ਬੰਗਾਲ 'ਚ ਅੱਧੀ ਰਾਤ ਦਾ ਸਿਆਸੀ ਡਰਾਮਾ: ਅਭਿਸ਼ੇਕ ਬੈਨਰਜੀ ਦੇ ਘਰ ਪੁਲਿਸ ਦਾ ਵੱਡਾ ਛਾਪਾ, ਤੜਕੇ ਹੀ ਗੱਡੀ ਲੈ ਕੇ ਪਹੁੰਚੀ ਮਮਤਾ ਬੈਨਰਜੀ
ਬੰਗਾਲ ਦੀ ਸਿਆਸਤ ਸ਼ਨੀਵਾਰ ਤੜਕੇ ਉਸ ਵੇਲੇ ਅਚਾਨਕ ਗਰਮਾ ਗਈ, ਜਦੋਂ ਸ਼ਾਲਬਨੀ ਥਾਣਾ ਅਤੇ ਕੋਲਕਾਤਾ ਪੁਲਿਸ ਦੀ ਇੱਕ ਵੱਡੀ ਟੀਮ ਨੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਕਾਲੀਘਾਟ ਸਥਿਤ ਘਰ 'ਤੇ ਛਾਪਾ ਮਾਰ ਦਿੱਤਾ। ਦੇਰ ਰਾਤ ਕਰੀਬ ਢਾਈ ਵਜੇ ਸ਼ੁਰੂ ਹੋਏ ਇਸ ਹਾਈ-ਵੋਲਟੇਜ ਡਰਾਮੇ 'ਚ ਪੁਲਿਸ ਅਧਿਕਾਰੀਆਂ ਨੇ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਾ ਮਿਲਣ 'ਤੇ ਆਖ਼ਰਕਾਰ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਇਸ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰੇ 'ਚ ਲਿਆ ਹੋਇਆ ਸੀ।
Publish Date: Sat, 13 Jun 2026 09:52 AM (IST)
Updated Date: Sat, 13 Jun 2026 09:53 AM (IST)

ਰਾਜ ਬਿਊਰੋ, ਕੋਲਕਾਤਾ : ਬੰਗਾਲ ਦੀ ਸਿਆਸਤ ਸ਼ਨੀਵਾਰ ਤੜਕੇ ਉਸ ਵੇਲੇ ਅਚਾਨਕ ਗਰਮਾ ਗਈ, ਜਦੋਂ ਸ਼ਾਲਬਨੀ ਥਾਣਾ ਅਤੇ ਕੋਲਕਾਤਾ ਪੁਲਿਸ ਦੀ ਇੱਕ ਵੱਡੀ ਟੀਮ ਨੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਕਾਲੀਘਾਟ ਸਥਿਤ ਘਰ 'ਤੇ ਛਾਪਾ ਮਾਰ ਦਿੱਤਾ। ਦੇਰ ਰਾਤ ਕਰੀਬ ਢਾਈ ਵਜੇ ਸ਼ੁਰੂ ਹੋਏ ਇਸ ਹਾਈ-ਵੋਲਟੇਜ ਡਰਾਮੇ 'ਚ ਪੁਲਿਸ ਅਧਿਕਾਰੀਆਂ ਨੇ ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਾ ਮਿਲਣ 'ਤੇ ਆਖ਼ਰਕਾਰ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ। ਇਸ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰੇ 'ਚ ਲਿਆ ਹੋਇਆ ਸੀ।
ਟੀਐਮਸੀ ਆਗੂ ਦੀ ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ
ਇਹ ਸਨਸਨੀਖੇਜ਼ ਕਾਰਵਾਈ ਸ਼ਾਲਬਨੀ ਦੇ ਇੱਕ ਸਥਾਨਕ ਤ੍ਰਿਣਮੂਲ ਆਗੂ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ, ਜਿਸ 'ਚ ਅਭਿਸ਼ੇਕ ਬੈਨਰਜੀ ਦੇ ਨਿੱਜੀ ਸਹਾਇਕ ਸੁਮਿਤ ਰਾਏ 'ਤੇ ਚੋਣ ਟਿਕਟ ਦਿਵਾਉਣ ਦੇ ਨਾਂ 'ਤੇ ਵਿੱਤੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮੋਬਾਈਲ ਟਾਵਰ ਦੀ ਲੋਕੇਸ਼ਨ ਟ੍ਰੈਕ ਕਰਦੇ ਹੋਏ ਪੁਲਿਸ ਤੜਕੇ ਤਿੰਨ ਵਜੇ ਅਭਿਸ਼ੇਕ ਦੇ ਘਰ ਪਹੁੰਚੀ ਅਤੇ ਕਰੀਬ ਪੰਜ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ।
ਖ਼ਬਰ ਮਿਲਦੇ ਹੀ ਤੁਰੰਤ ਘਰ ਪਹੁੰਚੀ ਮਮਤਾ ਬੈਨਰਜੀ
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸਵੇਰੇ-ਸਵੇਰੇ ਗੱਡੀ ਰਾਹੀਂ ਸਿੱਧੀ ਅਭਿਸ਼ੇਕ ਦੇ ਘਰ ਪਹੁੰਚੀ, ਜਿਸ ਨਾਲ ਸਿਆਸੀ ਹਲਚਲ ਹੋਰ ਤੇਜ਼ ਹੋ ਗਈ। ਇਸ ਤਲਾਸ਼ੀ ਨੂੰ ਲੈ ਕੇ ਅਭਿਸ਼ੇਕ ਬੈਨਰਜੀ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਨੇ ਤਾਲਾ ਤੋੜ ਕੇ ਪੂਰੇ ਘਰ ਦੀ ਤਲਾਸ਼ੀ ਲਈ ਹੈ। ਸਾਡੇ ਕੋਲ ਇਸ ਦੀ ਪੂਰੀ ਰਿਕਾਰਡਿੰਗ ਮੌਜੂਦ ਹੈ ਅਤੇ ਅਸੀਂ ਜਾਂਚ 'ਚ ਪੂਰਾ ਸਹਿਯੋਗ ਕੀਤਾ ਹੈ।
ਚੌਤਰਫ਼ਾ ਘਿਰੇ ਅਭਿਸ਼ੇਕ ਬੈਨਰਜੀ
ਗੌਰਤਲਬ ਹੈ ਕਿ ਅਭਿਸ਼ੇਕ ਬੈਨਰਜੀ ਇਸ ਵੇਲੇ ਚੌਤਰਫ਼ਾ ਕਾਨੂੰਨੀ ਮਾਮਲਿਆਂ 'ਚ ਘਿਰੇ ਹੋਏ ਹਨ। ਫ਼ਰਜ਼ੀ ਦਸਤਖਤ ਦੇ ਮਾਮਲੇ 'ਚ ਵੀਰਵਾਰ ਨੂੰ ਹੀ ਸੀਆਈਡੀ ਨੇ ਉਨ੍ਹਾਂ ਕੋਲੋਂ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਸੀ, ਜਿਸ 'ਚ ਉਨ੍ਹਾਂ ਨੂੰ ਐਤਵਾਰ ਨੂੰ ਮੁੜ ਪੇਸ਼ ਹੋਣਾ ਹੈ। ਇਸ ਤੋਂ ਇਲਾਵਾ, ਸੋਮਵਾਰ (15 ਜੂਨ) ਨੂੰ ਪ੍ਰਾਇਮਰੀ ਭਰਤੀ ਘੁਟਾਲੇ 'ਚ ਈਡੀ (ED) ਨੇ ਉਨ੍ਹਾਂ ਨੂੰ ਸੰਮਨ ਭੇਜਿਆ ਹੈ ਅਤੇ ਮੰਗਲਵਾਰ (16 ਜੂਨ) ਨੂੰ ਧਮਕੀ ਦੇਣ ਦੇ ਮਾਮਲੇ 'ਚ ਸੀਆਈਡੀ ਸਾਹਮਣੇ ਪੇਸ਼ ਹੋਣਾ ਹੈ। ਇਨ੍ਹਾਂ ਸਭ ਦੇ ਵਿਚਕਾਰ ਸ਼ਨੀਵਾਰ ਤੜਕੇ ਹੋਈ ਇਸ ਅਚਨਚੇਤ ਛਾਪੇਮਾਰੀ ਨੇ ਸੂਬੇ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ।