ਪ੍ਰੇਮੀ ਨਾਲ ਭੱਜੀ ਵਿਆਹੁਤਾ ਔਰਤ ਨਾਲ ‘ਸ਼ੁੱਧੀਕਰਨ’ ਦੇ ਨਾਂ 'ਤੇ ਸਮੂਹਕ ਜਬਰ ਜਨਾਹ, ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ; ਪਤੀ ਸਮੇਤ 9 ਮੁਲਜ਼ਮ ਗ੍ਰਿਫ਼ਤਾਰ
Crime News : ਡੀਐੱਸਪੀ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਭਾਈਚਾਰੇ ਦੇ ਆਗੂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ।
Publish Date: Wed, 07 Oct 2026 01:12 PM (IST)
Updated Date: Wed, 07 Oct 2026 01:18 PM (IST)
ਡਿਜੀਟਲ ਡੈਸਕ, ਰਾਜਕੋਟ : ਸੁਰੇਂਦਰਨਗਰ 'ਚ ਵਹਿਸ਼ਤ ਦਾ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਸ਼ੁੱਧੀਕਰਨ ਦੇ ਨਾਂ 'ਤੇ ਆਪਣੇ ਪ੍ਰੇਮੀ ਨਾਲ ਭੱਜੀ ਇਕ ਵਿਆਹੁਤਾ ਔਰਤ ਨਾਲ ਸਮੂਹਕ ਜਬਰ-ਜਨਾਹ ਦੀ ਘਟਨਾ ਨੇ ਸਨਸਨੀ ਮਚਾ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਦੋ ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ ਹੈ ਕਿ 4 ਅਕਤੂਬਰ ਨੂੰ ਔਰਤ ਅਤੇ ਉਸ ਦੇ ਸਾਥੀ ਨੂੰ ਉਸ ਦੇ ਪਤੀ ਅਤੇ ਰਿਸ਼ਤੇਦਾਰਾਂ ਨੇ ਇਸ ਭਿਆਨਕ ਸਥਿਤੀ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ। ਮੁਲਜ਼ਮਾਂ ਨੇ ਇਨ੍ਹਾਂ ਹਰਕਤਾਂ ਨੂੰ ਮੋਬਾਈਲ ਫੋਨ 'ਤੇ ਰਿਕਾਰਡ ਵੀ ਕੀਤਾ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਫੈਲਾ ਦਿੱਤੇ। ਵਾਇਰਲ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਔਰਤ ਦਾ ਪਤਾ ਲਗਾਇਆ ਅਤੇ ਉਸ ਦੇ ਪਤੀ ਤੇ ਰਿਸ਼ਤੇਦਾਰਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕੀ ਹੈ ਮਾਮਲਾ?
ਸ਼ਿਕਾਇਤ ਮੁਤਾਬਕ, ਔਰਤ ਦਾ ਵਿਆਹ ਵਾਪੀ ਦੇ ਇਕ ਵਿਅਕਤੀ ਨਾਲ ਹੋਇਆ ਸੀ। ਉਹ ਆਪਣੇ ਪਤੀ ਨੂੰ ਛੱਡ ਕੇ ਚੋਟੀਲਾ ਚਲੀ ਗਈ ਸੀ, ਜਿੱਥੇ ਉਹ ਲਗਭਗ ਤਿੰਨ ਮਹੀਨੇ ਤਕ ਆਪਣੇ ਸਾਥੀ ਨਾਲ ਰਹੀ। ਬਾਅਦ 'ਚ ਉਸ ਦੇ ਪਰਿਵਾਰ ਨੇ ਉਸ ਨੂੰ ਲੱਭ ਲਿਆ ਅਤੇ ਵਾਪਸ ਵਾਪੀ ਲੈ ਆਏ। ਕਥਿਤ ਤੌਰ 'ਤੇ ਉਸ ਨੂੰ ਇੱਕ ਘਰ 'ਚ ਕੈਦ ਕਰ ਦਿੱਤਾ ਗਿਆ। ਉਹ ਉਥੋਂ ਭੱਜ ਨਿਕਲੀ ਅਤੇ ਪੰਜ ਦਿਨ ਪਹਿਲਾਂ ਚੋਟੀਲਾ ਵਾਪਸ ਆ ਗਈ।
‘ਸ਼ੁੱਧੀਕਰਨ’ ਦੇ ਨਾਂ 'ਤੇ ਘਿਨਾਉਣੀ ਹਰਕਤ
ਜਦੋਂ ਉਸ ਦੇ ਪਤੀ ਨੂੰ ਪਤਾ ਲੱਗਾ ਕਿ ਉਹ ਆਪਣੇ ਸਾਥੀ ਨਾਲ ਵਾਪਸ ਆ ਗਈ ਹੈ ਤਾਂ ਉਸ ਨੇ ਕਥਿਤ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਰਿਸ਼ਤੇਦਾਰਾਂ ਨੇ ਇਸ ਜੋੜੇ ਨੂੰ ਲੱਭਿਆ, ਉਨ੍ਹਾਂ ਨੂੰ ਸੁਰੇਂਦਰਨਗਰ ਦੇ ਇਕ ਘਰ 'ਚ ਲੈ ਗਏ ਤੇ ਕਥਿਤ ਸ਼ੁੱਧੀਕਰਨ ਦੀ ਰਸਮ ਦੇ ਨਾਂ 'ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਪੁਲਿਸ ਨੂੰ ਕਿਵੇਂ ਮਿਲੀ ਮਾਮਲੇ ਦੀ ਜਾਣਕਾਰੀ?
ਸੁਰੇਂਦਰਨਗਰ ਦੇ ਡੀਐੱਸਪੀ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਭਾਈਚਾਰੇ ਦੇ ਆਗੂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਡੇਲੂ ਨੇ ਕਿਹਾ, 'ਮੈਨੂੰ ਭਾਈਚਾਰੇ ਦੇ ਇੱਕ ਆਗੂ ਦਾ ਫੋਨ ਆਇਆ, ਜਿਸ 'ਚ ਇੱਕ ਔਰਤ ਨਾਲ ਹੋਈ ਬਰਬਰਤਾ ਬਾਰੇ ਦੱਸਿਆ ਗਿਆ। ਸਾਨੂੰ ਕਈ ਵੀਡੀਓ ਵੀ ਮਿਲੇ। ਔਰਤ ਦਾ ਪਤਾ ਲਗਾਉਣ ਲਈ ਪੁਲਿਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ।'
ਪੁਲਿਸ ਟੀਮਾਂ ਨੇ ਇਲਾਕੇ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਔਰਤ ਨੂੰ ਇੱਕ ਘਰ 'ਚ ਲੱਭ ਲਿਆ।
ਡੇਲੂ ਨੇ ਦੱਸਿਆ, "ਪੁਲਿਸ ਨੂੰ ਦੇਖਦੇ ਹੀ ਉਹ ਰੋਣ ਲੱਗ ਪਈ। ਅਸੀਂ ਵੀਡੀਓ 'ਚ ਦਿਖ ਰਹੀ ਔਰਤ ਨਾਲ ਉਸ ਦਾ ਚਿਹਰਾ ਮਿਲਾਇਆ ਅਤੇ ਉਸ ਨੂੰ ਪੁਲਿਸ ਸਟੇਸ਼ਨ ਲੈ ਆਏ। ਕਾਊਂਸਲਿੰਗ ਤੋਂ ਬਾਅਦ ਉਸ ਨੇ ਆਪਣੀ ਹੱਡਬੀਤੀ ਸੁਣਾਈ।"
ਔਰਤ ਨਾਲ ਜਿਨਸੀ ਸਬੰਧ ਬਣਾਉਣ ਲਈ ਕੀਤਾ ਗਿਆ ਮਜਬੂਰ
ਸ਼ਿਕਾਇਤ ਮੁਤਾਬਕ, ਮੁਲਜ਼ਮ ਜੋੜੇ ਨੂੰ ਸੁਰੇਂਦਰਨਗਰ ਲੈ ਗਏ ਅਤੇ ਕਿਹਾ ਕਿ ਉਹ ਸ਼ੁੱਧੀਕਰਨ ਦੀ ਰਸਮ ਕਰਨ ਜਾ ਰਹੇ ਹਨ। ਕਥਿਤ ਤੌਰ 'ਤੇ ਉਨ੍ਹਾਂ ਨੇ ਡੰਡਿਆਂ ਨਾਲ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵਿਅਕਤੀ ਨੂੰ ਰੱਸੀ ਨਾਲ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ, ਜਦਕਿ ਔਰਤ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਗਿਆ।
ਦੋਸ਼ ਹੈ ਕਿ ਬਾਅਦ 'ਚ ਮੁਲਜ਼ਮਾਂ ਨੇ ਔਰਤ ਨਾਲ ਜਿਨਸੀ ਹਿੰਸਾ ਕੀਤੀ ਅਤੇ ਦੋਵਾਂ ਨੂੰ ਹੋਰ ਵੀ ਬੇਇੱਜ਼ਤ ਕੀਤਾ। ਪੁਲਿਸ ਮੁਤਾਬਕ, ਵਿਅਕਤੀ ਨੂੰ ਔਰਤ ਦਾ ਪਿਸ਼ਾਬ ਪੀਣ ਲਈ ਵੀ ਮਜਬੂਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਪੂਰੀ ਘਟਨਾ ਨੂੰ ਮੋਬਾਈਲ ਫੋਨ 'ਤੇ ਰਿਕਾਰਡ ਕੀਤਾ ਗਿਆ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਵੀਡੀਓ ਕਿਸ ਨੇ ਰਿਕਾਰਡ ਕੀਤੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਿਸ ਨੇ ਫੈਲਾਇਆ।