High Court ਨੇ ਆਪਣੇ ਆਦੇਸ਼ ਵਿਚ ਜ਼ੋਰ ਦੇ ਕੇ ਕਿਹਾ ਕਿ ਖ਼ੁਦਕੁਸ਼ੀ ਲਈ ਉਕਸਾਉਣ ਦੇ ਅਪਰਾਧ ਨੂੰ ਸਾਬਤ ਕਰਨ ਲਈ ਮੁਲਜ਼ਮ ਵੱਲੋਂ ਸਿੱਧਾ ਉਕਸਾਉਣਾ ਜਾਂ ਸਾਜ਼ਿਸ਼ ਦਾ ਹੋਣਾ ਜ਼ਰੂਰੀ ਹੈ। ਕੋਰਟ ਨੇ ਟਿੱਪਣੀ ਕੀਤੀ, ‘ਬਿਨਾਂ ਕਿਸੇ ਪੱਕੇ ਇਰਾਦੇ ਦੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਮੁੰਬਈ (ਪੀਟੀਆਈ) : ਬਾਂਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਇਕ ਅਹਿਮ ਫ਼ੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਸਿਰਫ਼ ਵਿਆਹੁਤਾ ਕਲੇਸ਼ ਜਾਂ ਆਪਸੀ ਵਿਵਾਦ ਦੇ ਆਧਾਰ ’ਤੇ ਇਕ ਸਾਥੀ ਨੂੰ ਦੂਜੇ ਦੀ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਜਸਟਿਸ ਉਰਮਿਲਾ ਜੋਸ਼ੀ ਫਾਲਕੇ ਦੇ ਸਿੰਗਲ ਬੈਂਚ ਨੇ 49 ਸਾਲਾ ਅਧਿਆਪਕਾ ਖ਼ਿਲਾਫ਼ ਦਰਜ ਕੇਸ ਰੱਦ ਕਰਦਿਆਂ ਕਿਹਾ ਕਿ ਘਰੇਲੂ ਜੀਵਨ ਵਿਚ ਮਤਭੇਦ ਹੋਣਾ ਆਮ ਗੱਲ ਹੈ।
ਕੋਰਟ ਨੇ ਆਪਣੇ ਆਦੇਸ਼ ਵਿਚ ਜ਼ੋਰ ਦੇ ਕੇ ਕਿਹਾ ਕਿ ਖ਼ੁਦਕੁਸ਼ੀ ਲਈ ਉਕਸਾਉਣ ਦੇ ਅਪਰਾਧ ਨੂੰ ਸਾਬਤ ਕਰਨ ਲਈ ਮੁਲਜ਼ਮ ਵੱਲੋਂ ਸਿੱਧਾ ਉਕਸਾਉਣਾ ਜਾਂ ਸਾਜ਼ਿਸ਼ ਦਾ ਹੋਣਾ ਜ਼ਰੂਰੀ ਹੈ। ਕੋਰਟ ਨੇ ਟਿੱਪਣੀ ਕੀਤੀ, ‘ਬਿਨਾਂ ਕਿਸੇ ਪੱਕੇ ਇਰਾਦੇ ਦੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਗੁੱਸੇ ਵਿਚ ਕਹੇ ਗਏ ਸ਼ਬਦ ਉਕਸਾਉਣ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ।’ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਚਲਾਉਣ ਲਈ ਇਸਤਗਾਸਾ ਧਿਰ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਮੁਲਜ਼ਮ ਨੇ ਜਾਣਬੁੱਝ ਕੇ ਅਜਿਹੀਆਂ ਸਥਿਤੀਆਂ ਪੈਦਾ ਕੀਤੀਆਂ ਜਾਂ ਪੀੜਤ ਨੂੰ ਉਕਸਾਇਆ ਜਿਸ ਨਾਲ ਉਸ ਕੋਲ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ।
ਇਹ ਮਾਮਲਾ 2019 ਦਾ ਹੈ, ਜਦੋਂ ਅਮਰਾਵਤੀ ਵਿਚ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਨੂੰਹ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਸੀ ਕਿ ਪਤਨੀ ਉਸ ਨਾਲ ਮਾਰਕੁੱਟ ਕਰਦੀ ਸੀ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੰਦੀ ਸੀ। ਦੂਜੇ ਪਾਸੇ, ਔਰਤ ਦਾ ਦਲੀਲ ਸੀ ਕਿ ਉਸ ਨੂੰ ਵੀ ਸਹੁਰਾ ਪਰਿਵਾਰ ਵੱਲੋਂ ਤਸੀਹਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕੋਰਟ ਨੇ ਦੇਖਿਆ ਕਿ ਪਤੀ-ਪਤਨੀ ਦੋਵੇਂ ਇਕ-ਦੂਜੇ ’ਤੇ ਦੁਰਵਿਹਾਰ ਦੇ ਦੋਸ਼ ਲਗਾ ਰਹੇ ਸਨ। ਕੋਰਟ ਨੇ ਕਿਹਾ, ਵੱਧ ਤੋਂ ਵੱਧ ਇਹ ਕਿਹਾ ਜਾ ਸਕਦਾ ਹੈ ਕਿ ਔਰਤ ਮਰਦ ਦੀ ਨਿਰਾਸ਼ਾ ਦਾ ਕਾਰਨ ਰਹੀ ਹੋਵੇਗੀ, ਪਰ ਘਰੇਲੂ ਝਗੜਿਆਂ ਨੂੰ ਉਦੋਂ ਤੱਕ ਖ਼ੁਦਕੁਸ਼ੀ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਕੋਈ ਅਪਰਾਧਕ ਮਨਸ਼ਾ ਸਾਬਤ ਨਾ ਹੋ ਜਾਵੇ। ਕੋਰਟ ਨੇ ਇਹ ਵੀ ਨੋਟ ਕੀਤਾ ਕਿ ਵਿਅਕਤੀ ਦੇ ਖ਼ੁਦਕੁਸ਼ੀ ਨੋਟ ਵਿਚ ਸਾਫ਼ ਲਿਖਿਆ ਸੀ ਕਿ ਉਸ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਇਸ ਸੰਦਰਭ ਵਿਚ ਦੋਸ਼ੀ ਪਤਨੀ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਚਲਾਉਣਾ ਨਿਆਂਸੰਗਤ ਨਹੀਂ ਹੈ। ਇਸ ਆਧਾਰ ’ਤੇ ਕੋਰਟ ਨੇ ਔਰਤ ਖ਼ਿਲਾਫ਼ ਪੈਂਡਿੰਗ ਅਪਰਾਧਕ ਕਾਰਵਾਈ ਖ਼ਾਰਜ ਕਰ ਦਿੱਤੀ।