਨੇ ਨਾਗਰਿਕਾਂ ਦੀ ਸੁਰੱਖਿਆ ਤੇ ਸੰਚਾਰ ਨੈੱਟਵਰਕ ਦੀ ਅਖੰਡਤਾ ਕਾਇਮ ਰੱਖਣ ਲਈ ਦੂਰਸੰਚਾਰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ।